ਫਗਵਾੜਾ, 31 ਅਗਸਤ (ਹਰਜੋਤ ਸਿੰਘ ਚਾਨਾ)- ਸ਼ਹਿਰ ਵਿਚ ਅੱਜ ਸਵੇਰੇ ਤਿੰਨ ਵਜੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ਪੂਰੀ ਤਰ੍ਹਾਂ ਜਲਥਲ ਹੋ ਗਿਆ | ਕਈ ਘੰਟਿਆਂ ਤੱਕ ਤੇਜ਼ ਮੀਂਹ ਨੇ ਸ਼ਹਿਰ ਦੀ ਹਾਲਤ ਖ਼ਰਾਬ ਕਰ ਦਿੱਤੀ | ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਅਰਬਨ ਅਸਟੇਟ, ਪ੍ਰੇਮਪੁਰਾ, ਪੁਰਾਣਾ ਡਾਕਖ਼ਾਨਾ ਰੋਡ, ਬੰਗਾ ਰੋਡ, ਸਰਾਏ ਰੋਡ, ਗਊਸ਼ਾਲਾ ਰੋਡ, ਖੇੜਾ ਰੋਡ, ਪਲਾਹੀ ਰੋਡ, ਹਦੀਆਬਾਦ, ਸੁਭਾਸ਼ ਨਗਰ ਤੇ ਸਿਵਲ ਹਸਪਤਾਲ ਵਰਗੇ ਅਹਿਮ ਇਲਾਕੇ ਪਾਣੀ ਨਾਲ ਭਰ ਗਏ | ਮੀਂਹ ਦਾ ਪਾਣੀ ਘਰਾਂ ਤੇ ਦੁਕਾਨਾਂ 'ਚ ਵੜ ਗਿਆ ਜਿਸ ਨਾਲ ਦੁਕਾਨਦਾਰਾਂ ਦਾ ਨੁਕਸਾਨ ਵੀ ਹੋਇਆ | ਲੋਕਾਂ ਦਾ ਕਹਿਣਾ ਹੈ ਕਿ ਪਾਣੀ ਜਮ੍ਹਾਂ ਹੋਣ ਕਾਰਨ ਸੜਕਾਂ ਦੀ ਹਾਲਤ ਹੋਰ ਵੀ ਖ਼ਰਾਬ ਹੋ ਰਹੀ ਹੈ ਤੇ ਸੜਕਾਂ ਪਹਿਲਾਂ ਹੀ ਟੁੱਟੀਆਂ ਪਈਆਂ ਹਨ | ਸਥਾਨਕ ਲੋਕਾਂ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਨਾਰਾਜ਼ਗੀ ਜਤਾਈ | ਉਨ੍ਹਾਂ ਦਾ ਦੋਸ਼ ਹੈ ਕਿ ਨਿਗਮ ਵੱਲੋਂ ਸਿਰਫ਼ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ 'ਚ ਪਾਣੀ ਨਿਕਾਸੀ ਲਈ ਕੋਈ ਯੋਜਨਾ ਨਹੀਂ ਹੈ | ਕਈ ਸਾਲਾਂ ਤੋਂ ਬੰਦ ਪਏ ਨਾਲਿਆਂ ਤੇ ਸੀਵਰੇਜ ਦੀ ਨਾ ਤਾਂ ਮੁਰੰਮਤ ਕੀਤੀ ਗਈ ਹੈ ਤੇ ਨਾ ਹੀ ਸਫ਼ਾਈ | ਇਸ ਲਾਪਰਵਾਹੀ ਕਾਰਨ ਹਰ ਬਾਰਿਸ਼ ਵਿਚ ਆਮ ਲੋਕਾਂ ਤੇ ਵਪਾਰੀਆਂ ਨੂੰ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ | ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਬੰਦ ਪਏ ਨਾਲਿਆਂ ਤੇ ਸੀਵਰੇਜ ਲਾਈਨਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ |