ਕਿਹਾ, ਵੱਡੀ ਜੰਗ 'ਚ ਬਦਲ ਸਕਦਾ ਹੈ ਇਹ ਸੰਘਰਸ਼
ਬਰੱਸਲਜ਼, 28 ਫਰਵਰੀ (ਏਜੰਸੀ)-ਵਿਸ਼ਵ ਭਰ ਦੇ ਨੇਤਾਵਾਂ ਨੇ ਈਰਾਨ 'ਤੇ ਅਮਰੀਕੀ ਤੇ ਇਜ਼ਰਾਈਲੀ ਹਮਲਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਸੰਘਰਸ਼ ਵੱਡੀ ਜੰਗ 'ਚ ਬਦਲ ਸਕਦਾ ਹੈ | ਯੂਰਪੀਅਨ ਆਗੂਆਂ ਨੇ ਇਸ ਮੁੱਦੇ 'ਤੇ ਅਹਿਮ ਮੀਟਿੰਗਾਂ ਕੀਤੀਆਂ | ਆਸਟ੍ਰੇਲੀਆ ਤੇ ਕੈਨੇਡਾ ਨੇ ਹਮਲਿਆਂ ਦਾ ਖੁੱਲ੍ਹ ਕੇ ਸਮਰਥਨ ਕੀਤਾ, ਜਦੋਂ ਕਿ ਰੂਸ ਤੇ ਚੀਨ ਨੇ ਆਲੋਚਨਾ ਕੀਤੀ | ਬਰਤਾਨੀਆ, ਫਰਾਂਸ ਤੇ ਜਰਮਨੀ ਨੇ ਅਮਰੀਕਾ-ਈਰਾਨ ਪ੍ਰਮਾਣੂ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਅਤੇ ਇਲਾਕੇ ਦੇ ਦੇਸ਼ਾਂ 'ਤੇ ਈਰਾਨੀ ਹਮਲਿਆਂ ਦੀ ਨਿੰਦਾ ਕੀਤੀ | ਬਿ੍ਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਤੇ ਜਰਮਨ ਚਾਂਸਲਰ ਫ੍ਰੈਡਰਿਕ ਮਰਜ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ਾਂ ਨੇ ਈਰਾਨ 'ਤੇ ਹਮਲਿਆਂ 'ਚ ਹਿੱਸਾ ਨਹੀਂ ਲਿਆ, ਪਰ ਉਹ ਅਮਰੀਕਾ, ਇਜ਼ਰਾਈਲ ਤੇ ਇਲਾਕੇ ਦੇ ਭਾਈਵਾਲਾਂ ਦੇ ਸੰਪਰਕ 'ਚ ਹਨ | ਰੂਸ ਦੇ ਵਿਦੇਸ਼ ਮੰਤਰਾਲੇ ਨੇ ਹਮਲਿਆਂ ਨੂੰ ਬਿਨਾਂ ਉਕਸਾਏ ਕੀਤੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਇਕ ਆਜ਼ਾਦ ਤੇ ਯੂ.ਐਨ. ਮੈਂਬਰ ਦੇਸ਼ ਦੇ ਖਿਲਾਫ਼ ਹਮਲੇ ਕਰਨ ਦੀ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ | ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਈਰਾਨ ਦੀ ਆਜ਼ਾਦੀ, ਸੁਰੱਖਿਆ ਤੇ ਇਲਾਕੇ ਦੀ ਏਕਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ | ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹੀਮ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਵੀ ਈਰਾਨ 'ਤੇ ਹਮਲਿਆਂ ਦੀ ਨਿੰਦਾ ਕੀਤੀ |
ਵਿਸ਼ਵ ਭਰ ਦੇ ਆਗੂਆਂ ਨੇ ਜਤਾਈ ਚਿੰਤਾ
ਅਜੀਤ ਡੈਸਕ
01-03-2026