18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪਹਿਲਗਾਮ ਅਤੇ ਵਿਚਾਰੀ ਅੰਮਾ

ਅਜੀਤ ਡੈਸਕ 22-06-2025

ਪ੍ਰਮਾਤਮਾ ਨੇ 'ਕਸ਼ਮੀਰ' ਨੂੰ ਬੇਅੰਤ ਕੁਦਰਤੀ ਸੁੰਦਰਤਾ ਦੇ ਕੇ ਨਿਵਾਜ਼ਿਆ ਹੈ। ਇਸੇ ਲਈ ਇਸ ਨੂੰ ਧਰਤੀ ਦਾ ਸਵਰਗ ਅਤੇ ਹਿੰਦ ਦਾ ਤਾਜ਼ ਕਿਹਾ ਜਾਂਦਾ ਹੈ। ਇੱਥੇ ਸਾਫ-ਸੁਥਰੀਆਂ ਨੀਲੀਆਂ ਝੀਲਾਂ ਵਿਚ ਸੈਲਾਨੀਆਂ ਦੀ ਸੈਰ ਲਈ ਸੋਹਣੇ ਸ਼ਿਕਾਰੇ ਉਨ੍ਹਾਂ ਨੂੰ ਆਪਣੀ ਤਰਫ਼ ਖਿੱਚਦੇ ਹਨ। ਫ਼ੁੱਲਾਂ ਨਾਲ ਮਹਿਕਦੇ ਸੁੰਦਰ ਪਾਰਕ ਹੋਰ ਵੀ ਦਿਲ ਲੁਭਉਂਦੇ ਹਨ। ਉੱਤੋਂ ਸਾਫ-ਸੁਥਰੀਆਂ ਸੁਹਣੀਆਂ ਸੜਕਾਂ ਅਤੇ ਭਾਂਤ ਭਾਂਤ ਦੀਆਂ ਸਜੀਆਂ ਹੋਈਆਂ ਦੁਕਾਨਾਂ ਸਭ ਨੂੰ ਆਪਣੀ ਤਰਫ਼ ਖਿੱਚ ਪਾਉਂਦੀਆਂ ਹਨ। ਇੱਥੋਂ ਦੇ ਛੈਲ-ਸ਼ਬੀਲੇ ਗੱਭਰੂ ਅਤੇ ਬਾਂਕੀਆਂ ਸੁੰਦਰ ਨਾਰਾਂ ਸਭ ਦਾ ਮਨ ਮੋਹ ਲੈਂਦੀਆਂ ਹਨ। ਦੁਨੀਆ ਭਰ ਤੋਂ ਸੈਲਾਨੀ ਇੱਥੇ ਕੁਦਰਤ ਦਾ ਹੁਸਨ ਦੇਖਣ ਲਈ ਆਉਂਦੇ ਹਨ।
1964 ਦੀ ਗੱਲ ਹੈ ਲਾਹੌਰ ਤੋਂ ਕੁਝ ਮੁਟਿਆਰਾਂ ਕਸ਼ਮੀਰ ਘੁੰਮਣ ਆਈਆਂ। ਉਨ੍ਹਾਂ ਵਿਚ ਇਕ 20 ਸਾਲ ਦੀ ਖ਼ੂਬਸੂਰਤ ਮੁਟਿਆਰ ਅੱਲਾ ਰੱਖੀ ਵੀ ਸੀ। ਉਹ ਤਾਂ ਇਥੋਂ ਦੀ ਸੁੰਦਰਤਾ ਦੇਖ ਕੇ ਮਰ ਮਿਟੀ। ਇਕ ਦਿਨ ਅਚਾਨਕ ਉਸ ਦੀ ਮੁਲਾਕਾਤ ਇਕ ਬਹੁਤ ਹੀ ਸੋਹਣੇ ਗੱਭਰੂ ਕਾਸਮ ਨਾਲ ਹੋ ਗਈ। ਕਾਸਮ ਸੀ੍ਰਨਗਰ ਤੋਂ ਕੋਈ 70 ਕੁ ਕਿਲੋਮੀਟਰ ਦੂਰੀ ਤੇ ਇਕ ਛੋਟੇ ਜਿਹੇ ਪਿੰਡ ਢੋਲਣਵਾਲਾ ਵਿਚ ਰਹਿੰਦਾ ਸੀ। ਇਸ ਪਿੰਡ ਵਿਚ ਕੇਵਲ 25-30 ਕੁ ਘਰ ਹੀ ਸਨ। ਅੱਲਾ ਰੱਖੀ ਕਾਸਮ ਨੂੰ ਹੀ ਆਪਣਾ ਦਿਲ ਦੇ ਬੈਠੀ। ਦੋਹਾਂ ਦੀਆਂ ਮੁਲਾਕਾਤਾਂ ਵਧਣ ਲੱਗੀਆਂ। ਅੱਲਾ ਰੱਖੀ ਕਹਿੰਦੀ ਕਿ ਮੇਰਾ ਤਾਂ ਦਿਲ ਕਰਦਾ ਹੈ ਕਿ ਮੈਂ ਇੱਥੇ ਹੀ ਵਸ ਜਾਵਾਂ ਅਤੇ ਅੰਤ ਇਸੇ ਮਿੱਟੀ ਵਿਚ ਹੀ ਸਮਾ ਜਾਵਾਂ। ਉਸ ਨੇ ਆਪਣੀਆ ਸਹੇਲੀਆਂ ਹੱਥ ਲਾਹੌਰ ਆਪਣੇ ਮਾਂ ਪਿਉ ਨੂੰ ਚਿੱਠੀ ਭੇਜ ਦਿੱਤੀ ਕਿ ਮੈ ਇੱਥੇ ਹੀ ਵਿਆਹ ਕਰਾ ਰਹੀ ਹਾਂ ਅਤੇ ਮੈਂ ਵਾਪਸ ਲਾਹੌਰ ਨਹੀਂ ਆਵਾਂਗੀ। ਇਸ ਲਈ ਮੇਰੀ ਉਡੀਕ ਨਾ ਕਰਨਾ। ਉੱਧਰ ਕਾਸਮ ਵੀ ਅੱਲਾ ਰੱਖੀ ਨੂੰ ਬਹੁਤ ਪਿਆਰ ਕਰਦਾ ਸੀ। ਦੋਹਾਂ ਨੇ ਇਕ ਦਿਨ ਮੌਲਵੀ ਕੋਲ ਜਾ ਕੇ ਨਿਕਾਹ ਕਰਾ ਲਿਆ। ਬੇਸ਼ੱਕ ਦੇਸ਼ ਦੇ ਬਟਵਾਰੇ ਨੂੰ 17 ਸਾਲ ਹੋ ਗਏ ਸਨ ਪਰ ਹਾਲੇ ਵੀ ਥੋੜ੍ਹੀ ਜਿਹੀ ਕਾਗਜ਼ੀ ਕਾਰਵਾਈ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਆਬਾਦੀ ਦਾ ਬਟਵਾਰਾ ਚੱਲ ਰਿਹਾ ਸੀ। ਨਿਕਾਹ ਤੋਂ ਬਾਅਦ ਕਾਸਮ ਨੇ ਕੁਝ ਫਾਰਮ ਭਰ ਕੇ ਅਤੇ ਅੱਲਾ ਰੱਖੀ ਦੇ ਪਾਸਪੋਰਟ ਅਤੇ ਨਿਕਾਹਨਾਮੇ ਦੀਆਂ ਕਾਪੀਆਂ ਨਾਲ ਲਾ ਕੇ ਭਾਰਤ ਦੇ ਇਮੀਗਰੇਸ਼ਨ ਵਿਭਾਗ ਨੂੰ ਭੇਜ ਦਿੱਤੀਆਂ ਸਨ ਤਾਂ ਕਿ ਅੱਲਾ ਰੱਖੀ ਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਏ ਪਰ ਉੱਧਰੋਂ ਕੋਈ ਜਵਾਬ ਨਾ ਆਇਆ। ਲੋਕਾਂ ਨੇ ਵੀ ਕਿਹਾ ਕਿ ਜਦ ਨਿਕਾਹ ਹੋ ਜਾਏ ਤਾਂ ਔਰਤ ਨੂੰ ਆਪੇ ਹੀ ਪਤੀ ਦੇ ਦੇਸ਼ ਦੀ ਨਾਗਰਿਕਤਾ ਮਿਲ ਜਾਂਦੀ ਹੈ ਜਿਵੇਂ ਜਿਸ ਦੇਸ਼ ਵਿਚ ਜਦ ਕੋਈ ਬੱਚਾ ਪੈਦਾ ਹੋਏ ਤਾਂ ਉਹ ਉਸ ਦੇਸ਼ ਦਾ ਹੀ ਨਾਗਰਿਕ ਮੰਨਿਆ ਜਾਂਦਾ ਹੈ। ਇਸ ਲਈ ਕਾਸਮ ਅਤੇ ਅੱਲਾ ਰੱਖੀ ਇਸ ਗੱਲ ਤੋਂ ਚੁੱਪ ਕਰ ਗਏ ਅਤੇ ਨਾ ਹੀ ਉਨ੍ਹਾਂ ਨੇ ਅੱਗੋਂ ਬੱਚਿਆਂ ਦੇ ਵੱਡੇ ਹੋਣ ਤੇ ਉਨ੍ਹਾਂ ਨਾਲ ਇਸ ਗੱਲ ਦਾ ਕੋਈ ਜ਼ਿਕਰ ਕੀਤਾ।
ਅੱਲਾ ਰੱਖੀ ਜਲਦੀ ਹੀ ਕਾਸਮ ਦੇ ਪਿੰਡ ਦੇ ਵਾਤਾਵਰਨ ਵਿਚ ਰਚ ਮਿਚ ਗਈ, ਕਿਉਂਕਿ ਉਸ ਦਾ ਆਪਣਾ ਸੁਭਾਅ ਬੜਾ ਮਿਲਾਪੜਾ ਸੀ। ਇਥੇ ਆ ਕਿ ਉਸ ਨੇ ਸਭ ਦਾ ਦਿਲ ਜਿੱਤ ਲਿਆ। ਇੱਥੇ ਹੀ ਉਸ ਦੇ ਅੱਠ ਬੱਚੇ (ਪੰਜ ਲੜਕੇ ਅਤੇ ਤਿੰਨ ਧੀਆਂ) ਹੋਏ। ਇਹ ਉਨ੍ਹਾਂ ਦੀ ਫ਼ੁਲਵਾੜੀ ਸੀ ਜੋ ਵਧ ਫ਼ੁੱਲ ਰਹੀ ਸੀ। ਕਾਸਮ ਅਤੇ ਅੱਲਾ ਰੱਖੀ ਬੱਚਿਆਂ ਨੂੰ ਦੇਖ ਦੇਖ ਕੇ ਫ਼ੁੱਲੇ ਨਹੀਂ ਸਨ ਸਮਾਉਂਦੇ। ਉਨ੍ਹਾਂ ਦਾ ਪਰਿਵਾਰ ਸਾਰੇ ਪਿੰਡ ਵਿਚ ਛਾ ਗਿਆ। ਉਸ ਦੀ ਸਿਆਣਪ ਅਤੇ ਹਰ ਇਕ ਦੇ ਕੰਮ ਆਉਣ ਕਾਰਨ ਅੱਲ੍ਹਾ ਰੱਖੀ ਨੂੰ ਪਿੰਡ ਦੀ ਸਰਪੰਚ ਚੁਣ ਲਿਆ ਗਿਆ। ਸਾਰੇ ਪਿੰਡ ਵਾਲੇ ਉਸ ਨੂੰ ਅੰਮਾ ਕਹਿ ਕੇ ਸਤਿਕਾਰਦੇ ਸਨ। ਇੱਥੇ ਹੀ ਬਸ ਨਹੀਂ ਉਸ ਦਾ ਵੱਡਾ ਲੜਕਾ ਫ਼ਜ਼ਲਦੀਨ ਪੜਾਈ ਵਿਚ ਬਹੁਤ ਹੁਸ਼ਿਆਰ ਸੀ, ਜਦ ਉਹ 22 ਸਾਲ ਦਾ ਹੋਇਆ ਤਾਂ ਉਹ ਆਈ. ਏ. ਐਸ. ਦਾ ਇਮਤਿਹਾਨ ਪਾਸ ਕਰ ਕੇ ਜੰਮੂ ਕਸ਼ਮੀਰ ਸਰਕਾਰ ਦੇ ਹੋਮ ਵਿਭਾਗ ਵਿਚ ਸੈਕਟਰੀ ਲੱਗ ਗਿਆ। ਉਸ ਦੀ ਸਰਕਾਰੀ ਦਰਬਾਰੇ ਬਹੁਤ ਪਹੁੰਚ ਅਤੇ ਮਾਣ ਇੱਜ਼ਤ ਸੀ। ਛੋਟੇ ਬੱਚੇ ਵੀ ਵੱਡੇ ਹੋ ਕੇ ਆਪਣੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਗਏ ਅਤੇ ਨੇੜੇ ਦੇ ਪਿੰਡਾਂ ਵਿਚ ਹੀ ਵਿਆਹੇ ਗਏ। ਅੱਗੋਂ ਉਨ੍ਹਾਂ ਦੇ ਤਿੰਨ-ਤਿੰਨ ਚਾਰ-ਚਾਰ ਬੱਚੇ ਵੀ ਹੋ ਗਏ। ਹੁਣ ਪਿੰਡ ਵਿਚ ਕਾਸਮ ਅਤੇ ਅੱਲ੍ਹਾ ਰੱਖੀ ਦੇ ਪਰਿਵਾਰ ਦਾ ਪੂਰਾ ਦਬਦਬਾ ਸੀ।
ਸਮਾਂ ਬੀਤਦਾ ਗਿਆ। ਗੁਆਂਢੀ ਮੁਲਕ ਦੇ ਰੰਗ-ਢੰਗ ਕੁਝ ਬਦਲਦੇ ਗਏ। ਉਹ ਭਾਰਤ ਖਿਲਾਫ਼ ਅੱਤਵਾਦੀਆਂ ਨੂੰ ਪਨਾਹ ਦਿੰਦਾ ਰਿਹਾ। ਇਹ ਅੱਤਵਾਦੀ ਨਿੱਤ ਭਾਰਤ ਅੰਦਰ ਆ ਕੇ ਕੋਈ ਨਾ ਕੋਈ ਭਿਆਨਕ ਕਾਰਾ ਕਰ ਕੇ ਇੱਥੋਂ ਦੀ ਜਾਨ-ਮਾਲ ਦਾ ਨੁਕਸਾਨ ਕਰ ਜਾਂਦੇ। ਇਸ ਦਾ ਸਿੱਟਾ 1965 ਅਤੇ 1971 ਦੀਆਂ ਦੋ ਭਿਆਨਕ ਜੰਗਾਂ ਅਤੇ ਕਈ ਖ਼ੂਨੀ ਝੜਪਾਂ ਵਿਚ ਹੋਇਆ। ਇਨ੍ਹਾਂ ਸਾਰੇ ਕਾਰਿਆਂ ਲਈ ਅੰਮਾ ਦਾ ਪਰਿਵਾਰ ਪਾਕਿਸਤਾਨ ਨੂੰ ਹੀ ਦੋਸ਼ੀ ਮੰਨਦਾ ਸੀ।
2023 ਵਿਚ ਕਾਸਮ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਅੰਮਾਂ ਨੂੰ ਬਹੁਤ ਸਦਮਾ ਪਹੁੰਚਿਆ। ਹੁਣ ਉਹ 78 ਸਾਲ ਦੀ ਹੋ ਗਈ ਸੀ । ਸਰੀਰ ਵੀ ਕਾਫੀ ਕਮਜ਼ੋਰ ਹੋ ਗਿਆ ਸੀ। ਉਸ ਨੂੰ ਚੱਕਰ ਆਉਂਦੇ ਰਹਿੰਦੇ ਸਨ। ਡਰ ਸੀ ਕਿ ਕਿਧਰੇ ਉਹ ਚੱਕਰ ਖਾ ਕੇ ਜ਼ਮੀਨ 'ਤੇ ਹੀ ਨਾ ਡਿੱਗ ਪਏ। ਪਿੰਡ ਦੇ ਸਾਰੇ ਲੋਕ ਹਾਲੇ ਵੀ ਅੰਮਾ ਦੀ ਬਹੁਤ ਇੱਜ਼ਤ ਕਰਦੇ ਸਨ ਅਤੇ ਉਸ ਦੀ ਕਹੀ ਹੋਈ ਹਰ ਗਲ ਮੰਨੀ ਜਾਂਦੀ ਸੀ।
