ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਮਨੁੱਖ ਆਪਣੀ ਭੌਤਿਕ ਜ਼ਰੂਰਤਾਂ ਦੀ ਪੂਰਤੀ ਲਈ ਸਮਾਜ ਦੇ ਕਈ ਲੋਕਾਂ ਨਾਲ ਲੈਣ-ਦੇਣ ਕਰਦਾ ਹੈ। ਇਸ 'ਚ ਕੁਝ ਵੀ ਗ਼ਲਤ ਨਹੀਂ ਹੈ। ਗ਼ਲਤ ਤਾਂ ਉਦੋਂ ਹੋ ਜਾਂਦਾ ਹੈ ਜਦੋਂ ਲੈਣ-ਦੇਣ ਦੀ ਆਦਤ ਠੀਕ ਨਾ ਰੱਖੀ ਜਾਵੇ।
ਹਰੇਕ ਵਿਅਕਤੀ ਨੂੰ ਲੈਣ-ਦੇਣ ਸਾਫ਼ ਰੱਖਣਾ ਚਾਹੀਦਾ ਹੈ। ਇਹ ਲੈਣ-ਦੇਣ ਦਾ ਕਾਰਜ ਘਰੇਲੂ ਤੋਂ ਲੈ ਕੇ ਰੁਪਏ-ਪੈਸੇ ਤੱਕ ਦਾ ਵੀ ਹੋ ਸਕਦਾ ਹੈ, ਪਰ ਕੁਝ ਵਿਅਕਤੀ ਪੈਸੇ ਲੈਣ ਦੇ ਮਾਮਲੇ 'ਚ ਅੱਗੇ ਰਹਿੰਦੇ ਹਨ ਅਤੇ ਜਦੋਂ ਵਾਪਸ ਕਰਨੇ ਹੁੰਦੇ ਹਨ ਤਾਂ ਹੱਥ ਪਿੱਛੇ ਨੂੰ ਖਿੱਚਦੇ ਹਨ। ਅਜਿਹੀ ਸਥਿਤੀ 'ਚ ਮਿਠਾਸ ਵਾਲੇ ਰਿਸ਼ਤਿਆਂ 'ਚ ਵੀ ਕੁੜੱਤਣ ਆਉਣਾ ਸੁਭਾਵਿਕ ਹੈ। ਅੱਜਕਲ੍ਹ ਦੇ ਭੌਤਿਕ ਭੱਜ-ਨੱਠ ਵਾਲੇ ਯੁੱਗ 'ਚ ਪੈਸਾ ਹੀ ਸਭ-ਕੁਝ ਹੈ। ਜੇਕਰ ਲੈਣ-ਦੇਣ ਦਾ ਕਾਰਜ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਤਾਂ ਮਿਠਾਸ ਭਰੇ ਸੰਬੰਧਾਂ 'ਚ ਵੀ ਤਣਾਅ ਉਪਜਣ 'ਚ ਦੇਰ ਨਹੀਂ ਲਗਦੀ।
ਸਾਨੂੰ ਆਪਣੀ ਆਮ ਜ਼ਿੰਦਗੀ 'ਚ ਕਈ ਅਜਿਹੇ ਲੋਕਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਜੋ ਜ਼ਰਾ ਭਾਈ ਸਾਹਿਬ ਕਹਿ ਕੇ ਪੈੱਨ ਵਗੈਰਾ ਸਾਈਨ ਕਰਨ ਲਈ ਮੰਗਦੇ ਹਨ ਅਤੇ ਆਪਣਾ ਕੰਮ ਨਿਬੇੜ ਕੇ ਆਪਣੀ ਜੇਬ ਨਾਲ ਲਗਾ ਕੇ ਤੁਰ ਜਾਂਦੇ ਹਨ। ਦੇਖਣ ਨੂੰ ਤਾਂ ਇਹ ਮਾਮੂਲੀ ਜਿਹੀ ਗੱਲ ਹੋ ਸਕਦੀ ਹੈ ਪਰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਪੇਚਕਸ (ਨੱਟ-ਬੋਲਟ ਕੱਸਣ ਵਾਲਾ), ਪਲਾਇਰ ਅਤੇ ਹੋਰ ਔਜ਼ਾਰ, ਮੋਟਰ ਸਾਈਕਲ, ਟਾਰਚ, ਛਤਰੀ ਵਗੈਰਾ ਸਾਨੂੰ ਇਕ ਦੂਸਰੇ ਤੋਂ ਮੰਗਣੇ ਪੈਂਦੇ ਹਨ। ਜੇਕਰ ਇਨ੍ਹਾਂ ਨੂੰ ਅਸੀਂ ਸਹੀ ਸਮੇਂ 'ਤੇ ਵਾਪਸ ਨਾ ਕਰੀਏ ਜਾਂ ਖਰਾਬ ਹੋਣ 'ਤੇ ਵਾਪਸ ਕਰੀਏ ਤਾਂ ਉਨ੍ਹਾਂ ਦਾ ਮਾਲਕ ਕਿੰਨਾ ਦੁਖੀ ਹੋਵੇਗਾ, ਇਹ ਅੰਦਾਜ਼ਾ ਆਸਾਨੀ ਨਾਲ ਲਗਾ ਸਕਦੇ ਹੋ।
