06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬਲੋਚ ਲੜਾਕਿਆਂ ਦੀ ਕੈਦ 'ਚ ਰੋਂਦੇ ਹੋਏ ਪਾਕਿ ਫ਼ੌਜੀਆਂ ਵਲੋਂ ਰਿਹਾਈ ਦੀ ਅਪੀਲ

ਅਜੀਤ ਡੈਸਕ 21-02-2026

ਕਿਹਾ, ਅਸੀਂ ਦੇਸ਼ ਲਈ ਲੜੇ, ਪਰ ਸਰਕਾਰ ਨੂੰ ਸਾਡੀ ਨਹੀਂ ਕੋਈ ਪ੍ਰਵਾਹ
ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਵੱਖਵਾਦੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਪਾਕਿਸਤਾਨੀ ਫ਼ੌਜ ਦੇ ਝੂਠ ਦਾ ਜਨਤਕ ਤੌਰ 'ਤੇ ਪਰਦਾਫਾਸ਼ ਕੀਤਾ ਹੈ | ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਡਾਇਰੈਕਟਰ ਲੈਫ਼ਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਕੋਈ ਵੀ ਫ਼ੌਜੀ ਜਵਾਨ ਬੀ. ਐੱਲ. ਏ. ਦੀ ਹਿਰਾਸਤ 'ਚ ਨਹੀਂ ਹੈ, ਪਰ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਵਲੋਂ ਜਾਰੀ ਕੀਤੀ ਗਈ ਇਕ ਨਵੀਂ ਵੀਡੀਓ 'ਚ ਪਾਕਿ ਫ਼ੌਜ ਦੇ ਇਸ ਦਾਅਵੇ 'ਤੇ ਸਵਾਲ ਉਠਾਏ ਗਏ ਹਨ | ਪਹਿਲਾਂ ਦੀਆਂ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਬੀ.ਐੱਲ.ਏ. ਨੇ 7 ਸੈਨਿਕਾਂ ਨੂੰ ਹਿਰਾਸਤ 'ਚ ਲਿਆ ਹੈ, ਪਰ ਨਵੀਂ ਵੀਡੀਓ 'ਚ 8 ਪਾਕਿਸਤਾਨੀ ਸੈਨਿਕਾਂ ਨੂੰ ਪਥਰੀਲੀ ਧਰਤੀ 'ਤੇ ਜ਼ਮੀਨ 'ਤੇ ਗੋਡੇ ਟੇਕਦੇ ਵਿਖਾਇਆ ਗਿਆ ਹੈ, ਜਿਨ੍ਹਾਂ ਨੇੜੇ ਹਥਿਆਰਬੰਦ ਆਦਮੀ ਖੜ੍ਹੇ ਹਨ | ਬੀ.ਐੱਲ.ਏ. ਨੇ ਸੈਨਿਕਾਂ ਨੂੰ ਬੰਧਕ ਬਣਾਏ ਜਾਣ ਦੇ ਵੀਡੀਓਜ਼ ਜਾਰੀ ਕਰਕੇ ਪਾਕਿ ਸਰਕਾਰ ਦੀ ਕੈਦ ਵਿਚਲੇ ਬਲੋਚ ਕੈਦੀਆਂ ਦੇ ਤਬਾਦਲੇ ਲਈ 22 ਫਰਵਰੀ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਹੈ | ਸਮੂਹ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮਾਂ ਸੀਮਾ ਤੋਂ ਪਹਿਲਾਂ ਗੱਲਬਾਤ ਨਹੀਂ ਕੀਤੀ ਜਾਂਦੀ ਤਾਂ ਫੜੇ ਗਏ ਸੈਨਿਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ | ਵੀਡੀਓ 'ਚ ਇਕ ਪਾਕਿਸਤਾਨੀ ਫ਼ੌਜੀ ਹੰਝੂ ਭਰੀਆਂ ਅੱਖਾਂ ਨਾਲ ਆਪਣੇ ਅਧਿਕਾਰੀਆਂ ਨੂੰ ਸਵਾਲ ਕਰ ਰਿਹਾ ਹੈ ਕਿ ਉਹ ਕਿਵੇਂ ਦਾਅਵਾ ਕਰ ਸਕਦੇ ਹਨ ਕਿ ਅਸੀਂ ਉਨ੍ਹਾਂ ਦੇ ਸੈਨਿਕ ਨਹੀਂ ਹਾਂ | ਆਪਣਾ ਪਛਾਣ ਪੱਤਰ ਤੇ ਨਾਦਰਾ ਦੇ ਸ਼ਨਾਖ਼ਤੀ ਕਾਰਡ ਵਿਖਾਉਂਦੇ ਹੋਏ ਸਿਪਾਹੀ ਨੇ ਕਿਹਾ ਕਿ ਇਹ ਪਾਕਿਸਤਾਨੀ ਫ਼ੌਜ ਦੁਆਰਾ ਜਾਰੀ ਕੀਤਾ ਗਿਆ ਸੀ ਤੇ ਅੱਜ ਉਹੀ ਫ਼ੌਜ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਰਹੀ ਹੈ | ਬੰਦੀ ਬਣਾਏ ਗਏ ਸੈਨਿਕਾਂ ਨੇ ਪਾਕਿ ਫ਼ੌਜ ਦੀ ਲੀਡਰਸ਼ਿਪ ਤੇ ਪਾਕਿ ਸਰਕਾਰ ਤੋਂ ਬਲੋਚ ਕੈਦੀਆਂ ਲਈ ਬੰਧਕ ਬਦਲੀ ਦੀ ਬੀ.ਐੱਲ.ਏ. ਦੀ ਮੰਗ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ | ਬੀ. ਐੱਲ. ਏ. ਦੇ ਮੀਡੀਆ ਵਿੰਗ ਹੱਕਲ ਦੁਆਰਾ ਜਾਰੀ ਇਕ ਵੀਡੀਓ 'ਚ ਕਿਹਾ ਗਿਆ ਹੈ ਕਿ 7 ਦਿਨਾਂ ਦੇ ਅਲਟੀਮੇਟਮ 'ਚ ਹੁਣ ਸਿਰਫ਼ ਤਿੰਨ ਦਿਨ ਹੀ ਬਾਕੀ ਬਚੇ ਹਨ | ਪਾਕਿਸਤਾਨੀ ਫ਼ੌਜ ਜਾਂ ਸਰਕਾਰ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ |

ਪਿਛਲੀ ਖ਼ਬਰ 8 ਆਈ.ਏ.ਐਸ. ਤੇ 88 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਗਲੀ ਖ਼ਬਰ ਜੱਜ ਨੇ ਰੂਸੀ ਤੇਲ ਖ਼ਰੀਦਣ ਲਈ ਭਾਰਤ 'ਤੇ ਲਗਾਏ ਟੈਰਿਫ਼ ਦਾ ਦਿੱਤਾ ਹਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।