01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਅਮਰੀਕਾ 'ਚ ਨਹੀਂ ਘਟ ਰਹੀਆਂ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਚਿੰਤਾਵਾਂ

ਅਜੀਤ ਡੈਸਕ 06-11-2025

ਹੁਣ ਤੱਕ ਅਮਰੀਕਾ 'ਚੋਂ ਕਰੀਬ 22 ਲੱਖ ਤੋਂ ਵੱਧ ਲੋਕ ਡਿਪੋਰਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਕੁਝ ਲੋਕ ਆਪਣੇ-ਆਪ ਵੀ ਗਏ ਹਨ। ਅਮਰੀਕਾ ਦੇ ਹੋਮ ਰੈਂਡ ਸਿਕਿਉਰਿਟੀ ਡਿਪਾਰਟਮੈਂਟ ਦੇ ਹਾਲੀਆ ਅਕਤੂਬਰ ਮਹੀਨੇ ਦੇ ਅੰਕੜਿਆਂ ਅਨੁਸਾਰ ਪੰਜ ਲੱਖ ਦੇ ਕਰੀਬ ਲੋਕ ਡਿਪੋਰਟ ਕੀਤੇ ਗਏ ਹਨ ਤੇ ਪੰਦਰਾਂ ਲੱਖ ਤੋਂ ਵੱਧ ਲੋਕ ਆਪਣੇ-ਆਪ 'ਐਪ' ਜ਼ਰੀਏ ਇਸ ਮੁਲਕ ਨੂੰ ਛੱਡ ਕੇ ਵਾਪਸ ਚਲੇ ਗਏ ਹਨ। ਦੂਜੇ ਪਾਸੇ ਅਮਰੀਕੀ ਸਰਹੱਦ ਦੇ ਡਾਇਰੈਕਟਰ ਟੌਮ ਹੋਮਨ ਨੇ ਦਾਅਵਾ ਕੀਤਾ ਕਿ ਅਗਲੇ ਸਾਲ 10 ਤੋਂ 12 ਮਿਲੀਅਨ ਲੋਕ ਅਮਰੀਕਾ 'ਚੋਂ ਡਿਪੋਰਟ ਕੀਤੇ ਜਾ ਸਕਦੇ ਹਨ। ਇਸ ਵੇਲੇ ਕੋਈ ਸ਼ੱਕ ਨਹੀਂ ਕਿ ਅਮਰੀਕਾ ਵਿਚ ਗ਼ੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਜਾਂ ਅਪਰਾਧਿਕ ਬਿਰਤੀ ਵਾਲੇ ਲੋਕਾਂ 'ਤੇ ਸਰਕਾਰੀ ਸ਼ਿਕੰਜਾ ਬਹੁਤ ਕੱਸਿਆ ਜਾ ਚੁੱਕਾ ਹੈ ਤੇ ਟੌਮ ਹੋਮਨ ਨੇ ਹਾਲ ਹੀ 'ਚ ਦਾਅਵਾ ਵੀ ਕੀਤਾ ਹੈ ਕਿ ਅਮਰੀਕਾ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ (ਆਈਸ) ਲਈ 10 ਹਜ਼ਾਰ ਹੋਰ ਏਜੰਟਾਂ ਦੀ ਭਰਤੀ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੇ ਲੋਕਾਂ ਨੂੰ ਮੁਲਕ ਤੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਅਮਲ ਦੇਣ 'ਚ ਆਸਾਨੀ ਮਿਲੇ। ਸੋ ਕਿਹਾ ਜਾ ਸਕਦਾ ਹੈ ਕਿ ਅਗਲੇ ਵਰ੍ਹੇ ਤੱਕ ਵੀ ਇੱਥੇ ਰਹਿ ਰਹੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਕੋਲ ਜ਼ਰੂਰੀ ਕਾਗਜ਼ਾਤ ਨਹੀਂ ਹਨ, ਜਿਨ੍ਹਾਂ ਦੇ ਕੇਸ ਫੇਲ੍ਹ ਹੋ ਰਹੇ ਹਨ, ਜਿਨਾਂ ਨੂੰ ਇਸਾਈਲਮ ਨਹੀਂ ਦਿੱਤੀ ਜਾ ਰਹੀ, ਜੋ ਸਰਹੱਦ ਲੰਘ ਕੇ ਆਏ ਹਨ ਜਾਂ ਜਿਨ੍ਹਾਂ ਦੀ ਅਪਰਾਧਿਕ ਪ੍ਰਵਿਰਤੀ ਹੈ, ਉਨ੍ਹਾਂ ਦੇ ਸਿਰ 'ਤੇ ਆਈਸ ਦੀ ਤਿੱਖੀ ਤਲਵਾਰ ਲਟਕਦੀ ਰਹੇਗੀ। ਦੂਜੇ ਪਾਸੇ 25 ਜੂਨ 2025 ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਆਰਡੀਨੈਂਸ ਜਾਰੀ ਕਰਕੇ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਨੂੰ ਲਾਜ਼ਮੀ ਕਰ ਦਿੱਤਾ ਸੀ। ਪਹਿਲਾਂ ਪਹਿਲ ਤਾਂ ਇਕ ਆਮ ਚੈਕਿੰਗ ਸੀ ਪਰ ਫਲੋਰੀਡਾ ਤੇ ਕੈਲੀਫੋਰਨੀਆ 'ਚ ਦੋ ਪੰਜਾਬੀ ਟਰੱਕ ਡਰਾਈਵਰਾਂ ਵਲੋਂ ਹੋਏ ਹਾਦਸਿਆਂ ਤੋਂ ਬਾਅਦ ਡਰਾਈਵਰਾਂ ਖ਼ਾਸ ਕਰਕੇ ਪੰਜਾਬੀ ਡਰਾਈਵਰਾਂ ਦੁਆਲੇ ਸਖ਼ਤੀ ਦੀ ਸਿਖ਼ਰ ਹੋਈ ਪਈ ਹੈ। ਤਾਜ਼ਾ ਅੰਕੜਿਆਂ ਅਨੁਸਾਰ 7 ਹਜ਼ਾਰ ਤੋਂ ਵੱਧ ਟਰੱਕ ਡਰਾਈਵਰ ਜਿਨ੍ਹਾਂ 'ਚ ਬਹੁ ਗਿਣਤੀ ਪੰਜਾਬੀਆਂ ਦੀ ਹੈ, ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ 'ਚ ਅੰਗਰੇਜ਼ੀ ਟੈਸਟ 'ਚ ਫੇਲ੍ਹ ਪਾਏ ਗਏ ਤੇ ਉਨ੍ਹਾਂ ਦੇ ਡਰਾਈਵਿੰਗ ਲਾਇਸੰਸ ਮੁਅੱਤਲ ਕੀਤੇ ਗਏ। ਇੱਥੇ ਇਹ ਵੀ ਦੱਸ ਦੇਈਏ ਕਿ ਅਮਰੀਕਾ 'ਚ ਕਰੀਬ ਡੇਢ ਲੱਖ ਟਰਾਂਸਪੋਰਟ ਕਿੱਤੇ ਨਾਲ ਜੁੜੇ ਹੋਏ ਪੰਜਾਬੀ ਹਨ, ਜਿਨ੍ਹਾਂ 'ਚ ਟਰੱਕ, ਬੱਸ, ਟੈਕਸੀ ਜਾਂ ਹੋਰ ਵਾਹਨ ਚਾਲਕ ਹਨ ਪਰ ਇਸ ਵੇਲੇ ਟਰੱਕ ਡਰਾਈਵਰਾਂ ਖ਼ਾਸ ਕਰਕੇ ਨਵੇਂ ਆਏ ਵਰਕ ਪਰਮਿਟ ਵਾਲੇ ਪੰਜਾਬੀਆਂ ਲਈ ਇਕ ਪ੍ਰੀਖਿਆ ਦੀ ਘੜੀ ਹੈ, ਜਦੋਂ ਹਰ ਪਾਸੇ ਹੀ ਉਨ੍ਹਾਂ ਨੂੰ ਚਿੰਤਾਵਾਂ ਵੱਢ-ਵੱਢ ਖਾ ਰਹੀਆਂ ਹਨ। ਇਨ੍ਹਾਂ ਚਿੰਤਾਵਾਂ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦੇ ਟਰੱਕਾਂ ਦਾ ਕੰਮ ਰੁਕ ਗਿਆ ਹੈ, ਖਰੀਦੇ ਗਏ ਘਰਾਂ ਦੀ ਕਿਸ਼ਤ ਦੇਣੀ ਔਖੀ ਹੋ ਰਹੀ ਹੈ, ਪਰਿਵਾਰ ਪਾਲਣਾ ਔਖਾ ਹੋ ਰਿਹਾ ਤੇ ਮੰਨ ਸਕਦੇ ਹਾਂ ਕਿ ਜਿਹੜਾ ਡਰਾਈਵਰ ਔਸਤਨ ਪ੍ਰਤੀ ਦਿਨ 800 ਤੋਂ ਇਕ ਹਜ਼ਾਰ ਡਾਲਰ ਕਮਾ ਰਿਹਾ ਸੀ, ਉਸ ਦਾ ਸੌ-ਦੋ ਸੌ ਕਮਾ ਕੇ ਗੁਜ਼ਾਰਾ ਕਿਵੇਂ ਚੱਲੇਗਾ? ਜਿਹੜੇ ਹਾਲਾਤ ਇਸ ਵੇਲੇ ਟਰੱਕਿੰਗ ਉਦਯੋਗ 'ਚ ਹਨ, ਉਹ ਗੰਭੀਰ ਚਿੰਤਾ ਦਾ ਵਿਸ਼ਾ ਕਹੇ ਜਾ ਸਕਦੇ ਹਨ। ਪੰਜਾਬੀ ਟਰੱਕ ਡਰਾਈਵਰਾਂ ਲਈ ਹਾਲਾਤ ਸਿਰਫ਼ ਦੋ ਪੰਜਾਬੀਆਂ ਵਲੋਂ ਕੀਤੇ ਹਾਦਸਿਆਂ ਤੋਂ ਬਾਅਦ ਹੀ ਬਦਤਰ ਨਹੀਂ ਬਣੇ, ਸਗੋਂ ਗੱਲ ਇਹ ਵੀ ਵਿਚਾਰਨ ਵਾਲੀ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਜਿਹੜੀ ਚਰਚਾ ਟਰੱਕਾਂ ਦੇ ਲੋਡ ਚੋਰੀ ਕਰਨ ਦੀ ਚੱਲ ਰਹੀ ਸੀ, ਉਸ ਵਿਚ 12 ਲੋਕਾਂ ਦਾ ਫੜੇ ਜਾਣਾ ਜਿਨਾਂ 'ਚ 11 ਪੰਜਾਬੀ ਹਨ, ਵੀ ਪੰਜਾਬੀਆਂ ਦੇ ਮੱਥੇ 'ਤੇ ਕਲੰਕ ਲੱਗਾ ਹੈ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਟਰਲਕ ਸ਼ਹਿਰ 'ਚੋਂ ਦੋ ਪੰਜਾਬੀਆਂ ਕੋਲੋਂ 25 ਪਾਇਲਟ ਚੋਰੀ ਦਾ ਸਾਮਾਨ ਫੜਿਆ ਜਾਣਾ ਜੋ ਐਮਾਜ਼ਾਨ ਨਾਲ ਸੰਬੰਧਿਤ ਸੀ, ਇਸ ਘਟਨਾ ਨੇ ਵੀ ਪੰਜਾਬੀ ਟਰੱਕਿੰਗ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਹੀ ਨਹੀਂ, ਸਗੋਂ ਦਾਗੀ ਵੀ ਕੀਤਾ ਹੈ। ਮੱਛੀਆਂ ਭਾਵੇਂ ਥੋੜ੍ਹੀਆਂ ਹੀ ਹੋਣ ਪਰ ਤਲਾਅ ਤਾਂ ਸਾਰਾ ਗੰਧਲਾ ਹੀ ਲੱਗਣ ਲੱਗ ਪੈਂਦਾ ਹੈ। ਇਸ ਵੇਲੇ ਹਰ ਪੰਜਾਬੀ ਡਰਾਈਵਰ ਸਿੱਧੇ ਜਾਂ ਅਸਿੱਧੇ ਰੂਪ 'ਚ ਮਾਨਸਿਕਤਾ ਤਣਾਅ ਦੀ ਸਥਿਤੀ 'ਚੋਂ ਗੁਜ਼ਰ ਰਹੇ ਹਨ ਤੇ ਭਲੇ ਦਿਨ ਆਉਣ ਦੀ ਉਡੀਕ 'ਚ ਘਰਾਂ ਵਿਚ ਬੈਠੇ ਹਨ। ਪਰ ਜਿਹੋ ਜਿਹੇ ਹਾਲਾਤ ਹਨ ਤੇ ਜਿਵੇਂ-ਜਿਵੇਂ ਟਰੰਪ ਪ੍ਰਸ਼ਾਸਨ ਦੀ ਸਖ਼ਤੀ ਵਧਦੀ ਜਾ ਰਹੀ ਹੈ, ਸ਼ਾਇਦ ਭਲੇ ਦਿਨਾਂ ਦੀ ਉਡੀਕ ਬਹੁਤ ਲੰਬੀ ਹੋਣ ਵਾਲੀ ਹੈ। ਇਸ ਵੇਲੇ ਅਮਰੀਕਾ ਦੇ ਟਰੱਕਿੰਗ ਉਦਯੋਗ ਨੂੰ ਲਗਭਗ 24 ਹਜ਼ਾਰ ਡਰਾਈਵਰਾਂ ਦੀ ਲੋੜ ਹੈ ਤੇ ਵੱਡੀਆਂ-ਵੱਡੀਆਂ ਕੰਪਨੀਆਂ ਪਹਿਲਾਂ ਵੀ ਡਰਾਈਵਰਾਂ ਦੀ ਮੰਗ ਕਰਦੀਆਂ ਰਹੀਆਂ ਹਨ ਪਰ ਮੌਜੂਦਾ ਹਾਲਾਤ 'ਚ ਇਹ ਕਮੀ ਹੋਰ ਵੀ ਵੱਡੀ ਹੋਣ ਦੀ ਸੰਭਾਵਨਾ ਬਣ ਗਈ ਜਾਪਦੀ ਹੈ।
ਉੱਧਰ ਅਮਰੀਕਾ ਦੇ ਪ੍ਰਸਿੱਧ ਸਿੱਖ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਟਰਾਂਸਪੋਰਟੇਸ਼ਨ ਸੈਕਟਰੀ ਡਫੀ ਦਾ ਬਿਆਨ ਆਇਆ ਕਿ ਜਿਨਾਂ ਨੂੰ ਸੀ.ਡੀ.ਐੱਲ. (ਕਮਰਸ਼ੀਅਲ ਡਰਾਈਵਿੰਗ ਲਾਇਸੈਂਸ) ਜਾਰੀ ਕੀਤੇ ਗਏ ਹਨ ਖ਼ਾਸਕਰ ਵਰਕ ਪਰਮਿਟ ਵਾਲਿਆਂ ਨੂੰ ਤੇ ਅੰਗਰੇਜ਼ੀ ਨਹੀਂ ਆਉਂਦੀ, ਉਨ੍ਹਾਂ ਖ਼ਿਲਾਫ਼ ਵਿਭਾਗ ਵੱਡੀ ਕਾਰਵਾਈ ਕਰਨ ਦੇ ਰੌਂਅ 'ਚ ਹੈ। ਉਹ ਇਹ ਕਿ ਟਰੱਕ ਡਰਾਈਵਿੰਗ ਸਕੂਲ ਤੇ ਜਿਹੜੀਆਂ ਕੰਪਨੀਆਂ ਨੇ ਉਨ੍ਹਾਂ ਨੂੰ ਹਾਇਰ ਕੀਤਾ, ਉਹ ਵੀ ਜਾਂਚ ਦੇ ਘੇਰੇ ਵਿਚ ਸ਼ਾਮਿਲ ਹੋਣਗੀਆਂ ਅਤੇ ਜੇ ਕੋਈ ਘਪਲਾ ਪਾਇਆ ਗਿਆ ਤਾਂ ਉਨ੍ਹਾਂ ਖ਼ਿਲਾਫ਼ ਅਪਰਾਧਿਕ ਧਾਰਾਵਾਂ ਵੀ ਲਾਈਆਂ ਜਾਣਗੀਆਂ। ਸੋ ਹੁਣ ਜਿੰਨੇ ਵੀ ਟਰੱਕ ਡਰਾਈਵਿੰਗ ਸਕੂਲ ਹਨ ਜਾਂ ਜਿਨ੍ਹਾਂ ਨੂੰ ਇੰਗਲਿਸ਼ ਘੱਟ ਆਉਂਦੀ ਹੈ ਜਾਂ ਜਿਹੜੇ ਵਰਕ ਪਰਮਿਟਾਂ 'ਤੇ ਕੰਮ ਕਰਦੇ ਹਨ, ਉਨ੍ਹਾਂ ਨੇ ਉੱਥੋਂ ਸਿਖਲਾਈ ਲਈ ਹੈ ਜਾਂ ਉੱਥੋਂ ਉਹ ਲਾਇਸੈਂਸ ਲਈ ਯੋਗ ਬਣੇ ਹਨ, ਉਨ੍ਹਾਂ ਦੀ ਵੀ ਜਾਂਚ ਹੋਏਗੀ ਤੇ ਕੰਪਨੀਆਂ ਦੀ ਵੀ। ਜੇ ਸਾਰਾ ਕੁਝ ਠੀਕ-ਠਾਕ ਪਾਇਆ ਗਿਆ ਫਿਰ ਤਾਂ ਕੁਝ ਨਹੀਂ, ਪਰ ਜੇ ਕੋਈ ਘਪਲਾ ਸਾਹਮਣੇ ਆਇਆ ਤਾਂ ਉਨ੍ਹਾਂ ਨੂੰ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ। ਡਫੀ ਨੇ ਕਿਹਾ ਕਿ ਕੈਲੀਫੋਰਨੀਆ ਸਟੇਟ ਤੋਂ ਜਿਹੜੇ 60 ਮਿਲੀਅਨ ਡਾਲਰ ਦੇ ਫੰਡ ਹਨ, ਉਹ ਅਸੀਂ ਰੋਕ ਰਹੇ ਹਾਂ ਕਿਉਂਕਿ ਉਨ੍ਹਾਂ ਨੇ ਅਜੇ ਵੀ ਅੰਗਰੇਜ਼ੀ ਟੈਸਟ ਪੂਰਾ ਅਮਲ 'ਚ ਨਹੀਂ ਲਿਆਂਦਾ ਤੇ ਸਭ ਤੋਂ ਜ਼ਿਆਦਾ ਜਿਹੜੇ ਨਾਨ ਡੋਮੀਸਾਈਲ ਸੀਡੀਆਲ ਹਨ, ਉਹ ਕੈਲੀਫੋਰਨੀਆ ਨੇ ਜਾਰੀ ਕੀਤੇ ਹਨ। ਜਿਹੜੇ ਹਾਦਸੇ ਵੀ ਹੋਏ ਹਨ, ਉਨ੍ਹਾਂ 'ਚ ਵੀ ਕੈਲੀਫੋਰਨੀਆ ਦੇ ਹੀ ਡਰਾਈਵਰ ਸਨ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸੇ ਕਰਕੇ ਕੈਲੀਫੋਰਨੀਆ ਸਟੇਟ 'ਤੇ ਵਧੇਰੇ ਸਖ਼ਤੀ ਹੈ। ਪਰ ਵੇਖਿਆ ਜਾਵੇ ਤਾਂ ਕੈਲੀਫੋਰਨੀਆ ਨਾਲ ਇਕ ਰਾਜਨੀਤਕ ਲੜਾਈ ਵੀ ਚੱਲੀ ਹੈ ਕਿਉਂਕਿ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਇਸ ਵੇਲੇ ਡੈਮੋਕ੍ਰੇਟਿਕ ਪਾਰਟੀ ਵਲੋਂ ਅਗਲੀਆਂ ਰਾਸ਼ਟਰਪਤੀ ਚੋਣਾਂ 'ਚ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਦਾਅਵੇਦਾਰੀ ਪੇਸ਼ ਕਰਨ ਦੇ ਰੌਂਅ 'ਚ ਹਨ ਅਤੇ ਟਰੰਪ ਪ੍ਰਸ਼ਾਸਨ ਦਾ ਇਹ ਰਵੱਈਆ ਜਾਂ ਘਟਨਾਕ੍ਰਮ ਇਸ ਸੰਦਰਭ 'ਚ ਵੀ ਵੇਖਿਆ ਜਾ ਰਿਹਾ ਹੈ।
ਨਾਈਜੀਰੀਆ ਦੇ 'ਨੋਬਲ' ਜੇਤੂ ਦਾ ਵੀਜ਼ਾ ਰੱਦ
ਨਾਇਜੀਰੀਆ ਦੇ 'ਨੋਬਲ' ਪੁਰਸਕਾਰ ਜੇਤੂ ਲੇਖਕ ਵੋਲ ਸੋਇੰਕਾ ਦਾ ਅਮਰੀਕਾ 'ਚ ਦਾਖਲ ਹੋਣ ਲਈ ਗ਼ੈਰ-ਨਿਵਾਸੀ ਵੀਜ਼ਾ ਬੀ-1, ਬੀ-2 ਰੱਦ ਕਰ ਦਿੱਤਾ ਹੈ, ਜਿਸ ਬਾਰੇ ਭਾਵੇਂ ਟਰੰਪ ਪ੍ਰਸ਼ਾਸਨ ਨੇ ਕੋਈ ਵੇਰਵਾ ਨਹੀਂ ਦਿੱਤਾ ਪਰ ਸੋਇੰਕਾ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਹਾਲ ਹੀ 'ਚ ਰਾਸ਼ਟਰਪਤੀ ਟਰੰਪ ਦੀ ਆਲੋਚਨਾ ਕੀਤੀ ਸੀ। 