ਨਵੀਂ ਦਿੱਲੀ, 14 ਮਈ (ਏਜੰਸੀ)-ਈਰਾਨ 'ਚ ਜਾਰੀ ਤਣਾਅ ਦਰਮਿਆਨ ਹੋਰਮੁਜ਼ ਸਟ੍ਰੇਟ 'ਚ ਓਮਾਨ ਤੱਟ ਕੋਲ ਇਕ ਭਾਰਤੀ ਜਹਾਜ਼ ਡੁੱਬ ਗਿਆ, ਜਹਾਜ਼ 'ਚ ਮੌਜੂਦ ਸਾਰੇ 14 ਚਾਲਕ ਦਲ ਦੇ ਮੈਂਬਰਾਂ ਨੂੰ ਬਚਾਅ ਲਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਜਹਾਜ਼ 'ਤੇ ਡਰੋਨ ਹਮਲਾ ਕੀਤਾ ਗਿਆ ਸੀ | ਭਾਰਤੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਓਮਾਨ ਦੇ ਤੱਟ ਕੋਲ ਭਾਰਤੀ ਝੰਡੇ ਵਾਲੇ ਇਕ ਵਪਾਰਕ ਜਹਾਜ਼ 'ਤੇ ਹਮਲਾ ਹੋਇਆ ਹੈ ਪਰ ਉਸ ਦੇ ਅਮਲੇ ਦੇ ਸਾਰੇ ਮੈਂਬਰ ਸੁਰੱਖਿਅਤ ਹਨ | ਅਜੇ ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਬੁੱਧਵਾਰ ਨੂੰ ਜਹਾਜ਼ 'ਤੇ ਹਮਲਾ ਕਿਸਨੇ ਕੀਤਾ ਸੀ | ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਨੂੰ ਨਾ-ਸਵੀਕਾਰਨਯੋਗ ਦੱਸਿਆ ਹੈ | ਮੰਤਰਾਲੇ ਨੇ ਕਿਹਾ ਕਿ ਕੱਲ੍ਹ ਓਮਾਨ ਦੇ ਤੱਟ ਕੋਲ ਭਾਰਤੀ ਝੰਡੇ ਵਾਲੇ ਜਹਾਜ਼ 'ਤੇ ਹੋਇਆ ਹਮਲਾ ਨਾ-ਸਵੀਕਾਰਨਯੋਗ ਹੈ ਅਤੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਕਿ ਵਪਾਰਕ ਜਹਾਜ਼ਾਂ ਅਤੇ ਆਮ ਮਲਾਹਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਮੰਤਰਾਲੇ ਨੇ ਅੱਗੇ ਕਿਹਾ ਕਿ ਜਹਾਜ਼ 'ਤੇ ਮੌਜੂਦ ਸਾਰੇ ਭਾਰਤੀ ਅਮਲੇ ਦੇ ਮੈਂਬਰ ਸੁਰੱਖਿਅਤ ਹਨ ਅਤੇ ਅਸੀਂ ਉਨ੍ਹਾਂ ਨੂੰ ਬਚਾਉਣ ਲਈ ਓਮਾਨ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੀ ਗੱਲ ਦੁਹਰਾਉਂਦਾ ਹੈ ਕਿ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ, ਬੇਕਸੂਰ ਆਮ ਅਮਲੇ ਦੇ ਮੈਂਬਰਾਂ ਦੀ ਜਾਨ ਖ਼ਤਰੇ 'ਚ ਪਾਉਣ ਜਾਂ ਕਿਸੇ ਵੀ ਤਰਾਂ ਨਾਲ ਜਹਾਜ਼ਾਂ ਦੇ ਆਉਣ-ਜਾਣ ਅਤੇ ਵਪਾਰ ਦੀ ਆਜ਼ਾਦੀ 'ਚ ਰੁਕਾਵਟ ਪਾਉਣ ਤੋਂ ਬਚਣਾ ਚਾਹੀਦਾ ਹੈ |