06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਹਿਮਾਚਲ ਜਾਣਾ ਹੋਵੇਗਾ ਮਹਿੰਗਾ-ਸੂਬਾ ਸਰਕਾਰ ਅਗਲੇ ਵਿੱਤੀ ਸਾਲ ਤੋਂ ਟੋਲ ਫ਼ੀਸ ਵਧਾਏਗੀ

ਅਜੀਤ ਡੈਸਕ 21-02-2026
ਸ਼ਿਮਲਾ, 20 ਫਰਵਰੀ (ਏਜੰਸੀ)-1 ਅਪ੍ਰੈਲ ਤੋਂ ਹਿਮਾਚਲ ਪ੍ਰਦੇਸ਼ ਆਉਣ ਵਾਲੇ ਸੈਲਾਨੀਆਂ ਨੂੰ ਐਂਟਰੀ ਪੁਆਇੰਟਾਂ 'ਤੇ ਲੱਗੇ ਟੋਲ ਬੈਰੀਅਰਾਂ 'ਤੇ ਵਧੇਰੇ ਭੁਗਤਾਨ ਕਰਨਾ ਪਵੇਗਾ, ਕਿਉਂਕਿ ਰਾਜ ਦੀ ਸੋਧੀ ਹੋਈ ਟੋਲ ਨੀਤੀ ਅਗਲੇ ਵਿੱਤੀ ਸਾਲ ਤੋਂ ਲਾਗੂ ਹੋਵੇਗੀ, ਜਿਸਦੇ ਨਤੀਜੇ ਵਜੋਂ ਦੂਜੇ ਰਾਜਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦਿੱਲੀ ਤੋਂ ਆਉਣ ਵਾਲੇ ਨਿੱਜੀ ਵਾਹਨਾਂ ਲਈ ਫੀਸਾਂ 'ਚ ਕਾਫ਼ੀ ਵਾਧਾ ਹੋਵੇਗਾ | ਟੋਲ ਚਾਰਜ ਹੁਣ ਵਾਹਨ ਦੇ ਆਧਾਰ 'ਤੇ 30 ਤੋਂ 180 ਰੁਪਏ ਤੱਕ ਵਧਣਗੇ | ਹਾਲਾਂਕਿ, ਹਿਮਾਚਲ 'ਚ ਰਜਿਸਟਰਡ ਵਾਹਨਾਂ ਨੂੰ ਟੋਲ ਟੈਕਸ ਤੋਂ ਛੋਟ ਹੋਵੇਗੀ | ਟੋਲ ਨੀਤੀ 2026-27 ਅਨੁਸਾਰ ਕਾਰਾਂ, ਜੀਪਾਂ ਅਤੇ ਵੈਨਾਂ ਵਰਗੇ ਹਲਕੇ ਵਾਹਨਾਂ ਤੋਂ 70 ਦੀ ਬਜਾਏ 170 ਰੁਪਏ ਦੀ ਸੋਧੀ ਹੋਈ ਫੀਸ ਲਈ ਜਾਵੇਗੀ | ਹਾਲਾਂਕਿ, ਦੋ ਐਕਸਲ ਤੱਕ ਵਾਲੀਆਂ ਬੱਸਾਂ ਅਤੇ ਟਰੱਕਾਂ ਲਈ 570 ਦੀ ਟੋਲ ਫੀਸ 'ਚ ਕੋਈ ਬਦਲਾਅ ਨਹੀਂ ਹੋਵੇਗਾ | ਹਲਕੇ ਵਪਾਰਕ ਵਾਹਨਾਂ ਅਤੇ ਮਿੰਨੀ ਬੱਸਾਂ ਲਈ ਨਵਾਂ ਰੋਜ਼ਾਨਾ ਚਾਰਜ 320 ਰੁਪਏ ਨਿਰਧਾਰਤ ਕੀਤਾ ਗਿਆ ਹੈ, ਜਦੋਂ ਕਿ ਤਿੰਨ ਐਕਸਲ ਵਾਲੇ ਵਪਾਰਕ ਵਾਹਨਾਂ ਨੂੰ 600 ਅਦਾ ਕਰਨੇ ਪੈਣਗੇ | ਭਾਰੀ ਨਿਰਮਾਣ ਮਸ਼ੀਨਰੀ ਨੂੰ 800 ਰੁਪਏ ਅਦਾ ਕਰਨੇ ਪੈਣਗੇ ਤੇ ਸੱਤ ਜਾਂ ਵੱਧ ਐਕਸਲ ਵਾਲੇ ਵੱਡੇ ਵਾਹਨਾਂ ਨੂੰ ਹਿਮਾਚਲ ਪ੍ਰਦੇਸ਼ 'ਚ ਟੋਲ ਗੇਟਾਂ 'ਚੋਂ ਲੰਘਣ ਲਈ 900 ਰੁਪਏ ਅਦਾ ਕਰਨੇ ਪੈਣਗੇ | ਹਿਮਾਚਲ 'ਚ 55 ਟੋਲ ਬੈਰੀਅਰ ਹਨ ਤੇ ਵਧੇ ਹੋਏ ਖ਼ਰਚਿਆਂ ਦਾ ਸੈਲਾਨੀ ਅਤੇ ਮਾਲ ਆਵਾਜਾਈ ਦੋਵਾਂ 'ਤੇ ਪ੍ਰਭਾਵ ਪੈਣ ਦੀ ਉਮੀਦ ਹੈ | ਇਸ ਦÏਰਾਨ, ਹਿਮਾਚਲ ਪ੍ਰਦੇਸ਼ ਪ੍ਰਾਈਵੇਟ ਬੱਸ ਆਪਰੇਟਰਜ਼ ਐਸੋਸੀਏਸ਼ਨ ਅਤੇ ਬੱਸ ਐਂਡ ਕਾਰ ਆਪਰੇਟਰਜ਼ ਕਨਫੈਡਰੇਸ਼ਨ ਆਫ ਇੰਡੀਆ ਦੀ ਸੂਬਾ ਇਕਾਈ ਨੇ ਪ੍ਰਸਤਾਵਿਤ ਟੋਲ ਟੈਕਸ ਵਾਧੇ 'ਤੇ ਸਖ਼ਤ ਇਤਰਾਜ਼ ਜਤਾਇਆ ਹੈ | ਸੰਗਠਨਾਂ ਨੇ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ, ਇਹ ਕਹਿੰਦੇ ਹੋਏ ਕਿ ਊਨਾ-ਜਸੂਰ ਵਾਇਆ ਤਲਵਾੜਾ, ਜੱਸੂਰ-ਧੰਗੂ ਵਾਇਆ ਪਠਾਨਕੋਟ ਤੇ ਊਨਾ-ਨੈਣਾ ਦੇਵੀ ਵਾਇਆ ਨੰਗਲ ਵਰਗੇ ਰੂਟ ਅੰਦਰੂਨੀ ਆਵਾਜਾਈ ਦਾ ਹਿੱਸਾ ਹਨ ਤੇ ਇਸ ਲਈ, ਇਨ੍ਹਾਂ ਰੂਟਾਂ 'ਤੇ ਐਂਟਰੀ ਟੋਲ ਲਗਾਉਣਾ ਵਿਵਹਾਰਕ ਨਹੀਂ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਏ.ਆਈ. ਕੰਪਨੀਆਂ ਦੇ ਮੁਖੀਆਂ ਨਾਲ ਮੀਟਿੰਗਾਂ ਅਗਲੀ ਖ਼ਬਰ ਭਾਰਤ ਵਲੋਂ ਅਮਰੀਕਾ ਨਾਲ ਪੈਕਸ ਸਿਲਿਕਾ ਸਮਝੌਤੇ 'ਤੇ ਦਸਤਖ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।