ਧੂਰੀ, 17 ਅਕਤੂਬਰ (ਸੰਜੇ ਲਹਿਰੀ) - ਦੇਸ਼ ਭਰ ਵਿਚ ਮਨਾਏ ਜਾਣ ਵਾਲੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਮੌਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਕੁਝ ਜ਼ਰੂਰਤਮੰਦ ਲੋਕਾਂ ਵਲੋਂ ਸੜਕਾਂ ਦੇ ਕਿਨਾਰੇ ਬੈਠ ਕੇ ਦੀਵੇ, ਮੋਮਬੱਤੀਆਂ, ਪਟਾਕੇ ਅਤੇ ਦੀਵਾਲੀ ਪੂਜਨ ਲਈ ਵਰਤੀਆਂ ਜਾਣ ਵਾਲੀਆਂ ਮਿੱਟੀ ਦੀਆਂ ਘਰੂੰਡੀਆਂ ਆਦਿ ਨੂੰ ਵੇਚਣ ਦੇ ਛੋਟੇ-ਛੋਟੇ ਧੰਦੇ ਆਪਣੀਆਂ ਨਿੱਜੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਕੀਤੇ ਜਾਂਦੇ ਹਨ ਅਤੇ ਕਈ ਵਾਰ ਲੋੜਵੰਦ ਘਰਾਂ ਦੇ ਛੋਟੇ-ਛੋਟੇ ਬੱਚੇ ਵੀ ਇਹ ਸਮਾਨ ਵੇਚਦੇ ਦਿਖਾਈ ਦਿੰਦੇ ਹਨ | ਸਾਨੂੰ ਚਾਹੀਦਾ ਹੈ ਕਿ ਅਜਿਹੇ ਜ਼ਰੂਰਤਮੰਦ ਲੋਕਾਂ ਪਾਸੋਂ ਵੀ ਖ਼ਰੀਦਦਾਰੀ ਜ਼ਰੂਰ ਕਰਕੇ ਇਹਨਾਂ ਦੀਆਂ ਖ਼ੁਸ਼ੀਆਂ ਵਿੱਚ ਵਾਧਾ ਕੀਤਾ ਜਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਆਲ ਇੰਡੀਆ ਐਫ ਸੀ ਆਈ ਐਗਜੀਕਿਊਟਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਸ਼੍ਰੀ ਸਤਿੰਦਰ ਸਿੰਘ ਚੱਠਾ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਸ਼ੁਭਮ ਸ਼ਰਮਾ ਸੂਭੀ, ਪਰਮਜੀਤ ਸਿੰਘ ਪੰਮਾ ਬਾਠ, ਜਗਦੇਵ ਜਿੰਦਲ ਜੱਗਾ ਭਾਜਪਾ ਆਗੂ ਆਦਿ ਨੇ ਕਿਹਾ ਹੈ ਕਿ ਅਸੀਂ ਸਾਰੇ ਖ਼ੁਸ਼ੀਆਂ ਦਾ ਇਹ ਤਿਉਹਾਰ ਧੂਮ ਧਾਮ ਨਾਲ ਮਨਾਉਂਦੇ ਹਾਂ ਪਰੰਤੂ ਸਿਆਣਿਆਂ ਦਾ ਕਥਨ ਹੈ ਕਿ ਜੇਕਰ ਲੋੜਵੰਦਾਂ ਦੀਆਂ ਖ਼ੁਸ਼ੀਆਂ ਵਿੱਚ ਸ਼ਰੀਕ ਹੋ ਲਿਆ ਜਾਵੇ ਤਾਂ ਤੁਹਾਡੇ ਹਿੱਸੇ ਦੀਆਂ ਖ਼ੁਸ਼ੀਆਂ ਵਿਚ ਵੀ ਹੋਰ ਵਾਧਾ ਹੁੰਦਾ ਜਿਸ ਦੇ ਚੱਲਦਿਆਂ ਸਾਨੂੰ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਦੇ ਨਾਲ-ਨਾਲ ਮਨੁੱਖਤਾਵਾਦੀ ਸੋਚ ਅਪਣਾ ਕੇ ਕੁਝ ਨਾ ਕੁਝ ਸਮਾਨ ਇਨਾਂ ਲੋੜਵੰਦਾਂ ਪਾਸੋਂ ਵੀ ਜ਼ਰੂਰ ਖ਼ਰੀਦ ਲੈਣਾ ਚਾਹੀਦਾ ਹੈ |