ਡੇਹਲੋਂ, 3 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਮੁਕੰਦਪੁਰ ਤੋਂ ਬੀਬੀ ਮਨਜੀਤ ਕੌਰ ਦੀ ਅਗਵਾਈ ਹੇਠ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਥਾ ਬੱਸ ਰਾਹੀਂ ਰਵਾਨਾ ਹੋਇਆ, ਜਿਸ ਵਿਚ ਆਲੇ ਦੁਆਲੇ ਦੇ ਪਿੰਡਾਂ ਅਤੇ ਇਲਾਕੇ ਦੀ ਸੰਗਤ ਵੀ ਸ਼ਾਮਿਲ ਹੈ | ਇਹ ਜਥਾ ਲਗਭਗ ਦੋ ਹਫ਼ਤਿਆਂ ਦੀ ਯਾਤਰਾ ਦੌਰਾਨ ਗੁਰਦੁਆਰਾ ਧਮਧਾਨ ਸਾਹਿਬ ਇੰਦੌਰ, ਆਗਰਾ, ਗਵਾਲੀਅਰ, ਸ਼ਿਵਪੁਰੀ, ਬਿਓਰਾ, ਬਾਬਾ ਨਰਸੀ ਨਾਮਦੇਵ ਬਹਿਰਾਮਪੁਰ, ਨਾਨਕ ਝੀਰਾ ਅਤੇ ਹੋਰ ਸਥਾਨਕ ਧਾਰਮਿਕ ਅਸਥਾਨਾਂ ਅਤੇ ਗੁਰੂ ਘਰਾਂ ਦੇ ਦਰਸ਼ਨ ਕਰਨਗੇ | ਮੈਨੇਜਰ ਕਮਲਜੀਤ ਸਿੰਘ ਨੇ ਦੱਸਿਆ ਕਿ ਰਸਤੇ ਵਿਚ ਯਾਤਰੀਆਂ ਦੇ ਠਹਿਰਨ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ | ਇਸ ਤੋਂ ਇਲਾਵਾ ਸੰਗਤਾਂ ਲਈ ਲੰਗਰ ਅਤੇ ਦਵਾਈਆਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ | ਪਿੰਡੋਂ ਜਥਾ ਰਵਾਨਾ ਹੋਣ ਸਮੇਂ ਭਾਈ ਬੁੱਧ ਸਿੰਘ ਵਲੋਂ ਸੰਗਤ ਲਈ ਚਾਹ, ਦੁੱਧ ਅਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ |