ਬਠਿੰਡਾ, 21 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਦੇਸ਼ ਭਰ ਵਿਚ ਲੱਖਾਂ ਆਵਾਰਾ ਕੁੱਤੇ ਇਸ ਸਮੇਂ ਗਲੀਆਂ, ਮੁਹੱਲਿਆਂ, ਕਾਲੋਨੀਆਂ, ਪਾਰਕਾਂ, ਪਿੰਡਾਂ, ਬਾਜ਼ਾਰਾਂ ਅਤੇ ਹਾਈਵੇਅ 'ਤੇ ਘੁੰਮ ਰਹੇ ਹਨ, ਪਰ ਦੇਸ਼ ਭਰ ਵਿਚ ਰੋਜ਼ਾਨਾ ਜੋ ਆਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਦੇ ਅੰਕੜੇ ਬਹੁਤ ਹੀ ਹੈਰਾਨੀਜਨਕ ਹਨ | ਪਿਛਲੇ ਕਰੀਬ 14 ਸਾਲਾਂ 'ਚ ਦੇਸ਼ ਭਰ ਵਿਚ ਕੁੱਤਿਆਂ ਦੇ ਕੱਟੇ ਜਾਣ ਦੇ ਮਾਮਲੇ 6 ਕਰੋੜ 88 ਲੱਖ 46 ਹਜ਼ਾਰ 253 ਸਾਹਮਣੇ ਆਏ ਹਨ | ਇਨ੍ਹਾਂ ਵਿਚੋਂ ਸਭ ਤੋਂ ਵੱਡੀ ਸਮੱਸਿਆ ਕੁੱਤਿਆਂ ਦੇ ਕੱਟਣ, ਕੁੱਤਿਆਂ ਦੇ ਹਮਲੇ ਅਤੇ ਕੁੱਤਿਆਂ ਦੇ ਕੱਟਣ ਤੋਂ ਬਾਦ ਰੇਬੀਜ਼ ਦੇ ਕਾਰਨ ਹੋਣ ਵਾਲੀਆਂ ਮੌਤਾਂ ਹਨ | ਭਾਵੇਂ ਕਿ ਕੁੱਤਿਆਂ ਦੇ ਕੱਟਣ ਦੇ ਮਾਮਲੇ ਪਹਿਲਾ ਵੀ ਕਈ ਵਾਰ ਅਲੱਗ-ਅਲੱਗ ਰਾਜਿਆਂ ਦੀਆਂ ਹਾਈ-ਕੋਰਟਾਂ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਚੁੱਕੇ ਹਨ | ਮਗਰ ਅਫ਼ਸੋਸ ਅੱਜ ਤੱਕ ਵੀ ਸਬੰਧਿਤ ਨਗਰ ਨਿਗਮਾਂ, ਨਗਰ ਪਾਲਿਕਾਵਾਂ ਆਦਿ ਇਨ੍ਹਾਂ ਆਵਾਰਾ ਕੁੱਤਿਆਂ ਦਾ ਕੋਈ ਪੁਖ਼ਤਾ ਪ੍ਰਬੰਧ ਨਹੀ ਕਰ ਸਕੀਆ ਹੈ | ਜਿਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਮਾਮਲੇ ਸੰਬੰਧੀ ਬਠਿੰਡਾ ਦੇ ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਨੇ ਦੱਸਿਆ ਕਿ ਉਨ੍ਹਾਂ ਵਲੋਂ 5 ਅਗਸਤ 2025 ਨੂੰ ਸਿਹਤ ਪਰਿਵਾਰ ਭਲਾਈ ਮੰਤਰਾਲਾ ਨਵੀਂ ਦਿੱਲੀ ਨੂੰ ਸੂਚਨਾ ਦਾ ਅਧਿਕਾਰ ਕਾਨੂੰਨ 2005 ਅਧੀਨ ਆਰਟੀਆਈ ਦੇ ਰਾਹੀ ਸਾਲ 2012 ਤੋਂ ਲੈ ਕੇ ਸਾਲ 2025 ਤੱਕ ਦੀ ਪੂਰੇ ਦੇਸ਼ ਦੇ ਵਿਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਦੀ ਗਿਣਤੀ ਸੰਬੰਧੀ ਸੂਚਨਾ ਮੰਗੀ ਗਈ ਸੀ | ਜਿਸ ਦੇ ਜਵਾਬ ਵਿਚ 16 ਸਤੰਬਰ 2025 ਨੂੰ ਰਾਸ਼ਟਰੀ ਰੋਗ ਨਿਯੰਤਰਨ ਕੇਂਦਰ ਦਿੱਲੀ ਨੇ ਸੂਚਨਾ ਭੇਜੀ ਗਈ ਹੈ | ਦੱਸਣਾ ਬਣਦਾ ਹੈ, ਕਿ ਕੁੱਝ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੇ ਕੱਟਣ ਅਤੇ ਹਮਲਿਆਂ ਦੇ ਕਾਰਨ ਹੋਣ ਵਾਲੀਆਂ ਰੇਬੀਜ਼ ਦੇ ਕਾਰਨ ਮੌਤਾਂ ਦਾ ਖ਼ੁਦ ਨੋਟਿਸ ਲਿਆ ਸੀ ਅਤੇ ਇਸ ਨੂੰ ਬਹੁਤ ਚਿੰਤਾਜਨਕ ਦੱਸਿਆ ਸੀ | ਗੋਇਲ ਨੇ ਕਿਹਾ ਕਿ ਜੇਕਰ ਸਬੰਧਿਤ ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਸਮੇਂ-ਸਮੇਂ ਸਿਰ ਨਿਯਮਾਂ ਦੇ ਅਨੁਸਾਰ ਏ.ਬੀ.ਸੀ., ਏ.ਆਰ.ਵੀ ਪ੍ਰੋਗਰਾਮ ਸਮੇਂ ਸਿਰ ਚਲਾਉਣ ਤਾਂ ਸ਼ਾਇਦ ਦੇਸ਼ ਭਰ ਵਿਚ ਵਧ ਰਹੀ ਲਾਵਾਰਿਸ ਕੁੱਤਿਆਂ ਦੀ ਗਿਣਤੀ 'ਤੇ ਲਗਾਮ ਲੱਗ ਸਕਦੀ ਹੈ ਅਤੇ ਇਸ ਨਾਲ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ਦੇ ਵਿਚ ਵੀ ਕਮੀ ਆਵੇਗੀ |