ਸਿੱਧਵਾਂ ਬੇਟ, 3 ਜੂਨ (ਜਸਵੰਤ ਸਿੰਘ ਸਲੇਮਪੁਰੀ)-ਹਮੇਸ਼ਾ ਪੰਥਕ ਸੋਚ ਰੱਖ ਕੇ ਲੰਬੇ ਸਮੇਂ ਤੋਂ ਪੰਥਕ ਹਲਕਾ ਦਾਖਾ ਦੇ ਚੁਣੇ ਜਾ ਰਹੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਗੁਰਮੀਤ ਸਿੰਘ ਹਾਂਸ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਅਤੇ ਮਨਜਿੰਦਰ ਸਿੰਘ ਬਿੰਦਾ ਭੁਮਾਲ ਸਾਬਕਾ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਸਿੱਧਵਾਂ ਬੇਟ ਨੇ ਆਖਿਆ ਕਿ ਹਲਕਾ ਦਾਖਾ ਦੇ ਹਰਮਨ ਪਿਆਰੇ ਨੇਤਾ ਵਿਧਾਇਕ ਇਯਾਲੀ ਹੁਣ ਸੂਬੇ ਭਰ ਦੇ ਹਰਮਨ ਪਿਆਰੇ ਨੇਤਾ ਬਣ ਗਏ ਹਨ ਅਤੇ ਉਹ ਕਿਸੇ ਵੀ ਵਕਤ ਸੂਬੇ ਦੇ ਸਮੂਹ ਪੰਥਕ ਸੋਚ ਵਾਲੇ ਲੋਕਾਂ ਦੀ ਅਗਵਾਈ ਕਰ ਸਕਦੇ ਹਨ | ਉਨ੍ਹਾਂ ਆਖਿਆ ਕਿ ਜਿਸ ਦਿਨ ਤੋਂ ਵਿਧਾਇਕ ਇਯਾਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਉਸ ਦਿਨ ਤੋਂ ਹੀ ਉਨ੍ਹਾਂ ਦੇ ਘਰ ਪੰਥਕ ਸੋਚ ਵਾਲੀਆਂ ਸ਼ਖ਼ਸੀਅਤਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ, ਜੋ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਸੰਦੇਸ਼ ਹੈ | ਉਨ੍ਹਾਂ ਆਖਿਆ ਕਿ ਹਲਕਾ ਦਾਖਾ ਇਕ ਪੰਥਕ ਇਲਾਕਾ ਹੋਣ ਕਾਰਨ ਵਿਧਾਇਕ ਇਯਾਲੀ ਨੇ ਪਿਛਲੇ ਸਮੇਂ ਦੌਰਾਨ ਪੰਥ ਨਾਲ ਪਿਆਰ ਕਰਨ ਵਾਲੇ ਲੋਕਾਂ ਦੀ ਨਬਜ਼ ਨੂੰ ਪਹਿਚਾਣਿਆਂ ਅਤੇ ਆਪਣੀ ਸਿਆਸੀ ਪਾਰੀ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦੇ ਹਿੱਤ ਵਿੱਚ ਵੱਡੇ ਫ਼ੈਸਲੇ ਲਏ | ਇਸ ਲਈ ਹਲਕਾ ਦਾਖਾ ਦਾ ਪੂਰਾ ਪੰਥ ਵੀ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੋ ਗਿਆ ਹੈ | ਉਨ੍ਹਾਂ ਆਖਿਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਨਿਰੋਲ ਪੰਥਕ ਸਰਕਾਰ ਬਣੇਗੀ | ਉਕਤ ਆਗੂਆਂ ਨੇ ਬੇਟ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਧਾਇਕ ਇਯਾਲੀ ਦੀ ਸੋਚ ਨੂੰ ਘਰ-ਘਰ ਤੱਕ ਪਹੁੰਚਾਉਣ ਤਾਂ ਜੋ ਉਹ ਆਪਣੇ ਹਲਕੇ ਵਿਚੋਂ ਹੋਰ ਮਜ਼ਬੂਤ ਹੋ ਕੇ ਨਿਕਲਣ |