02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਚੰਗੀ ਆਦਤ ਹੀ ਸਫ਼ਲਤਾ ਹੈ

ਅਜੀਤ ਡੈਸਕ 07-12-2025

ਆਦਤ ਸਫ਼ਲਤਾ ?
ਇਹ ਗੱਲ ਕੱਚੀ ਜਿਹੀ ਨਜ਼ਰ ਆਉਦੀਂ ਹੋਣੀ। ਪਰ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਾਡੀ ਆਦਤ ਸਾਡੇ ਲਈ ਸਫ਼ਲਤਾ ਕਿਵੇਂ ਹੋ ਸਕਦੀ ਹੈ। ਕਿਸੇ ਵੀ ਆਦਤ ਦਾ ਅਸਰ ਇਕ ਦਿਨ ਵਿਚ ਨਹੀਂ ਹੁੰਦਾ। ਕੋਈ ਆਦਤ ਇਕ ਦਿਨ ਦੇ ਵਿਚ ਬੁਰਾ ਨਹੀਂ ਬਣਾ ਦਿੰਦੀ ਤੇ ਨਾ ਹੀ ਇਕ ਦਿਨ ਵਿਚ ਚੰਗਾ।
ਜੇ ਉਦਾਹਰਨ ਲੈਂਦੇ ਹਾਂ ਜੇਕਰ ਮੈਂ ਬਾਹਰ ਦਾ ਤੇਲ ਵਾਲਾ ਜਾਂ ਜੰਕ ਫੂਡ ਵਰਗਾ ਖਾਣਾ ਖਾਂਦੀ ਹਾਂ ਤਾਂ ਉਹ ਇਕ ਦਿਨ ਵਿਚ ਮੈਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਪਰ ਜੇਕਰ ਇਕ-ਇਕ ਦਿਨ ਕਰਕੇ ਰੋਜ਼ ਖਾਇਆ ਜਾਵੇਗਾ ਤਾਂ ਇਕ ਦਿਨ ਇੰਨਾ ਨੁਕਸਾਨ ਕਰ ਦੇਵੇਗਾ ਕਿ ਖੁਦ ਨੂੰ ਪਹਿਚਾਣ ਨਹੀਂ ਪਾਵਾਂਗੀ।
ਇਸ ਤਰ੍ਹਾਂ ਜੇਕਰ ਕੋਈ ਸਿਹਤ ਬਣਾਉਣਾ ਚਾਹੇ ਤਾਂ ਸਿਰਫ਼ ਇਹ ਸੋਚਣ ਨਾਲ ਕਿ (ਸਿਹਤ ਬਣ ਜਾਵੇ) ਨਾਲ ਸਿਹਤ ਨਹੀਂ ਬਣੇਗੀ ਬਲਕਿ ਚੰਗੀ ਆਦਤ ਜਿਵੇਂ ਕਸਰਤ, ਚੰਗਾ ਭੋਜਨ ਖਾਣ ਨਾਲ ਸਿਹਤਮੰਦ ਹੋਇਆ ਜਾ ਸਕਦਾ ਹੈ।
ਜੇਮਸ ਕਲਿਅਰ ਆਪਣੀ ਕਿਤਾਬ ਵਿਚ ਲਿਖਦੇ ਹਨ ਕਿ ਕਿਸੇ ਆਦਤ ਨੂੰ ਰੋਜ਼ 1 ਫ਼ੀਸਦੀ ਸ਼ੁਰੂ ਕਰਨ ਨਾਲ ਇਕ ਸਾਲ ਵਿਚ 37 ਫ਼ੀਸਦੀ ਬਣਾਇਆ ਜਾਂ ਵਿਗਾੜਿਆ ਜਾ ਸਕਦਾ ਹੈ। ਚੰਗੀ ਆਦਤ 1.01 ਫ਼ੀਸਦੀ ਨਾਲ ਵਧੀਆ ਹੁੰਦੀ ਹੈ ਤੇ ਬੁਰੀ ਆਦਤ 0.09 ਫ਼ੀਸਦੀ ਨਾਲ ਵਿਗੜਦੀ ਹੈ।