22 ਅਪ੍ਰੈਲ, 2025 ਦਾ ਬੜਾ ਸੋਹਣਾ ਦਿਨ ਸੀ। ਸਾਰੇ ਕਸ਼ਮੀਰ ਵਿਚ ਸੈਲਾਨੀਆਂ ਦੀ ਭਰਮਾਰ ਸੀ। ਸਾਰੇ ਹੋਟਲ ਅਤੇ ਸ਼ਿਕਾਰੇ ਭਰੇ ਪਏ ਸਨ। ਅਜਿਹੇ ਦਿਨ ਪਹਿਲਗਾਮ ਦੇ ਟੂਰਿਸਟ ਸਪੋਟ 'ਤੇ ਸੈਲਾਨੀਆਂ ਦੀ ਖ਼ੂਬ ਰੌਣਕ ਸੀ। ਸਾਰੇ ਮੌਜ ਮਸਤੀ ਕਰ ਰਹੇ ਸਨ। ਇਸ ਸਮੇਂ ਦੇਖਦਿਆਂ ਦੇਖਦਿਆਂ ਹੀ ਪਤਾ ਨਹੀਂ ਕਿੱਧਰੋਂ ਚਾਰ ਪੰਜ ਹਥਿਆਰਬੰਦ ਅੱਤਵਾਦੀ ਆਏ ਅਤੇ ਠਾਹ-ਠਾਹ ਗੋਲੀਆਂ ਚਲਾ ਕੇ 26 ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਪਤਾ ਨਹੀਂ ਕਿੱਧਰ ਗਾਇਬ ਹੋ ਗਏ। ਹੈਰਾਨੀ ਦੀ ਗੱਲ ਇਹ ਕਿ ਉਸ ਸਮੇਂ ਉੱਥੇ ਭਾਰਤ ਦਾ ਕੋਈ ਵੀ ਸੁਰੱਖਿਆ ਕਰਮਚਾਰੀ ਅੱਤਵਾਦੀਆਂ ਨੂੰ ਰੋਕਣ ਵਾਲਾ ਨਹੀਂ ਸੀ ਅਤੇ ਨਾ ਹੀ ਕੋਈ ਡਾਕਟਰੀ ਸਟਾਫ ਮੌਜੂਦ ਸੀ। ਸੈਲਾਨੀਆਂ ਨੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ। ਚਾਰੇ ਪਾਸੇ ਚੀਖ ਚਿਹਾੜਾ ਮਚ ਗਿਆ। ਇਸ ਕਾਲੇ ਕਾਰਨਾਮੇ ਨਾਲ ਸਾਰਾ ਭਾਰਤ ਦਹਿਲ ਉੱਠਿਆ। ਉਨ੍ਹਾਂ ਅੰਦਰ ਗੁੱਸੇ ਦੀ ਅੱਗ ਭੜਕ ਪਈ। ਸਭ ਦਾ ਖਿਆਲ ਸੀ ਕਿ ਇਹ ਪਾਕਿਸਤਾਨ ਦੇ ਭੇਜੇ ਹੋਏ ਅੱਤਵਾਦੀਆਂ ਦਾ ਕਾਰਾ ਸੀ।
ਭਾਰਤ ਇਸ ਦਰਿੰਦਗੀ ਦੇ ਕਾਰੇ ਦਾ ਪਾਕਿਸਤਾਨ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ, ਤਾਂ ਕਿ ਅੱਗੇ ਤੋਂ ਉਹ ਅਜਿਹੀ ਹਰਕਤ ਕਰਨ ਤੋਂ ਬਾਜ਼ ਆਏ। ਇਸ ਲਈ ਪਾਕਿਸਤਾਨੀ ਹੁਕਮਰਾਨ ਅਤੇ ਅਵਾਮ ਵੀ ਸਹਿਮੇ ਪਏ ਸਨ। ਦੋਹਾਂ ਮੁਲਕਾਂ 'ਤੇ ਜੰਗ ਦੇ ਬੱਦਲ ਮੰਡਰਾਉਣ ਲੱਗੇ। ਭਾਰਤ ਦੀਆਂ ਖੁਫੀਆ ਰਿਪੋਰਟਾਂ ਦਾ ਖਿਆਲ ਸੀ ਕਿ ਅੱਤਵਾਦੀ ਹਾਲੇ ਕਿਧਰੇ ਗਏ ਨਹੀਂ ਸਨ। ਉਹ ਇੱਥੇ ਹੀ ਕਿਸੇ ਦੇ ਘਰ ਛਿਪੇ ਹੋਏ ਸਨ। ਉਹ ਦੇਸ਼ ਦਾ ਕਿਹੜਾ ਗ਼ਦਾਰ ਹੈ, ਜਿਸ ਨੇ ਇਨ੍ਹਾਂ ਨੂੰ ਆਪਣੇ ਘਰ ਪਨਾਹ ਦੇ ਰੱਖੀ ਹੈ? ਇਹ ਜਾਣਨ ਲਈ ਕਸ਼ਮੀਰ ਦੇ ਘਰ ਘਰ ਦੀ ਤਲਾਸ਼ੀ ਫ਼ੌਜ ਵਲੋਂ ਸ਼ੁਰੂ ਹੋਈ। ਫ਼ਜ਼ਲਦੀਨ ਦੇ ਘਰ ਵੀ ਰੇਡ ਪਈ। ਉਸ ਨੇ ਬਥੇਰਾ ਸਮਝਾਇਆ ਕਿ ਉਹ ਕਸ਼ਮੀਰ ਦੇ ਹੋਮ ਵਿਭਾਗ ਵਿਚ ਸੈਕਟਰੀ ਲੱਗਾ ਹੋਇਆ ਹੈ ਪਰ ਕਿਸੇ ਨੇ ਉਸ ਦੀ ਇਕ ਨਾ ਸੁਣੀ। ਉਹ ਖ਼ੂਨ ਦੇ ਘੁੱਟ ਪੀ ਕੇ ਰਹਿ ਗਿਆ। ਰੇਡ ਵਿਚ ਉਸ ਦੇ ਘਰ ਵਿਚੋਂ ਇਤਰਾਜ਼ ਯੋਗ ਕੋਈ ਚੀਜ਼ ਨਾ ਮਿਲੀ ਪਰ ਉਸ ਦੇ ਮੱਥੇ 'ਤੇ ਕਾਲਾ ਧੱਬਾ ਜ਼ਰੂਰ ਲੱਗ ਗਿਆ। ਉਸ ਨੂੰ ਜਾਪਿਆ ਜਿਵੇਂ ਕਿਸੇ ਨੇ ਉਸ ਨੂੰ ਸਰੇ ਬਾਜ਼ਾਰ ਨੰਗਾ ਕਰ ਦਿੱਤਾ ਹੋਵੇ। ਐਡੇ ਵੱਡੇ ਅਫ਼ਸਰ ਦੇ ਘਰ ਰੇਡ ਪੈਣੀ ਸ਼ਰਮ ਦੀ ਗੱਲ ਸੀ। ਕਈ ਲੋਕੀਂ ਤਾਂ ਉਸ ਦੀ ਪਿੱਠ ਪਿੱਛੇ ਦੱਬੀ ਆਵਾਜ਼ ਵਿਚ ਦੇਸ਼ ਦਾ ਗ਼ਦਾਰ ਵੀ ਆਖਦੇ। (ਚਲਦਾ)

# 1183, ਫੇਜ਼-10, ਮੁਹਾਲੀ>
ਮੋਬਾਈਲ:-94631-89432
email: gursharan1183@yahoo.in

ਪਿਛਲੀ ਖ਼ਬਰ ਨਹਿਲੇ 'ਤੇ ਦਹਿਲਾ ਮੱਝ ਟੁੱਥ ਪੇਸਟ ਕਰ ਰਹੀ ਏ ਅਗਲੀ ਖ਼ਬਰ ਕੁੜੀਆਂ ਚਿੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।