91 ਸਾਲਾ ਨਾਈਜੀਰੀਅਨ ਲੇਖਕ 1986 ਵਿਚ ਸਾਹਿਤ 'ਚ 'ਨੋਬਲ' ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਅਫਰੀਕੀ ਬਣੇ ਸਨ। ਸੋਇੰਕਾ ਨੇ ਹੋਰ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦਾ ਉਸ ਨਾਲ ਬਹੁਤ ਘੱਟ ਲੈਣ-ਦੇਣ ਹੈ ਤੇ ਇਹ ਅਮਰੀਕਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਪੈਦਾਵਾਰ ਹੈ। ਉਸ ਨੇ ਕਿਹਾ ਕਿ ਜੇਕਰ ਉਹ ਦੁਬਾਰਾ ਦਾਖਲ ਹੋਣਾ ਚਾਹੁੰਦਾ ਹੈ ਤਾਂ ਉਸ ਨੂੰ ਦੁਬਾਰਾ ਅਰਜ਼ੀ ਦੇਣ ਲਈ ਕਿਹਾ ਗਿਆ ਸੀ ਪਰ ਮੈਨੂੰ ਹੁਣ ਅਮਰੀਕਾ ਜਾਣ 'ਚ ਦਿਲਚਸਪੀ ਨਹੀਂ ਪਰ ਉਹ ਮਨੁੱਖ ਨਾਲ ਚੰਗਾ ਵਿਹਾਰ ਕੀਤੇ ਜਾਣ ਦੇ ਸਮਰਥਕ ਹਨ। ਸੋਇੰਕਾ ਜਿਸ ਨੇ ਅਮਰੀਕਾ 'ਚ ਪੜ੍ਹਾਇਆ ਹੈ ਤੇ ਪਹਿਲਿਆਂ 'ਚ ਗ੍ਰੀਨ ਕਾਰਡ ਸੀ, ਨੇ ਮਜ਼ਾਕ ਕੀਤਾ ਕਿ ਉਸ ਦਾ ਗ੍ਰੀਨ ਕਾਰਡ ਅੱਠ ਸਾਲ ਪਹਿਲਾਂ ਕੈਂਚੀ ਵਿਚਾਲੇ ਫਸ ਕੇ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਮਤਲਬ 2017 'ਚ ਉਸ ਨੇ ਟਰੰਪ ਦੇ ਪਹਿਲੇ ਉਦਘਾਟਨ ਦੇ ਵਿਰੋਧ 'ਚ ਆਪਣਾ ਗ੍ਰੀਨ ਕਾਰਡ ਨਸ਼ਟ ਕਰ ਦਿੱਤਾ ਸੀ। ਸੋਇੰਕਾ ਦਾ ਮੰਨਣਾ ਹੈ ਕਿ ਇਹ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਉਸ ਨੇ ਹਾਲ ਹੀ 'ਚ ਟਰੰਪ ਨੂੰ 'ਈਦੀ ਅਮੀਨ ਦਾ ਗੋਰਾ ਸੰਸਕਰਣ' ਕਿਹਾ ਸੀ, ਜੋ ਕਿ 1971 ਤੋਂ 1979 ਤੱਕ ਯੂਗਾਂਡਾ 'ਤੇ ਰਾਜ ਕਰਨ ਵਾਲੇ ਤਾਨਾਸ਼ਾਹ ਦਾ ਹਵਾਲਾ ਸੀ। ਹੁਣ ਉਹ ਕਿਸੇ ਹੋਰ ਵੀਜ਼ੇ ਲਈ ਅਰਜ਼ੀ ਨਹੀਂ ਦੇਵੇਗਾ।

-ਈ-ਮੇਲ : ashokbhaura@gmail.com

ਪਿਛਲੀ ਖ਼ਬਰ 06-11-25 ਅਗਲੀ ਖ਼ਬਰ ਭਾਰਤ ਦੇ ਕਿਰਤ ਕੋਡ : ਸਮੂਹਿਕ ਆਰਥਿਕ ਵਿਕਾਸ ਦੀ ਦਿਸ਼ਾ ਵਿਚ ਇਕ ਕਦਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।