ਉਂਜ ਤਾਂ ਸਾਨੂੰ ਦੂਸਰਿਆਂ ਤੋਂ ਕੁਝ ਮੰਗਣਾ ਹੀ ਨਹੀਂ ਚਾਹੀਦਾ ਫਿਰ ਵੀ ਜ਼ਰੂਰਤ ਸਮੇਂ ਕੁਝ ਲੈਣਾ ਪਵੇ ਤਾਂ ਸਮੇਂ ਸਿਰ ਸਹੀ ਸਲਾਮਤ ਵਾਪਸ ਕਰਕੇ ਧੰਨਵਾਦ ਕਰਨਾ ਚਾਹੀਦਾ ਹੈ।
ਕੁਝ ਆਦਮੀ ਮੰਗ ਕੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹੁੰਦੇ ਹਨ। ਇਹ ਵੀ ਖਰਾਬ ਆਦਤ ਹੈ। ਜੇਕਰ ਕੋਈ ਵਿਸ਼ੇਸ਼ ਨੋਟਸ ਜਾਂ ਮਹਿੰਗੀ ਕਿਤਾਬ ਵਗੈਰਾ ਮੰਗਣੀ ਹੀ ਪੈ ਜਾਵੇ ਤਾਂ ਹਿਫ਼ਾਜ਼ਤ ਦੇ ਨਾਲ ਉਸ ਨੂੰ ਵਾਪਸ ਕਰਨ 'ਚ ਦੇਰ ਨਾ ਕਰੋ। ਪੱਤਰ ਜਾਂ ਕਿਤਾਬਾਂ ਨੂੰ ਖੁਦ ਖਰੀਦ ਕੇ ਪੜ੍ਹਨ ਦੀ ਆਦਤ ਬਣਾਓ।
ਜੇਕਰ ਪੂਰਨ ਸਾਵਧਾਨੀ ਦੇ ਬਾਅਦ ਵੀ ਮੰਗੀ ਗਈ ਵਸਤੂ ਖਰਾਬ ਹੋ ਜਾਵੇ ਜਾਂ ਟੁੱਟ-ਭੱਜ ਜਾਵੇ ਤਾਂ ਇਸ ਦਾ ਪੂਰਾ ਮੁੱਲ ਜਾਂ ਮੁਰੰਮਤ ਆਦਿ ਦੇ ਪੈਸੇ ਬਿਨਾਂ ਮੰਗੇ ਦੇ ਦੇਣੇ ਚਾਹੀਦੇ ਹਨ। ਇਸ ਨਾਲ ਤੁਹਾਡੀ ਚੰਗੀ ਦਿਖ ਸਾਹਮਣੇ ਆਏਗੀ ਵਰਨਾ ਲੋਕ ਤੁਹਾਨੂੰ ਕੋਈ ਚੀਜ਼ ਦੇਣ ਤੋਂ ਝਿਜਕਣਗੇ।
ਸ਼ਾਦੀ-ਵਿਆਹ ਜਾਂ ਕਿਸੇ ਪਾਰਟੀ ਵਗੈਰਾ 'ਚ ਵਿਸ਼ੇਸ਼ ਕਰਕੇ ਸਾਨੂੰ ਕੋਈ ਸਾਮਾਨ ਮੰਗ ਕੇ ਲਿਆਉਣੇ ਪੈਂਦੇ ਹਨ। ਅਜਿਹੇ ਮੌਕਿਆਂ 'ਤੇ ਵੀ ਸਾਮਾਨ ਨੂੰ ਸਹੀ ਸਲਾਮਤ ਸਮੇਂ 'ਤੇ ਸੁਰੱਖਿਅਤ ਰੂਪ 'ਚ ਵਾਪਸ ਪਹੁੰਚਾ ਦਿਓ ਤਾਂ ਚੰਗਾ ਹੈ। ਕੁੱਲ ਮਿਲਾ ਕੇ ਲੈਣ-ਦੇਣ 'ਚ ਜ਼ਰਾ ਜਿੰਨੀ ਵੀ ਸਾਵਧਾਨੀ ਤੁਹਾਡੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਦੇਵੇਗੀ।
ਲੈਣ-ਦੇਣ ਦੀ ਪਰੰਪਰਾ ਦੀ ਸਹੀ ਵਰਤੋਂ ਕਰੋ
ਅਜੀਤ ਡੈਸਕ
06-11-2025