ਇਕ ਦਿਨ 'ਚ 700 ਮੈਗਾਵਾਟ ਤੋਂ ਵਧੀ ਬਿਜਲੀ ਦੀ ਮੰਗ
ਅਜੀਤ ਡੈਸਕ
11-06-2026
ਜਲੰਧਰ/ਪਟਿਆਲਾ, 10 ਜੂਨ-ਲਗਾਤਾਰ ਪੈ ਰਹੀ ਕਹਿਰ ਦੀ ਗਰਮੀ ਕਾਰਨ ਇਕ ਪਾਸੇ ਜਿਥੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉਥੇ ਹੀ ਬਿਜਲੀ ਦੀ ਮੰਗ ਵੀ ਰੋਜ਼ਾਨਾ ਰਿਕਾਰਡ ਤੋੜ ਰਹੀ ਹੈ | ਪੰਜਾਬ 'ਚ ਗਰਮੀ ਦਾ ਐਨਾ ਜ਼ਿਆਦਾ ਪ੍ਰਕੋਪ ਵਧ ਗਿਆ ਹੈ ਕਿ ਇਕ ਦਿਨ ਵਿਚ 700 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਦੀ ਮੰਗ 'ਚ ਵਾਧਾ ਹੋਇਆ ਹੈ | ਪੰਜਾਬ 'ਚ ਤਿੱਖੀ ਗਰਮੀ ਅਤੇ ਝੋਨੇ ਦੀ ਬਿਜਾਈ ਦੇ ਤੀਜੇ ਤੇ ਆਖ਼ਰੀ ਪੜਾਅ ਦੀ ਸ਼ੁਰੂਆਤ ਕਾਰਨ ਬਿਜਲੀ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ | ਬੁੱਧਵਾਰ ਦੁਪਹਿਰ ਰਾਜ ਦੀ ਬਿਜਲੀ ਮੰਗ 16,130 ਮੈਗਾਵਾਟ ਤੱਕ ਪਹੁੰਚ ਗਈ, ਜਦੋਂਕਿ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਉਪਰ ਦਰਜ ਕੀਤਾ ਗਿਆ | ਜੂਨ ਮਹੀਨੇ ਦੌਰਾਨ ਪਹਿਲੀ ਵਾਰ ਬਿਜਲੀ ਦੀ ਮੰਗ 16,000 ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਗਈ ਹੈ | ਵਧਦੀ ਮੰਗ ਕਾਰਨ ਰਾਜ ਦੇ ਕਈ ਹਿੱਸਿਆਂ ਵਿਚ ਗੈਰ-ਤੈਅ ਸ਼ੁਦਾ ਬਿਜਲੀ ਕੱਟ ਵੀ ਲਗਾਉਣੇ ਪੈ ਰਹੇ ਹਨ, ਕਿਉਂਕਿ ਪਾਵਰਕਾਮ ਵਲੋਂ ਹਰ ਸੰਭਵ ਯਤਨ ਕਰਨ ਦੇ ਬਾਵਜੂਦ ਬਿਜਲੀ ਮੰਗ ਪੂਰੀ ਕਰਨੀ ਕਾਫੀ ਔਖਾ ਸਾਬਤ ਹੋ ਰਿਹਾ ਹੈ | ਪਿਛਲੇ ਸਾਲ 10 ਜੂਨ ਨੂੰ ਬਿਜਲੀ ਦੀ ਵਾਧੂ ਮੰਗ 16,192 ਮੈਗਾਵਾਟ ਦਰਜ ਕੀਤੀ ਗਈ ਸੀ ਅਤੇ 3,383 ਲੱਖ ਯੂਨਿਟ ਬਿਜਲੀ ਦੀ ਸਪਲਾਈ ਕੀਤੀ ਗਈ ਸੀ | ਬਿਜਲੀ ਦੀ ਮੰਗ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਕਈ ਸ਼ਹਿਰਾਂ ਅਤੇ ਅਰਧ-ਸ਼ਹਿਰੀ ਖੇਤਰਾਂ 'ਚ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ | ਮੰਗਲਵਾਰ ਨੂੰ ਰਾਜ ਦੀ ਬਿਜਲੀ ਮੰਗ 15,400 ਮੈਗਾਵਾਟ ਸੀ, ਜੋ ਬੁੱਧਵਾਰ ਨੂੰ ਵਧ ਕੇ 16,130 ਮੈਗਾਵਾਟ ਹੋ ਗਈ | ਬੁੱਧਵਾਰ ਦੁਪਹਿਰ ਪੰਜਾਬ ਦੀ ਆਪਣੀ ਕੁੱਲ ਬਿਜਲੀ ਉਤਪਾਦਨ ਸਮਰੱਥਾ 5,286 ਮੈਗਾਵਾਟ ਰਹੀ | ਦਿਨ ਦੇ ਸਮੇਂ ਰਾਜ ਵਲੋਂ ਸਸਤੀ ਸੂਰਜੀ ਊਰਜਾ ਵੀ ਖ਼ਰੀਦੀ ਜਾ ਰਹੀ ਹੈ | ਇਸ ਵੇਲੇ ਰੋਪੜ ਥਰਮਲ ਪਲਾਂਟ ਦੀਆਂ ਦੋ ਅਤੇ ਗੋਇੰਦਵਾਲ ਥਰਮਲ ਪਲਾਂਟ ਦੀ ਇਕ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਬੰਦ ਹੈ | ਰਾਜ ਦੇ ਸਰਕਾਰੀ ਥਰਮਲ ਪਲਾਂਟਾਂ ਤੋਂ 1,336 ਮੈਗਾਵਾਟ ਅਤੇ ਨਿੱਜੀ ਖੇਤਰ ਦੇ ਪਲਾਂਟਾਂ ਤੋਂ 2,783 ਮੈਗਾਵਾਟ ਬਿਜਲੀ ਉਤਪਾਦਿਤ ਕੀਤੀ ਜਾ ਰਹੀ ਹੈ | ਰਣਜੀਤ ਸਾਗਰ ਪ੍ਰੋਜੈਕਟ ਦੀਆਂ ਦੋ ਯੂਨਿਟਾਂ ਵੀ ਚੱਲ ਰਹੀਆਂ ਹਨ, ਜਦਕਿ ਰਾਜ 'ਚ ਸੂਰਜੀ ਊਰਜਾ ਉਤਪਾਦਨ 444 ਮੈਗਾਵਾਟ ਰਿਹਾ | ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਵਲੋਂ ਉੱਤਰੀ ਗਰਿੱਡ ਤੋਂ ਬੁੱਧਵਾਰ ਦੁਪਹਿਰ 10,558 ਮੈਗਾਵਾਟ ਬਿਜਲੀ ਪ੍ਰਾਪਤ ਕਰਨ ਦਾ ਸ਼ਡਿਊਲ ਤੈਅ ਕੀਤਾ ਗਿਆ ਸੀ | ਸੂਬੇ 'ਚ ਜਿਥੇ ਕਹਿਰ ਦੀ ਗਰਮੀ ਨਾਲ ਲੋਕਾਂ ਦੇ ਨਾਲ ਪਾਵਰਕਾਮ ਵੀ ਬੇਹਾਲ ਹੈ ਪਰ ਮੌਸਮ ਵਿਭਾਗ ਵਲੋਂ 11 ਜੂਨ ਤੋਂ ਬਾਅਦ ਮੌਸਮ 'ਚ ਬਦਲਾਅ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ, ਜਿਸ ਕਾਰਨ ਪਾਵਰਕਾਮ ਦੇ ਨਾਲ ਲੋਕਾਂ ਨੂੰ ਵੀ ਰਾਹਤ ਮਿਲਣ ਦੇ ਆਸਾਰ ਹਨ |