ਫ਼ਰੀਦਕੋਟ, 19 ਜੂਨ (ਸਰਬਜੀਤ ਸਿੰਘ)-ਇੱਥੋਂ ਦੀ ਮਾਡਰਨ ਕੇਂਦਰੀ ਜੇਲ੍ਹ ਦੀਆਂ ਬੈਰਕਾਂ ਦੀ ਜੇਲ੍ਹ ਅਧਿਕਾਰੀਆਂ ਵਲੋਂ ਜੇਲ੍ਹ ਗਾਰਦ ਦੀ ਮਦਦ ਨਾਲ ਕੀਤੀ ਗਈ ਅਚਾਨਕ ਚੈਕਿੰਗ ਦੌਰਾਨ ਇਕ ਕੈਦੀ ਪਾਸੋਂ ਨਸ਼ੀਲਾ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਕਮਲਜੀਤ ਸਿੰਘ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ, ਫ਼ਰੀਦਕੋਟ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਜੇਲ੍ਹ ਦੇ ਬਲਾਕ 9 ਦੀ ਬੈਰਕ ਨੰਬਰ 3 ਦੀ ਕੀਤੀ ਗਈ ਅਚਾਨਕ ਤਲਾਸ਼ੀ ਦੌਰਾਨ ਕੈਦੀ ਸ਼ਮਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਪਾਸੋਂ ਕਥਿਤ ਤੌਰ 'ਤੇ 8.50 ਮਿਲੀ ਗ੍ਰਾਮ ਚਿੱਟੇ ਵਰਗਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ | ਸਹਾਇਕ ਥਾਣੇਦਾਰ ਤੇਜ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਕਥਿਤ ਦੋਸ਼ੀ ਖ਼ਿਲਾਫ਼ ਜੇਲ੍ਹ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਜਾਰੀ ਹੈ |