ਗੜ੍ਹਸ਼ੰਕਰ, 13 ਫਰਵਰੀ (ਧਾਲੀਵਾਲ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਰੋਡ 'ਤੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਮਾਈਨਿੰਗ ਸਮੱਗਰੀ ਲਿਜਾਉਣ ਵਾਲੇ ਟਿੱਪਰਾਂ 'ਤੇ ਲਗਾਈ ਪਾਬੰਦੀ ਦਾ ਅਸਰ ਕੁੱਝ ਦਿਨ ਮੁਕੰਮਲ ਰੂਪ ਵਿਚ ਦੇਖਣ ਤੋਂ ਬਾਅਦ ਹੁਣ ਹਾਲਾਤ ਆਮ ਵਾਲੇ ਬਣਦੇ ਨਜ਼ਰ ਆ ਰਹੇ | ਸਚਾਈ ਇਹ ਹੈ ਕਿ ਇੱਥੇ ਟਿੱਪਰਾਂ ਵਾਲੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਵੀ ਟਿੱਚ ਨਹੀਂ ਜਾਣ ਰਹੇ | ਜਿਸ ਤਰ੍ਹਾਂ ਇਲਾਕੇ ਵਿਚ ਟਿੱਪਰਾਂ ਦੀ ਧੜਾ-ਧੜ ਆਮਦ ਦਿਨੋਂ ਦਿਨ ਵੱਧ ਰਹੀ ਹੈ, ਗੜ੍ਹਸ਼ੰਕਰ ਸ਼ਹਿਰ ਹੁਣ ਟਿੱਪਰ ਗੜ੍ਹ ਬਣਿਆ ਵੇਖਣ ਨੂੰ ਮਿਲ ਰਿਹਾ ਹੈ | ਜਿਸ ਤਰ੍ਹਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਵਿਚ ਸਥਾਨਕ ਪੁਲਿਸ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈ, ਉੱਥੇ ਪੁਲਿਸ ਪ੍ਰਸ਼ਾਸਨ ਦੀ ਟਿੱਪਰਾਂ ਵਾਲਿਆਂ ਨਾਲ ਕਥਿਤ ਹਮਦਰਦੀ ਜਾਂ ਬੇਵਸੀ ਵੀ ਸਾਫ਼ ਨਜ਼ਰ ਆ ਰਹੀ ਹੈ | ਪਾਬੰਦੀ ਦੇ ਬਾਵਜੂਦ ਟਿੱਪਰਾਂ ਵਾਲੇ ਪੁਲਿਸ ਨਾਲ ਲੁਕਣ-ਮੀਟੀ ਖੇਡਦੇ ਹੋਏ ਨੰਗਲ ਰੋਡ 'ਤੇ ਸ਼ਰੇਆਮ ਦਿਨ ਦਿਹਾੜੇ ਟਿੱਪਰ ਚਲਾ ਰਹੇ ਹਨ | ਇਹ ਵੀ ਦੇਖਣ ਵਿਚ ਆ ਰਿਹਾ ਹੈ ਕਿ ਪਾਬੰਦੀ ਤੋਂ ਬਚਣ ਲਈ ਟਿੱਪਰਾਂ ਵਾਲੇ ਟੇਡੇ ਢੰਗ ਨਾਲ ਨੰਗਲ ਰੋਡ ਤੱਕ ਪਹੁੰਚ ਕਰ ਰਹੇ ਹਨ | ਟਿੱਪਰਾਂ ਵਾਲਿਆਂ ਵੱਲੋਂ ਸ਼ਹਿਰ ਦੇ ਨੰਗਲ ਚੌਂਕ ਤੋਂ ਜਾਣ ਦੀ ਬਜਾਏ ਸ੍ਰੀ ਅਨੰਦਪੁਰ ਸਾਹਿਬ ਰੋਡ ਰਸਤੇ ਪਿੰਡ ਡੁੱਗਰੀ, ਕੁਨੈਲ ਤੇ ਹੋਰ ਪਿੰਡਾਂ ਰਾਹੀਂ ਨੰਗਲ ਰੋਡ ਤੱਕ ਪਹੁੰਚ ਕਰਕੇ ਆਪਣੀ ਮਨਸ਼ਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਇੱਥੇ ਹੀ ਬੱਸ ਨਹੀਂ ਹੁਣ ਨੰਗਲ ਰੋਡ 'ਤੇ ਦਿਨ ਵੇਲੇ ਟਿੱਪਰਾਂ ਦੀ ਆਵਾਜਾਈ ਘਟਣ ਤੋਂ ਬਾਅਦ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਟਿੱਪਰ ਦਿਨ-ਰਾਤ ਧੂੜਾਂ ਪੁੱਟ ਰਹੇ ਹਨ ਤੇ ਇਸ ਸੜਕ 'ਤੇ ਆਮ ਲੋਕਾਂ ਤੇ ਦੂਜੇ ਵਾਹਨਾਂ ਦਾ ਚੱਲਣ ਵੀ ਮੁਸ਼ਕਿਲ ਹੋਇਆ ਪਿਆ ਹੈ | ਹੈਰਾਨੀ ਦੀ ਗੱਲ ਹੈ ਕਿ ਸਥਾਨਕ ਪੱਧਰ ਤੇ ਕਈ ਜਥੇਬੰਦੀਆਂ ਅਤੇ ਸਿਆਸੀ ਆਗੂਆਂ ਵੱਲੋਂ ਟਿੱਪਰਾਂ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਨੰਗਲ ਰੋਡ 'ਤੇ ਦਿਨ ਵੇਲੇ ਟਿੱਪਰਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਜ਼ਿਲ੍ਹਾ ਮੁਖੀ ਦੇ ਇਹ ਹੁਕਮ ਪੂਰਨ ਰੂਪ ਵਿਚ ਲਾਗੂ ਨਾ ਹੋਣੇ ਗੰਭੀਰ ਮਾਮਲਾ ਹੈ | ਲੋਕਾਂ 'ਚ ਚਰਚਾ ਇਸ ਗੱਲ ਦੀ ਹੈ ਕਿ 'ਕੀ ਟਿੱਪਰਾਂ ਵਾਲੇ ਡਿਪਟੀ ਕਮਿਸ਼ਨਰ ਤੋਂ ਵੱਡਾ ਰੁਤਬਾ ਰੱਖਦੇ ਹਨ' ਜੋ ਹੁਕਮਾਂ ਦੀ ਪ੍ਰਵਾਹ ਵੀ ਨਹੀਂ ਕਰ ਰਹੇ |