ਲੁਧਿਆਣਾ, 21 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਪਸ਼ੂ ਪਾਲਣ ਕਿੱਤਿਆਂ ਵਿਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਗਾਂਹਵਧੂ ਕਿਸਾਨਾਂ ਲਈ ਇਸ ਵਰੇ੍ਹ ਦੇ ਮੁੱਖ ਮੰਤਰੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ਪੁਰਸਕਾਰ 26 ਸਤੰਬਰ ਨੂੰ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਵਿਚ ਭੇਟ ਕੀਤੇ ਜਾਣਗੇ | ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਗਾਂਵਾਂ ਪਾਲਣ ਦੀ ਸ਼੍ਰੇਣੀ ਵਿਚ ਸਿਕੰਦਰ ਸਿੰਘ ਸਵੈਚ, ਪਿੰਡ ਖੇੜੀ ਜੱਟਾਂ, ਜ਼ਿਲ੍ਹਾ ਪਟਿਆਲਾ ਨੂੰ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਕੋਲ 218 ਗਾਂਵਾਂ ਹਨ ਤੇ ਉਨ੍ਹਾਂ ਦੇ ਫਾਰਮ 'ਤੇ ਰੋਜ਼ਾਨਾ 25 ਕੁਇੰਟਲ ਦੁੱਧ ਦਾ ਉਤਪਾਦਨ ਹੁੰਦਾ ਹੈ | ਮੁਰਗ਼ੀ ਪਾਲਣ ਸ਼੍ਰੇਣੀ ਵਿਚ ਐਮ.ਬੀ.ਏ. ਵਿੱਦਿਆ ਪ੍ਰਾਪਤ ਰਾਕੇਸ਼ ਮਿਨਹਾਸ, ਜ਼ਿਲ੍ਹਾ ਪਠਾਨਕੋਟ ਨੂੰ ਇਨਾਮ ਦਿੱਤਾ ਜਾਵੇਗਾ | ਉਨ੍ਹਾਂ ਨੇ 2014 ਵਿਚ ਬਰਾਇਲਰ ਫਾਰਮਿੰਗ ਸ਼ੁਰੂ ਕੀਤੀ ਅਤੇ ਹੁਣ ਉਹ ਸਾਲ ਵਿਚ ਇਕ ਕਰੋੜ ਤੋਂ ਵੱਧ ਬਰਾਲਇਰ ਵੇਚਦੇ ਹਨ | ਉਨ੍ਹਾਂ ਦੀ ਰੋਜ਼ਾਨਾ 40 ਹਜ਼ਾਰ ਪੰਛੀਆਂ ਦੀ ਸਪਲਾਈ ਹੈ | ਗੁਣਵੱਤਾ ਭਰਪੂਰ ਉਤਪਾਦ ਬਣਾਉਣ ਦੀ ਸ਼੍ਰੇਣੀ ਵਿਚ ਅੰਮਿ੍ਤਪਾਲ ਸਿੰਘ ਪਿੰਡ ਦੌਲਾ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਨੂੰ ਸਨਮਾਨਿਤ ਕੀਤਾ ਜਾਏਗਾ | ਉਨ੍ਹਾਂ ਨੇ 2024 ਵਿਚ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਣਾ ਕੇ ਕਿੱਤਾ ਸ਼ੁਰੂ ਕੀਤਾ ਅਤੇ ਸਵੈ ਮੰਡੀਕਾਰੀ ਕਰਕੇ ਆਪਣੇ ਬਰਾਂਡ 'ਤੇ ਉਤਪਾਦ ਵੇਚ ਰਹੇ ਹਨ | ਗੁਣਵੱਤਾ ਭਰਪੂਰ ਉਤਪਾਦ ਬਣਾਉਣ ਦੀ ਸ਼੍ਰੇਣੀ ਵਿਚ ਦੂਜਾ ਇਨਾਮ ਰਮਨਜੀਤ ਸਿੰਘ, ਸ੍ਰੀ ਅੰਮਿ੍ਤਸਰ ਸਾਹਿਬ ਵਾਸੀ ਨੂੰ ਮੀਟ ਪ੍ਰਾਸੈਸਿੰਗ ਦੀ ਸ਼੍ਰੇਣੀ ਵਿਚ ਪ੍ਰਦਾਨ ਕੀਤਾ ਜਾਵੇਗਾ | ਉਹ ਰੋਜ਼ਾਨਾ 30 ਕੁਇੰਟਲ ਦੇ ਕਰੀਬ ਉਤਪਾਦ ਪ੍ਰਾਸੈਸਿੰਗ ਕਰਕੇ ਆਪਣੇ ਬਰਾਂਡ ਦੇ ਨਾਂਅ 'ਤੇ ਖਾਣ ਵਾਲੇ ਤਿਆਰ ਉਤਪਾਦਾਂ ਵਜੋਂ ਵੇਚ ਰਹੇ ਹਨ |
ਵੈਟਰਨਰੀ ਯੂਨੀਵਰਸਿਟੀ ਵਲੋਂ ਅਗਾਂਹਵਧੂ ਕਿਸਾਨਾਂ ਲਈ ਮੁੱਖ ਮੰਤਰੀ ਪੁਰਸਕਾਰਾਂ ਦਾ ਐਲਾਨ <br/>
ਅਜੀਤ ਡੈਸਕ
22-09-2025