ਅਮਰਗੜ੍ਹ, 21 ਸਤੰਬਰ (ਜਤਿੰਦਰ ਮੰਨਵੀ) - ਇਲਾਕੇ 'ਚ ਲੁੱਟ ਖੋਹ ਦੀਆਂ ਘਟਨਾਵਾਂ 'ਚ ਹੋਏ ਬੇਤਹਾਸ਼ਾ ਵਾਧੇ ਕਾਰਨ ਆਮ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਤੇ ਬੇਖ਼ੌਫ ਘੁੰਮ ਰਹੇ ਲੁਟੇਰੇ ਬਿਨ੍ਹਾਂ ਕਿਸੇ ਕਾਨੂੰਨ ਦੇ ਡਰੋਂ ਦਿਨ-ਦਿਹਾੜੇ ਲੁੱਟ-ਖੋਹ ਤੇ ਚੋਰੀ-ਚਕਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਰਤਾ ਵੀ ਗੁਰੇਜ਼ ਨਹੀਂ ਕਰ ਰਹੇ | ਤਾਜ਼ਾ ਮਾਮਲਾ ਪਿੰਡ ਰਾਮਪੁਰ ਛੰਨਾ ਦਾ ਹੈ, ਜਿੱਥੇ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਪੁਲਿਸ ਥਾਣਾ ਅਮਰਗੜ੍ਹ 'ਚ ਸ਼ਿਕਾਇਤ ਦਰਜ ਕਰਵਾਈ ਹੈ | ਉਸ ਦਾ ਦੱਸਣਾ ਹੈ ਕਿ ਘਰ ਦੀ ਅਲਮਾਰੀ ਵਿਚ ਉਸ ਨੇ ਰਜਿਸਟਰੀ ਕਰਵਾਉਣ ਲਈ 5 ਲੱਖ 57 ਹਜ਼ਾਰ 700 ਰੁਪਏ ਰੱਖੇ ਹੋਏ ਸਨ | ਪਰ ਜਦੋਂ ਉਹ 16 ਸਤੰਬਰ ਨੂੰ ਪੈਸੇ ਅਲਮਾਰੀ ਚੋਂ ਪੈਸੇ ਕੱਢਣ ਗਿਆ ਤਾਂ ਪੂਰੀ ਰਕਮ ਗ਼ਾਇਬ ਸੀ | ਨਾਲ ਹੀ ਅਲਮਾਰੀ ਵਿਚ ਪਏ ਹੋਰ 900 ਰੁਪਏ ਵੀ ਚੋਰੀ ਹੋ ਚੁੱਕੇ ਸਨ | ਸ਼ਿਕਾਇਤਕਰਤਾ ਦੇ ਮੁਤਾਬਿਕ ਘਰ 'ਚ ਉਸ ਸਮੇਂ ਮਜ਼ਦੂਰ ਰੰਗ-ਰੋਗਣ ਦਾ ਕੰਮ ਕਰ ਰਹੇ ਸਨ, ਜਦੋਂ ਕਿ ਉਹ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰੀ ਵਿਚ ਭੋਗ ਸਮਾਰੋਹ ਲਈ ਗਿਆ ਹੋਇਆ ਸੀ ਤੇ ਘਰ ਵਿਚ ਸਿਰਫ਼ ਉਸ ਦੀ ਬਜ਼ੁਰਗ ਭਰਜਾਈ ਮੌਜੂਦ ਸੀ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਗਿਆਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |