ਪੱਕੇ ਪੈਰੀਂ ਹਿੰਮਤ ਕਰਕੇ,
ਜਿਹੜੇ ਕਦਮ ਵਧਾਉਂਦੇ ਨੇ।
ਸਰ ਕਰ ਲੈਂਦੇ ਮੰਜ਼ਿਲ ਨੂੰ,
ਜੋ ਖ਼ੁਦ ਵਿਚ ਆਸ ਜਗਾਉਂਦੇ ਨੇ।
ਢੇਰੀ ਢਾਹਿਆਂ ਕੁਝ ਨਹੀਂ ਬਣਨਾ,
ਮਿਹਨਤ ਇਕ ਦਿਨ ਚਮਕੇਗੀ।
ਹੋਸ਼, ਸਹਿਜ ਤੇ ਸਬਰ ਨਾਲ ਹੀ,
ਕਿਸਮਤ ਸਾਡੀ ਦਮਕੇਗੀ।
ਆਪਣੇ ਵਿਚ ਭਰੋਸਾ ਰੱਖੀਏ,
ਰੀਸ ਕਿਸੇ ਦੀ ਨਾ ਕਰੀਏ।
ਚੜ੍ਹਦੀ ਕਲਾ 'ਚ ਰਹੋ ਹਮੇਸ਼ਾ,
ਤੇ ਭਵਸਾਗਰ ਇੰਜ ਤਰੀਏ।
ਜੋ ਲੋਕੀਂ ਹਿੰਮਤ ਕਰਦੇ ਨੇ,
ਰੱਬ ਉਨ੍ਹਾਂ ਦੀ ਸਾਰ ਲਵੇ।
ਸਾਰੇ ਕੰਮ ਪੂਰੇ ਹੋ ਜਾਂਦੇ,
ਜੋ ਮਨ ਪੱਕੀ ਧਾਰ ਲਵੇ।
ਹਿੰਮਤ ਵਾਲੇ ਸਾਗਰ, ਨਦੀਆਂ
ਪਰਬਤ ਪਾਰ ਕਰੇਂਦੇ ਨੇ।
ਕਿਸਮਤ ਵਾਲੇ ਮੂੰਹ ਚੁੱਕੀ,
ਲੇਖਾਂ ਨੂੰ ਵਿੰਹਦੇ ਰਹਿੰਦੇ ਨੇ।
ਹਿੰਮਤ ਦੀ ਜਿੱਤ ਹੁੰਦੀ ਹੈ,
ਚਾਤ੍ਰਿਕ ਨੇ ਸਾਨੂੰ ਦੱਸਿਆ ਹੈ।
ਜੋ ਕਿਸਮਤ ਤੇ ਕਰੇ ਭਰੋਸਾ,
ਰਹੇ ਹਮੇਸ਼ਾ ਫਸਿਆ ਹੈ।
ਹੁਣੇ ਤੋਂ ਹੀ ਹਿੰਮਤ ਨੂੰ ਆਪਣਾ,
ਪੱਕਾ ਯਾਰ ਬਣਾਵਾਂਗੇ।
ਕੋਈ ਅਟਕ ਵੀ ਰੋਕ ਸਕੇ ਨਾ,
ਕਰਕੇ ਪਾਰ ਵਿਖਾਵਾਂਗੇ।
-ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ)।
ਮੋਬਾਈਲ : 94176-92015