19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪਰਿਵਾਰਵਾਦ, ਭ੍ਰਿਸ਼ਟਾਚਾਰ ਅਤੇ ਜਾਤੀਵਾਦ ਵਿਚ ਘਿਰੀਆਂ ਚੋਣਾਂ

ਅਜੀਤ ਡੈਸਕ 24-10-2025

ਲੰਮੀ ਹਿਚਕਿਚਾਹਟ ਤੋਂ ਬਾਅਦ ਅਖ਼ੀਰ ਇੰਡੀਅਨ ਬਲਾਕ ਵਲੋਂ ਤੇਜਸਵੀ ਯਾਦਵ ਦੇ ਭਾਵੀ ਮੁੱਖ ਮੰਤਰੀ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਸਮੇਤ ਮਹਾਂਗੱਠਜੋੜ ਦੀਆਂ ਪਾਰਟੀਆਂ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਵੱਡੀ ਕਸ਼ਮਕਸ਼ ਚਲਦੀ ਰਹੀ ਹੈ। ਬਿਹਾਰ ਦੀ ਸਿਆਸਤ ਵਿਚ ਬਹੁਤ ਸਾਰੀਆਂ ਅਜਿਹੀਆਂ ਮੁਸ਼ਕਿਲਾਂ ਹਨ, ਜਿਨ੍ਹਾਂ ਦਾ ਕੋਈ ਸੰਤੁਸ਼ਟੀਜਨਕ ਹੱਲ ਕੱਢ ਸਕਣਾ ਬੇਹੱਦ ਮੁਸ਼ਕਿਲ ਹੈ। ਇਸ ਪ੍ਰਾਂਤ ਦੀ ਸਿਆਸਤ ਵੱਡੀ ਹੱਦ ਤੱਕ ਜਾਤੀਵਾਦ ਦੇ ਥੰਮ੍ਹਾਂ 'ਤੇ ਖੜ੍ਹੀ ਦਿਖਾਈ ਦਿੰਦੀ ਰਹੀ ਹੈ ਅਤੇ ਜਾਤੀਆਂ-ਦਰ-ਜਾਤੀਆਂ ਦੀ ਉਲਝਣ ਵਿਚ ਹੀ ਉਲਝੀ ਰਹੀ ਹੈ। ਅੱਜ ਵੀ ਬਿਹਾਰ ਨੂੰ ਖ਼ੁਸ਼ਹਾਲ ਸੂਬਾ ਨਹੀਂ ਮੰਨਿਆ ਜਾਂਦਾ। ਲਾਲੂ ਪ੍ਰਸਾਦ ਯਾਦਵ ਦੇ 10 ਸਾਲ ਦੇ ਰਾਜ ਨੂੰ ਹਰ ਪੱਖੋਂ ਜੰਗਲ ਰਾਜ ਹੀ ਮੰਨਿਆ ਜਾਂਦਾ ਰਿਹਾ ਹੈ। ਉਸ ਦੇ ਸਮੇਂ ਵਿਚ ਭ੍ਰਿਸ਼ਟਾਚਾਰ ਚੋਟੀ 'ਤੇ ਸੀ ਅਤੇ ਇਸ ਤੋਂ ਵੀ ਉੱਤੇ ਪਰਿਵਾਰਵਾਦ ਦਾ ਹੀ ਡੰਕਾ ਵੱਜਦਾ ਸੀ। ਇਸੇ ਲਈ ਅੱਜ ਵੀ ਚਾਹੇ ਲਾਲੂ ਪ੍ਰਸਾਦ ਤਾਂ ਇਕ ਤਰ੍ਹਾਂ ਨਾਲ ਸਿਆਸਤ ਤੋਂ ਲਾਂਭੇ ਹੋਏ ਦਿਖਾਈ ਦਿੰਦੇ ਹਨ, ਪਰ ਉਸ ਦੇ ਪਰਿਵਾਰ 'ਤੇ ਲਗਾਤਾਰ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਉਂਗਲੀਆਂ ਉੱਠਦੀਆਂ ਰਹੀਆਂ ਹਨ।
ਤੇਜਸਵੀ ਯਾਦਵ ਨੂੰ ਹੁਣ ਮਹਾਂਗੱਠਜੋੜ ਵਲੋਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਨਾਲ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਦੇ ਦੋਵੇਂ ਮੁੱਦੇ ਉਛਾਲਣ ਲਈ ਭਾਜਪਾ ਅਤੇ ਮਹਾਂਗੱਠਜੋੜ ਦੀਆਂ ਹੋਰ ਵਿਰੋਧੀ ਪਾਰਟੀਆਂ ਨੂੰ ਵੱਡਾ ਮੌਕਾ ਮਿਲ ਜਾਏਗਾ, ਕਿਉਂਕਿ ਲਾਲੂ ਪ੍ਰਸਾਦ, ਉਸ ਦੀ ਪਤਨੀ ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਅੱਜ ਵੀ ਤਰ੍ਹਾਂ-ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਉਲਝੇ ਕਚਹਿਰੀਆਂ ਦੇ ਚੱਕਰ ਕੱਟ ਰਹੇ ਹਨ। ਲਾਲੂ ਪ੍ਰਸਾਦ ਯਾਦਵ ਕਈ ਕੇਸਾਂ ਵਿਚ ਜ਼ਮਾਨਤ 'ਤੇ ਹਨ, ਪਰ ਹੁਣ ਤੱਕ ਉਹ ਲੰਮੀ ਸਜ਼ਾ ਵੀ ਭੁਗਤ ਚੁੱਕੇ ਹਨ। ਅਜਿਹੀ ਸਥਿਤੀ ਵਿਚ ਹੁਣ ਤੇਜਸਵੀ ਯਾਦਵ ਨੇ ਆਪਣਾ ਇਹ ਅਹਿਦ ਜ਼ਰੂਰ ਪ੍ਰਗਟਾਇਆ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰੇਗਾ। ਉਸ ਦੀ ਉਮਰ ਚਾਹੇ 35 ਸਾਲ ਹੈ ਪਰ ਹੁਣ ਤੱਕ ਉਹ ਦੋ ਵਾਰ ਥੋੜ੍ਹੇ-ਥੋੜ੍ਹੇ ਸਮੇਂ ਲਈ ਉਪ ਮੁੱਖ ਮੰਤਰੀ ਦੇ ਅਹੁਦੇ 'ਤੇ ਜ਼ਰੂਰ ਰਹਿ ਚੁੱਕਾ ਹੈ।
ਦੂਸਰੇ ਪਾਸੇ ਨੈਸ਼ਨਲ ਡੈਮੋਕ੍ਰੇਟਿਕ ਫਰੰਟ (ਐਨ.ਡੀ.ਏ.) ਨੇ ਚਾਹੇ ਹੁਣ ਤੱਕ ਸਪੱਸ਼ਟ ਰੂਪ ਵਿਚ ਨਿਤਿਸ਼ ਕੁਮਾਰ ਨੂੰ ਆਪਣਾ ਸੰਭਾਵੀ ਮੁੱਖ ਮੰਤਰੀ ਨਹੀਂ ਐਲਾਨਿਆ, ਪਰ ਚੋਣ ਪ੍ਰਚਾਰ ਦੌਰਾਨ ਭਾਜਪਾ ਦੇ ਪ੍ਰਭਾਵਸ਼ਾਲੀ ਆਗੂ ਅਮਿਤ ਸ਼ਾਹ ਨੇ ਜ਼ਰੂਰ ਇਹ ਕਿਹਾ ਹੈ ਕਿ ਐਨ.ਡੀ.ਏ. ਨਿਤਿਸ਼ ਕੁਮਾਰ ਦੀ ਅਗਵਾਈ ਵਿਚ ਹੀ ਇਹ ਚੋਣਾਂ ਲੜੇਗਾ ਤੇ ਉਹ ਹੀ ਬਿਹਾਰ ਦੇ ਪ੍ਰਭਾਵੀ ਸਿਆਸਤਦਾਨ ਹਨ, ਪਰ ਕੀ ਇਸ ਵਾਰ ਮੁੱਖ ਮੰਤਰੀ ਦਾ ਗੁਣਾ ਨਿਤਿਸ਼ 'ਤੇ ਪਵੇਗਾ? ਇਸ ਬਾਰੇ ਹਾਲੇ ਵੀ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਪਿਛਲੇ ਕਾਫ਼ੀ ਸਮੇਂ ਤੋਂ ਭਾਜਪਾ ਦਾ ਬਿਹਾਰ ਦੀ ਸਿਆਸਤ 'ਤੇ ਪ੍ਰਭਾਵ ਵਧਦਾ ਜਾ ਰਿਹਾ ਹੈ। ਮਿਸਾਲ ਦੇ ਤੌਰ 'ਤੇ ਪਿਛਲੀਆਂ 2020 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਭਾਜਪਾ 110 ਸੀਟਾਂ 'ਤੇ ਲੜੀ ਸੀ, ਜਿਨ੍ਹਾਂ 'ਚੋਂ ਉਸ ਨੂੰ 74 ਸੀਟਾਂ ਮਿਲੀਆਂ ਸਨ ਅਤੇ ਉਸ ਦਾ ਵੋਟ ਸ਼ੇਅਰ 19.46 ਸੀ।
ਦੂਸਰੇ ਪਾਸੇ ਨਿਤਿਸ਼ ਕੁਮਾਰ ਦੀ ਜਨਤਾ ਦਲ (ਯੂ) ਨੇ 43 ਸੀਟਾਂ 'ਤੇ ਹੀ ਜਿੱਤ ਹਾਸਿਲ ਕੀਤੀ ਸੀ ਅਤੇ ਉਸ ਦੀ ਵੋਟ ਪ੍ਰਤੀਸ਼ਤਤਾ 15.39 ਸੀ। ਇਸ ਵਾਰ ਚਾਹੇ ਇਹ ਦੋਵੇਂ ਪਾਰਟੀਆਂ ਬਰਾਬਰ 101 ਤੇ 101 ਸੀਟਾਂ 'ਤੇ ਚੋਣਾਂ ਲੜ ਰਹੀਆਂ ਹਨ ਪਰ ਇਸ ਸਮੇਂ ਨਿਤਿਸ਼ ਦੀ ਸਿਹਤ ਸੰਬੰਧੀ ਸਵਾਲ ਵੀ ਉੱਠ ਹਨ ਅਤੇ ਉਸ 'ਤੇ ਮੌਕਾਪ੍ਰਸਤ ਸਿਆਸਤਦਾਨ ਹੋਣ ਦਾ ਦੋਸ਼ ਵੀ ਲਗਦਾ ਰਿਹਾ ਹੈ। ਚਾਹੇ ਇਸ ਵਾਰ ਐਨ.ਡੀ.ਏ. ਨੂੰ ਇਸ ਗੱਲ ਦਾ ਲਾਭ ਜ਼ਰੂਰ ਹੋਇਆ ਹੈ ਕਿ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਵੀ ਐਨ.ਡੀ.ਏ. ਦੀ ਇਕ ਭਾਈਵਾਲ ਪਾਰਟੀ ਦੇ ਤੌਰ 'ਤੇ ਚੋਣਾਂ ਲੜ ਰਹੀ ਹੈ। ਪਿਛਲੀ ਵਾਰ ਚਿਰਾਗ ਪਾਸਵਾਨ ਨੇ ਆਪਣੀ ਪਾਰਟੀ ਵਲੋਂ ਬਹੁਤੇ ਉਮੀਦਵਾਰ ਖੜ੍ਹੇ ਕਰਕੇ ਨਿਤਿਸ਼ ਕੁਮਾਰ ਨੂੰ ਵੱਡਾ ਖੋਰਾ ਲਗਾਇਆ ਸੀ। ਪਰਿਵਾਰਵਾਦ, ਭ੍ਰਿਸ਼ਟਾਚਾਰ ਅਤੇ ਜਾਤੀਵਾਦ ਵਿਚ ਉਲਝੀ ਬਿਹਾਰ ਦੀ ਸਿਆਸਤ ਦਾ ਊਠ ਕਿਸ ਕਰਵਟ ਬੈਠੇਗਾ, ਇਹ ਤਾਂ ਨੇੜ ਭਵਿੱਖ ਵਿਚ ਹੋਣ ਜਾ ਰਹੀਆਂ ਚੋਣਾਂ ਵਿਚ ਹੀ ਪਤਾ ਲੱਗੇਗਾ, ਕਿਉਂਕਿ ਇਸ ਵਾਰ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਵੀ ਮੈਦਾਨ ਵਿਚ ਹੈ ਅਤੇ ਉਹ ਆਪਣਾ ਕਿੰਨਾ ਕੁ ਪ੍ਰਭਾਵ ਦਿਖਾਉਣ ਵਿਚ ਕਾਮਯਾਬ ਹੁੰਦੀ ਹੈ ਅਤੇ ਇਹ ਵੀ ਕਿ ਉਸ ਦੇ ਮੈਦਾਨ 'ਚ ਆਉਣ ਨਾਲ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ 'ਤੇ ਕੀ ਪ੍ਰਭਾਵ ਪੈਂਦਾ ਹੈ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਪੰਜਾਬ ਦਾ ਸੰਘਰਸ਼ ਤੇ ਨਾਗਾ ਅੰਦੋਲਨ ਦਾ ਸਫ਼ਰ ਅਗਲੀ ਖ਼ਬਰ ਬੰਦੇ ਦੇ ਅਮਲਾਂ ਦਾ ਮੁੱਲ ਪੈਂਦਾ ਹੈ, ਜਾਤ-ਪਾਤ ਦਾ ਨਹੀਂ। -ਬੁੱਲ੍ਹੇਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।