ਸਾਡੀ ਸਫ਼ਲਤਾ ਤੇ ਅਸਫ਼ਲਤਾ ਵਿਚ ਸਾਡਾ ਹੱਥ ਹੁੰਦਾ ਹੈ। ਇਸ ਵਿਚ ਕਿਸੇ ਗੁਆਂਢੀ ਦੀ ਨਜ਼ਰ,ਕਿਸੇ ਟੂਣੇ-ਟਾਮਣ, ਕਿਸੇ ਰਿਸ਼ਤੇਦਾਰਾਂ ਦੀ ਹਾਏ ਦਾ ਕੋਈ ਕਾਰਨ ਨਹੀਂ। ਸਾਡੀ ਸਫ਼ਲਤਾ ਸਾਡੀ 1 ਫ਼ੀਸਦੀ ਚੰਗੀ ਆਦਤ ਬਣਾਉਣ ਦਾ ਨਤੀਜਾ ਹੈ ਤੇ ਸਾਡੀ ਅਸਫ਼ਲਤਾ 1 ਫ਼ੀਸਦੀ ਬੁਰੀ ਆਦਤ ਬਣਾਉਣ ਦਾ ਨਤੀਜਾ ਹੈ।
ਸਾਡੇ ਇਕ ਰਿਸ਼ਤੇਦਾਰ ਨੂੰ ਕੁਝ ਮਾੜਾ ਖਾਣ ਦੀ ਆਦਤ ਪੈ ਗਈ। ਸਾਡੇ ਵੱਲੋਂ ਜਦੋਂ ਉਸ ਨੂੰ ਇਹ ਛੱਡਣ ਦੀ ਸਲਾਹ ਦਿੱਤੀ ਗਈ ਤਾਂ ਉਨ੍ਹਾਂ ਕਿਹਾ ਫਿਰ ਮੈਂ ਖਾਊਂਗਾ ਕੀ ? ਮੈਨੂੰ ਜਦੋਂ ਵੀ ਯਾਦ ਆਉਂਦਾ ਮੈਂ ਇਸ ਨੂੰ ਮੂੰਹ ਚ ਪਾ ਲੈਂਦਾ ਹਾਂ। ਫਿਰ ਅਸੀਂ ਉਸ ਨੂੰ 30 ਦਿਨਾਂ ਲਈ ਟੌਫੀਆਂ ਦਿੱਤੀਆਂ ਕਿ ਜਦੋਂ ਵੀ ਯਾਦ ਆਵੇ, ਤੰਬਾਕੂ ਦੀ ਜਗ੍ਹਾ ਟੌਫੀ ਮੂੰਹ ਵਿਚ ਪਾ ਲੈਣੀ ਤੇ ਇਸ ਤਰ੍ਹਾਂ ਵਰਤਾਓ ਕਰਨਾ ਕਿ ਤੁਸੀਂ ਚੰਗਾ ਹੀ ਖਾਂਦੇ ਹੋ।
ਜਦੋਂ ਉਨ੍ਹਾਂ ਵਲੋਂ ਇਸ ਤਰ੍ਹਾਂ ਕੀਤਾ ਗਿਆ ਤਾਂ ਇਕ ਮਹੀਨੇ ਵਿਚ ਹੀ ਉਸ ਦੀ ਇਹ ਆਦਤ ਘਟ ਗਈ ਤੇ ਅਗਲੇ ਕੁਝ ਮਹੀਨਿਆਂ ਵਿਚ ਉਹ ਖ਼ਤਮ ਵੀ ਹੋ ਗਈ। ਹੁਣ ਜਦੋਂ ਕੋਈ ਪੁੱਛਦਾ ਉਹ ਕਹਿੰਦਾ ਮੈਂ ਕੁਝ ਵੀ ਮਾੜਾ ਨਹੀਂ ਖਾਂਦਾ।
ਇਸ ਦਾ ਮਤਲਬ ਕਿਸੇ ਬੁਰੀ ਆਦਤ ਨੂੰ ਛੱਡਣਾ ਔਖਾ ਨਹੀਂ, ਬਸ ਉਸ ਦੀ ਜਗ੍ਹਾ ਕੋਈ ਆਦਤ ਇਸ ਤਰ੍ਹਾਂ ਦੀ ਪਾਉਣੀ ਹੈ ਜਿਸ ਦਾ ਕੋਈ ਨੁਕਸਾਨ ਨਾ ਹੋਏ ਅਤੇ ਉਹ ਚੰਗੀ ਆਦਤ ਹੋਏ। ਫਿਰ ਅਸੀਂ ਜਿਸ ਵੀ ਤਰ੍ਹਾਂ ਦੀ ਪਹਿਚਾਣ ਚਾਹੁੰਦੇ ਹਾਂ, ਪਾ ਸਕਦੇ ਹਾਂ। ਹੁਣ ਜਿਸ ਵੀ ਤਰ੍ਹਾਂ ਦੀ ਪਹਿਚਾਣ ਆਪਣੇ ਮਨ ਵਿਚ ਆਪਣੀ ਬਣਾਈ ਹੈ, ਉਸੇ ਤਰ੍ਹਾਂ ਦਾ ਵਰਤਾਓ ਅਸੀਂ ਕਰਦੇ ਹਾਂ ਤੇ ਉਸੇ ਤਰ੍ਹਾਂ ਦਾ ਰੂਪ ਸਾਡੇ ਕਿਰਦਾਰ ਦਾ ਹੋ ਜਾਂਦਾ ਹੈ। ਕੁਝ ਵੀ ਪੱਕਾ ਨਹੀਂ ਹੈ, ਕੋਈ ਰੂਪ, ਕੋਈ ਵੀ ਕਿਰਦਾਰ ਇਨਸਾਨ ਬਣਾ ਤੇ ਢਾਹ ਸਕਦਾ ਹੈ। ਬਸ ਅਸੀਂ ਆਦਤ ਨੂੰ ਕਿਸੇ ਮ੍ਰਿਗਤ੍ਰਿਸ਼ਨਾ ਦੀ ਤਰ੍ਹਾਂ ਨਾ ਦੇਖੀਏ। ਇਕ ਅਮੀਰ ਆਦਮੀ ਬਣਨਾ ਔਖਾ, ਨਸ਼ੇ ਤੋਂ ਮੁਕਤ ਹੋਣਾ ਔਖਾ ਜਾਂ ਖੁਦ ਨੂੰ ਸਫ਼ਲਤਾ ਦੇ ਰਾਹ 'ਤੇ ਪਹੁੰਚਾਉਣਾ ਔਖਾ ਹੈ। ਇਹ ਖਿਆਲ ਇਕ ਮ੍ਰਿਗਤ੍ਰਿਸ਼ਨਾ ਦੀ ਤਰ੍ਹਾਂ ਹਨ ਤੇ ਮ੍ਰਿਗਤ੍ਰਿਸ਼ਨਾ ਸੱਚ ਨਹੀਂ ਹੁੰਦੀ।
ਜੇਕਰ ਅਸੀਂ ਜਿਸ ਤਰ੍ਹਾਂ ਦਾ ਬਣਨਾ ਚਾਹੁੰਦੇ ਹਾਂ, ਉਸੇ ਤਰ੍ਹਾਂ ਦਾ ਵਰਤਾਓ ਕਰਨ ਲੱਗ ਜਾਈਏ ਤਾਂ ਫਿਰ ਸਾਡਾ ਵਰਤਾਓ ਇਕ ਆਦਤ ਦਾ ਰੂਪ ਲੈ ਲਵੇਗਾ ਤੇ ਫਿਰ ਆਦਤ ਕਿਰਦਾਰ ਦਾ ਰੂਪ ਬਣ ਜਾਵੇਗੀ। ਇਸ ਤਰ੍ਹਾਂ ਦੇਖਾਂਗੇ ਕਿ ਆਦਤ ਇਕ ਬੀਜ ਦੇ ਵਾਂਗ ਲਗਦੀ ਹੈ ਤੇ ਦਰੱਖ਼ਤ ਵਾਂਗ ਬਣਦੀ, ਫ਼ਲ ਦਿੰਦੀ ਹੈ।
ਦੁਨੀਆ ਵਿਚ ਕੁਝ ਵੀ ਸਥਿਰ ਨਹੀਂ, ਫਿਰ ਆਦਤ ਨੂੰ ਸਥਿਰ ਕਿਉਂ ਸਮਝੀਏ ?
ਬੁਰੀ ਆਦਤ ਨੂੰ ਘਟਦੇ ਕ੍ਰਮ ਵਿਚ ਲੈ ਜਾਈਏ ਤੇ ਚੰਗੀ ਆਦਤ ਨੂੰ ਵਧਦੇ ਕ੍ਰਮ ਵਿਚ, ਇਸ ਤਰ੍ਹਾਂ ਸਾਡੀ ਜੀਵਨ ਪੁੰਜੀ ਵਿਚ ਕਦੋਂ ਵਾਧਾ ਹੋ ਜਾਵੇਗਾ, ਪਤਾ ਵੀ ਨਹੀਂ ਲੱਗੇਗਾ।

-ਮੋਬਾਈਲ : 81969-45913

ਪਿਛਲੀ ਖ਼ਬਰ Kanya ਅਗਲੀ ਖ਼ਬਰ ਕਿਉਂ ਹੋ ਰਹੀ ਹੈ ਰਿਸ਼ਤਿਆਂ ਦੀ ਤਬਾਹੀ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।