04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

2030 ਤੱਕ ਸਾਲਾਨਾ ਵਪਾਰ 35,000 ਕਰੋੜ ਰੁਪਏ ਕਰਨ ’ਤੇ ਸਹਿਮਤ ਹੋਏ ਭਾਰਤ ਤੇ ਨਿਊਜ਼ੀਲੈਂਡ

ਅਜੀਤ ਡੈਸਕ 12-07-2026

ਆਕਲੈਂਡ, 11 ਜੁਲਾਈ (ਪੀ.ਟੀ.ਆਈ.)-ਭਾਰਤ ਤੇ ਨਿਊਜ਼ੀਲੈਂਡ ਨੇ ਸੰਬੰਧਾਂ ਨੂੰ ਰਣਨੀਤਕ ਭਾਈਵਾਲੀ ਤੱਕ ਵਧਾਉਂਦਿਆਂ 2030 ਤੱਕ ਆਪਣੇ ਸਾਲਾਨਾ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ 35,000 ਕਰੋੜ ਰੁਪਏ ਕਰਨ ਦਾ ਟੀਚਾ ਰੱਖਿਆ ਤੇ ਸਮੁੰਦਰੀ ਸੁਰੱਖਿਆ ਸੰਬੰਧਾਂ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਕੀਵੀ ਹਮਰੁਤਬਾ ਕ੍ਰਿਸਟੋਫਰ ਲਕਸਨ ਵਿਚਕਾਰ ਹੋਈ ਗੱਲਬਾਤ ’ਚ 10 ਸਮਝੌਤੇ ਸਹੀਬੱਧ ਹੋਏ, ਜਿਨ੍ਹਾਂ ’ਚ ਮੁੱਖ ਤਿੰਨ ਮਹੱਤਵਪੂਰਨ ਸਮਝੌਤਿਆਂ ਦੇ ਨਾਲ-ਨਾਲ ਸਮੁੱਚੇ ਸੰਬੰਧਾਂ ਨੂੰ ਵਧਾਉਣ ਲਈ ਚਾਰ ਸਾਲਾਂ ਦਾ ਢਾਂਚਾ ਹੈ, ਜਿਸ ਦਾ ਉਦੇਸ਼ ਹਾਈਡ੍ਰੋਗ੍ਰਾਫਿਕ ਡੇਟਾ ਸਾਂਝਾਕਰਨ ਨੂੰ ਵਧਾਉਣਾ, ਆਪਸੀ ਜਲ ਸੈਨਾ ਲੌਜਿਸਟਿਕਸ ਨੂੰ ਸੁਵਿਧਾਜਨਕ ਬਣਾਉਣਾ ਤੇ ਭਾਰਤ-ਪ੍ਰਸ਼ਾਂਤ ’ਚ ਵਧੀਆਂ ਸਮੁੰਦਰੀ ਭਾਈਵਾਲੀ ਨੂੰ ਵਧਾਉਣਾ ਸ਼ਾਮਿਲ ਹੈ। ਮੁਕਤ ਵਪਾਰ ਸੌਦੇ ਨੂੰ ਜਲਦੀ ਲਾਗੂ ਕਰਕੇ ਦੁਵੱਲੇ ਵਪਾਰ ਦਾ ਵਿਸਤਾਰ ਕਰਨਾ ਵੀ ਗੱਲਬਾਤ ਦਾ ਮੁੱਖ ਕੇਂਦਰ ਸੀ, ਜਿਸ ਨੂੰ ਵੈਲਿੰਗਟਨ ਦੀ ਅਗਲੇ 15 ਸਾਲਾਂ ’ਚ ਭਾਰਤ ’ਚ 20 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਦੀ ਵਚਨਬੱਧਤਾ ਦੁਆਰਾ ਦਰਸਾਇਆ ਗਿਆ। ਇਕ ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਮੋਦੀ ਤੇ ਲਕਸਨ ਨੇ ਆਜ਼ਾਦ, ਖੁੱਲ੍ਹੇ ਤੇ ਖੁਸ਼ਹਾਲ ਭਾਰਤ-ਪ੍ਰਸ਼ਾਂਤ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਪ੍ਰਭੂਸੱਤਾ, ਖੇਤਰੀ ਅਖੰਡਤਾ ਤੇ ਨਿਯਮ-ਆਧਾਰਤ ਅੰਤਰਰਾਸ਼ਟਰੀ ਵਿਵਸਥਾ ਦੀ ਰੱਖਿਆ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਭਾਰਤ-ਪ੍ਰਸ਼ਾਂਤ ਸਹਿਯੋਗ ਨੂੰ ਵਧਾਉਣ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਦੋਵੇਂ ਧਿਰਾਂ ਅੱਤਵਾਦ ਵਿਰੋਧੀ ਇਕ ਸੰਯੁਕਤ ਕਾਰਜ ਸਮੂਹ ਤੋਂ ਇਲਾਵਾ ਇਕ ਸਮੁੰਦਰੀ ਸੁਰੱਖਿਆ ਗੱਲਬਾਤ ਸਥਾਪਤ ਕਰਨ ‘ਤੇ ਵੀ ਸਹਿਮਤ ਹੋਈਆਂ। ਖੇਡਾਂ ’ਤੇ ਭਾਰਤ-ਨਿਊਜ਼ੀਲੈਂਡ ਇਕ ਸਾਂਝੀ ਕਾਰਜ ਯੋਜਨਾ ਨੂੰ ਵੀ ਮਜ਼ਬੂਤ ਕੀਤਾ ਗਿਆ। ਇਹ ਉੱਚ-ਪ੍ਰਦਰਸ਼ਨ ਵਾਲੀਆਂ ਖੇਡਾਂ, ਖੇਡ ਵਿਗਿਆਨ, ਖੇਡ ਦਵਾਈ ਤੇ ਐਥਲੀਟ ਵਿਕਾਸ ’ਚ ਸਹਿਯੋਗ ਪ੍ਰਦਾਨ ਕਰਦਾ ਹੈ। ਮੋਦੀ ਨੇ ਗੱਲਬਾਤ ਤੋਂ ਬਾਅਦ ਕਿਹਾ ਕਿ ਅਸੀਂ ਆਪਣੇ ਸੰਬੰਧਾਂ ਨੂੰ ਰਣਨੀਤਕ ਭਾਈਵਾਲੀ ਤੱਕ ਉੱਚਾ ਚੁੱਕਣ ਦਾ ਫੈਸਲਾ ਕੀਤਾ ਹੈ। ਅਸੀਂ ਹਰ ਖੇਤਰ ਵਿਚ ਸਪੱਸ਼ਟ ਟੀਚਿਆਂ ਤੇ ਠੋਸ ਨਤੀਜਿਆਂ ਨਾਲ ਅੱਗੇ ਵਧਾਂਗੇ । ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਦੋਵਾਂ ਪ੍ਰਧਾਨ ਮੰਤਰੀਆਂ ਨੇ ਅੰਤਰਰਾਸ਼ਟਰੀ ਕਾਨੂੰਨ, ਖਾਸ ਕਰਕੇ 1982 ਦੇ ਸੰਯੁਕਤ ਰਾਸ਼ਟਰ ਸਮੁੰਦਰ ਦੇ ਕਾਨੂੰਨ ਬਾਰੇ ਕਨਵੈਨਸ਼ਨ ਅਨੁਸਾਰ ਨੇਵੀਗੇਸ਼ਨ ਤੇ ਓਵਰਫਲਾਈਟ ਦੀ ਆਜ਼ਾਦੀ ਤੇ ਸਮੁੰਦਰਾਂ ਦੇ ਹੋਰ ਕਾਨੂੰਨੀ ਵਰਤੋਂ ਦੀ ਮੰਗ ਕੀਤੀ । ਮੀਟਿੰਗ ’ਚ ਆਪਣੀ ਟਿੱਪਣੀ ’ਚ ਮੋਦੀ ਨੇ ਕਿਹਾ ਕਿ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਡੂੰਘਾ ਸਹਿਯੋਗ ਹਿੰਦ-ਪ੍ਰਸ਼ਾਂਤ ’ਚ ਨਵੀਂ ਤਾਕਤ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਦੋ ਸਮੁੰਦਰੀ ਦੇਸ਼ਾਂ ਦੇ ਰੂਪ ’ਚ ਸਾਡਾ ਨਜ਼ਦੀਕੀ ਸਹਿਯੋਗ ਹਿੰਦ-ਪ੍ਰਸ਼ਾਂਤ ਨੂੰ ਨਵੀਂ ਤਾਕਤ ਦਿੰਦਾ ਹੈ ਤੇ ਸਾਡੇ ਸੰਬੰਧ ਸ਼ਾਂਤੀ ਦੇ ਸਾਡੇ ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਨਵੀਂ ਊਰਜਾ ਭਰ ਸਕਦੇ ਹਨ। ਦੋਵੇਂ ਪ੍ਰਧਾਨ ਮੰਤਰੀ 2030 ਤੱਕ ਵਸਤੂਆਂ ਤੇ ਸੇਵਾਵਾਂ ’ਚ ਦੁਵੱਲੇ ਦੋ-ਪੱਖੀ ਵਪਾਰ ਨੂੰ 7 ਬਿਲੀਅਨ ਨਿਊਜ਼ੀਲੈਂਡ ਡਾਲਰ ਜਾਂ ਲਗਭਗ 35,000 ਕਰੋੜ ਰੁਪਏ ਤੱਕ ਦੁੱਗਣਾ ਕਰਨ ਲਈ ਕੰਮ ਕਰਨ ਲਈ ਸਹਿਮਤ ਹੋਏ। ਇਸ ਵੇਲੇ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਦੁਵੱਲੇ ਸਾਲਾਨਾ ਵਪਾਰ ਦੀ ਮਾਤਰਾ ਲਗਭਗ 18,000 ਕਰੋੜ ਰੁਪਏ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਤੰਤਰੀ ਕਦਰਾਂ-ਕੀਮਤਾਂ ’ਚ ਦ੍ਰਿੜ ਵਿਸ਼ਵਾਸ ਸਾਨੂੰ ਕੁਦਰਤੀ ਭਾਈਵਾਲ ਬਣਾਉਂਦਾ ਹੈ। ਇਸ ਤੋਂ ਇਲਾਵਾ ਦੋ ਸਮੁੰਦਰੀ ਦੇਸ਼ਾਂ ਦੇ ਰੂਪ ’ਚ ਸਾਡਾ ਨੇੜਲਾ ਸਹਿਯੋਗ ਹਿੰਦ-ਪ੍ਰਸ਼ਾਂਤ ਨੂੰ ਨਵੀਂ ਤਾਕਤ ਦਿੰਦਾ ਹੈ ਤੇ ਸਾਡਾ ਰਿਸ਼ਤਾ ਸ਼ਾਂਤੀ ਦੇ ਸਾਡੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਨਵੀਂ ਊਰਜਾ ਭਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਮੇਰੀ ਫੇਰੀ ਸਾਡੇ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ ਤੇ ਵਿਸ਼ਵ ਸ਼ਾਂਤੀ, ਸਥਿਰਤਾ ਤੇ ਸੁਰੱਖਿਆ ’ਚ ਸਾਡੇ ਯੋਗਦਾਨ ਨੂੰ ਵਧਾਏਗੀ। ਅਸੀਂ ਇਕ ਉਤਪ੍ਰੇਰਕ ਵਜੋਂ ਕੰਮ ਕਰ ਸਕਦੇ ਹਾਂ, ਸ਼ਾਂਤੀ ਦੇ ਸਮਰਥਕ ਹੋ ਸਕਦੇ ਹਾਂ, ਤੇ ਸ਼ਾਂਤੀ ਰਾਹੀਂ ਵਿਸ਼ਵ ਭਲਾਈ ਵੱਲ ਅੱਗੇ ਵਧ ਸਕਦੇ ਹਾਂ। ਗੱਲਬਾਤ ਤੋਂ ਬਾਅਦ ਸੰਯੁਕਤ ਬਿਆਨ ’ਚ ਕਿਹਾ ਗਿਆ ਹੈ ਕਿ ਪੱਛਮੀ ਏਸ਼ੀਆ ਟਕਰਾਅ ਦੇ ਸੰਦਰਭ ’ਚ ਮੋਦੀ ਤੇ ਲਕਸਨ ਨੇ ਤਣਾਅ ਦੇ ਨਵੇਂ ਵਾਧੇ ’ਤੇ ਚਿੰਤਾ ਪ੍ਰਗਟ ਕੀਤੀ ਤੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ, ਤਣਾਅ ਘਟਾਉਣ ਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ । ਇਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਹੋਰਮੁਜ਼ ਜਲਡਮਰੂ ਰਾਹੀਂ ਨੇਵੀਗੇਸ਼ਨ ਦੀ ਆਜ਼ਾਦੀ ਤੇ ਵਪਾਰ ਦੇ ਵਿਸ਼ਵ ਪ੍ਰਵਾਹ ਦੀ ਪੂਰੀ ਬਹਾਲੀ ਦੀ ਮੰਗ ਕੀਤੀ, ਜਦਕਿ ਜਹਾਜ਼ਰਾਣੀ ’ਤੇ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਦਾ ਵਿਰੋਧ ਕੀਤਾ। ਦੋਵਾਂ ਨੇਤਾਵਾਂ ਨੇ ਗੱਲਬਾਤ ਤੇ ਕੂਟਨੀਤੀ ਦੀ ਮਹੱਤਤਾ ਤੇ ਟਕਰਾਅ ਦੇ ਸ਼ਾਂਤੀਪੂਰਨ ਤੇ ਸਥਾਈ ਹੱਲ ਲਈ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਨੂੰ ਦੁਹਰਾਇਆ। ਮੋਦੀ ਤੇ ਲਕਸਨ ਨੇ ਸੰਯੁਕਤ ਰਾਸ਼ਟਰ ਦੇ “ਦਲੇਰ ਤੇ ਪ੍ਰਭਾਵਸ਼ਾਲੀ” ਸੁਧਾਰ ਲਈ ਵੀ ਜ਼ੋਰ ਦਿੱਤਾ ਤੇ ਸੁਰੱਖਿਆ ਪ੍ਰੀਸ਼ਦ ਦੇ ਵਿਸਥਾਰ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ। ਇਸ ਸਬੰਧ ’ਚ ਨਿਊਜ਼ੀਲੈਂਡ ਨੇ ਇਕ ਸੁਧਾਰੀ ਤੇ ਵਿਸਥਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ। ਦੋਵਾਂ ਨੇਤਾਵਾਂ ਨੇ ਸਥਿਰ, ਪਾਰਦਰਸ਼ੀ ਤੇ ਲਚਕੀਲੇ ਸਪਲਾਈ ਚੇਨਾਂ ਦੀ ਮਹੱਤਤਾ ’ਤੇ ਵੀ ਚਰਚਾ ਕੀਤੀ ਤੇ ਵਿਸ਼ਵ ਵਿਆਪੀ ਊਰਜਾ ਨੈੱਟਵਰਕ ’ਚ ਲਚਕਤਾ ਨੂੰ ਮਜ਼ਬੂਤ ਕਰਨ ’ਚ ਭਾਰਤ ਦੁਆਰਾ ਨਿਭਾਈ ਜਾ ਰਹੀ “ਮਹੱਤਵਪੂਰਨ ਭੂਮਿਕਾ” ਨੂੰ ਮਾਨਤਾ ਦਿੱਤੀ। ਦੋਵਾਂ ਨੇਤਾਵਾਂ ਨੇ ਸਰਹੱਦ ਪਾਰ ਅੱਤਵਾਦ ਸਮੇਤ ਇਸ ਦੇ ਸਾਰੇ ਰੂਪਾਂ ਦੀ ਆਪਣੀ ਨਿੰਦਾ ਨੂੰ ਵੀ ਦੁਹਰਾਇਆ। ਦੋਵਾਂ ਨੇਤਾਵਾਂ ਨੇ ਪਹਿਲਗਾਮ ’ਚ ਅੱਤਵਾਦੀ ਹਮਲੇ ਤੇ ਪਿਛਲੇ ਸਾਲ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਈ ਅੱਤਵਾਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਤੇ ਜ਼ੋਰ ਦਿੱਤਾ ਕਿ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਅੱਤਵਾਦ ਪ੍ਰਤੀ “ਜ਼ੀਰੋ-ਸਹਿਣਸ਼ੀਲਤਾ” ਪਹੁੰਚ ਦੀ ਮੰਗ ਕੀਤੀ ਤੇ ਅੱਤਵਾਦੀ ਵਿੱਤ ਨੈੱਟਵਰਕਾਂ ਤੇ ਸੁਰੱਖਿਅਤ ਪਨਾਹਗਾਹਾਂ ਨੂੰ ਵਿਗਾੜਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

ਪਿਛਲੀ ਖ਼ਬਰ ਆਰਥਿਕ ਸੰਬੰਧਾਂ ਨੂੰ ਨਵਾਂ ਹੁਲਾਰਾ ਦੇਵੇਗਾ ਮੁਕਤ ਵਪਾਰ ਸਮਝੌਤਾ-ਮੋਦੀ ਅਗਲੀ ਖ਼ਬਰ ਵਿਸ਼ਵ ਕੱਪ ਨੇ ਤੋੜੀ ਭਾਸ਼ਾ ਦੀ ਕੰਧ: ਸਪੈਨਿਸ਼ ਕਮੈਂਟਰੀ ਦੇ ਹੋਏ ਅੰਗਰੇਜ਼ੀ ਦਰਸ਼ਕ ਵੀ ਦੀਵਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।