ਮੈਂ ਅਜੇ ਸ਼ਾਮ ਦੀ ਸੈਰ ਵਾਸਤੇ ਘਰੋਂ ਨਿਕਲਿਆ ਹੀ ਸੀ ਕਿ ਮੁਹੱਲੇ ਦੇ ਪਹਿਲੇ ਮੋੜ 'ਤੇ ਹੀ ਮੈਨੂੰ ਗੁਰਦੀਪ ਸਿੰਘ ਮਿਲ ਪਿਆ। ਉਹ ਪਿਛਲੇ ਸਾਲ ਹੀ ਬਿਜਲੀ ਮਹਿਕਮੇ ਤੋਂ ਸੇਵਾਮੁਕਤ ਹੋਇਆ ਸੀ।
'ਸਰਦਾਰ ਜੀ, ਪਰਸੋਂ ਮੇਰੀ ਪੋਤੀ ਦਾ ਜਨਮ ਦਿਨ ਏ, ਘਰ ਇਕ ਛੋਟੀ ਜਿਹੀ ਪਾਰਟੀ ਰੱਖੀ ਏ, ਤੁਸੀਂ ਵੀ ਜ਼ਰੂਰ ਆਉਣਾ...।'
'ਗੁਰਦੀਪ ਸਿਆਂ... ਪੋਤੀ ਦੇ ਜਨਮ ਦਿਨ ਦੀਆਂ ਵਧਾਈਆਂ... ਮੈਂ ਜ਼ਰੂਰ ਆਵਾਂਗਾ...', ਉਸ ਦੀਆਂ ਅੱਖਾਂ ਵਿਚੋਂ ਖੁਸ਼ੀ ਡੁੱਲ੍ਹ-ਡੁੱਲ੍ਹ ਪੈ ਰਹੀ ਸੀ।
ਜਨਮ ਦਿਨ ਵਾਲੇ ਦਿਨ ਸਾਰੇ ਪਰਿਵਾਰ ਨੇ ਪਹਿਲਾਂ ਸਵੇਰੇ ਆਪਣੇ ਘਰ ਪਾਠ ਦਾ ਭੋਗ ਪੁਆਇਆ। ਉਪਰੰਤ ਰਾਗੀ ਸਿੰਘਾਂ ਨੇ ਰਸ-ਭਿੰਨਾ ਕੀਰਤਨ ਕਰਕੇ ਸੰਗਤ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ। ਗੁਰਦੀਪ ਸਿੰਘ ਦੀ ਇਕ ਸਾਲ ਦੀ ਪੋਤੀ ਜਿਸ ਦਾ ਛੋਟਾ ਨਾਂਅ ਰੋਜ਼ੀ ਸੀ, ਨਵੀਂ ਫਰਾਕ ਪਾਈ ਘਰ ਵਿਚ ਭੱਜੀ ਫਿਰਦੀ ਸੀ। ਸਾਰੇ ਮੁਹੱਲੇ ਵਾਲੇ ਅਤੇ ਕੁਝ ਰਿਸ਼ਤੇਦਾਰ ਵੀ ਇਸ ਖੁਸ਼ੀ ਦੇ ਪ੍ਰੋਗਰਾਮ ਵਿਚ ਸ਼ਾਮਿਲ ਸਨ। ਉਹ ਵੀ ਬੜੇ ਪਿਆਰ ਤੇ ਸਨੇਹ ਨਾਲ ਰੋਜ਼ੀ ਨੂੰ ਵੇਖ ਰਹੇ ਸਨ।
ਸੰਗਤ ਵਿਚ ਬੈਠੇ ਦਾ ਮੇਰਾ ਮਨ ਕੁਦਰਤੀ ਉਨ੍ਹਾਂ ਕੁਝ ਮੁਲਕਾਂ ਵੱਲ ਚਲਾ ਗਿਆ ਜਿਥੇ ਅਜੇ ਵੀ ਇਸਤਰੀ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਕਿਸੇ ਮੁਕੱਦਮੇ ਵਿਚ ਉਸ ਦੀ ਗਵਾਹੀ ਅੱਧੀ ਹੀ ਮੰਨੀ ਜਾਂਦੀ ਏ। ਉਨ੍ਹਾਂ ਮੁਲਕਾਂ ਵਿਚ ਅਜੇ ਵੀ ਇਸਤਰੀ ਨੂੰ ਮਰਦ ਦੀ ਹਉਮੈ ਤੇ ਝੂਠੀ ਅਣਖ ਅੱਗੇ ਝੁਕਣਾ ਪੈਂਦਾ ਏ, ਆਪਣੇ ਮਨ ਨੂੰ ਮਾਰਨਾ ਪੈਂਦਾ ਏ... ਇਸ ਪਰਵਿਰਤੀ ਨੂੰ ਰੋਕਣਾ ਇਨਸਾਨੀਅਤ ਦਾ ਧਰਮ ਏ...। ਇਸਤਰੀ ਸਮਾਜ ਵਿਚ ਆਪਣੇ ਹੱਕਾਂ ਦੀ ਲੜਾਈ ਲੜ ਰਹੀ ਏ। ਬਹੁਤ ਸਾਰੇ ਲੋਕ-ਰਾਜੀ ਅਤੇ ਅਗਾਂਹਵਧੂ ਮੁਲਕਾਂ ਵਿਚ ਇਸਤਰੀ ਨੇ ਆਪਣੀ ਹੋਂਦ ਬਚਾਉਣ ਅਤੇ ਆਜ਼ਾਦੀ ਵਾਸਤੇ ਲੰਬੀ ਉਡਾਰੀ ਭਰੀ ਏ... ਉਹ ਉੱਚ ਵਿੱਦਿਆ ਪ੍ਰਾਪਤ ਕਰਕੇ ਮਰਦ ਦੇ ਬਰਾਬਰ ਆ ਰਹੀ ਏ। ਉਹ ਕਈ ਉੱਚੇ ਅਹੁਦਿਆਂ 'ਤੇ ਪਹੁੰਚ ਕੇ ਮਰਦ ਨੂੰ ਚੁਣੌਤੀ ਦੇ ਰਹੀ ਏ।
ਅੱਜ ਤੋਂ ਕਈ ਸਦੀਆਂ ਪਹਿਲਾਂ ਬਾਬਾ ਨਾਨਕ ਨੇ ਵੀ ਕਿਹਾ ਸੀ। 'ਸੋ ਕਿਉ ਮੰਦਾ ਆਖੀਏ ਜਿਤੁ ਜੰਮੇ ਰਾਜਾਨੁ...।' ਅੱਜ ਇਸ ਵੱਡੇ ਵਿਚਾਰ ਨੂੰ ਸਮਝਣ ਦੀ ਲੋੜ ਏ। ਸ਼ਾਮ ਨੂੰ ਗੁਰਦੀਪ ਸਿੰਘ ਦੇ ਪਰਿਵਾਰ, ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਜਨਮ ਦਿਨ ਦਾ ਕੇਕ ਕੱਟਿਆ ਗਿਆ। ਸਾਰਿਆਂ ਨੇ ਜਨਮ ਦਿਨ ਦੀ ਖੁਸ਼ੀ ਇਕ ਦੂਸਰੇ ਨਾਲ ਸਾਂਝੀ ਕੀਤੀ। ਸਾਰਿਆਂ ਨੇ ਗੁਰਦੀਪ ਸਿੰਘ ਨੂੰ ਵਧਾਈਆਂ ਦਿੱਤੀਆਂ ...ਤੇ ਰਾਤ ਨੂੰ ਡੀ.ਜੇ. 'ਤੇ ਚੱਲ ਰਹੇ ਗਾਣਿਆਂ 'ਤੇ ਜਦ ਦੋਸਤ-ਮਿੱਤਰ-ਰਿਸ਼ਤੇਦਾਰ ਨੱਚ ਰਹੇ ਸਨ ਤਾਂ ਗੁਰਦੀਪ ਸਿੰਘ ਵੀ ਰੋਜ਼ੀ ਨੂੰ ਚੁੱਕੀ ਭੰਗੜਾ ਪਾ ਰਿਹਾ ਸੀ। ਆਕਾਸ਼ ਵਿਚ ਤਾਰੇ ਡਲ੍ਹਕਾਂ ਮਾਰ ਰਹੇ ਸਨ। ਪੂਰਬ ਵਲੋਂ ਪੂਰਨਮਾਸ਼ੀ ਦਾ ਚੰਦਰਮਾ ਵੀ ਚੜ੍ਹ ਪਿਆ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਸਾਰੀ ਕੁਦਰਤ... ਸਾਰਾ ਬ੍ਰਹਿਮੰਡ ਡੀ.ਜੇ. ਦੇ ਗਾਣਿਆਂ ਨਾਲ ਤਾਲ ਪੂਰ ਰਿਹਾ ਹੋਵੇ। ਕੁਦਰਤ ਹੱਸ ਰਹੀ ਸੀ... ਇਨਸਾਨੀਅਤ ਗਾ ਰਹੀ ਸੀ।
-ਮੋਬਾਈਲ : 98552-35424