ਗੁਰਦਾਸਪੁਰ, 17 ਮਈ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਮਾਨਯੋਗ ਕੁਲਪਤੀ ਡਾ: ਐਸ.ਕੇ. ਮਿਸ਼ਰਾ ਦੀ ਕੁਸ਼ਲ ਰਹਿਨੁਮਾਈ ਤੇ ਦੂਰ-ਦਰਸ਼ੀ ਅਗਵਾਈ ਹੇਠ ਸੈਂਟਰ ਫ਼ਾਰ ਕੰਟੀਨਿਊਇੰਗ ਐਜੂਕੇਸ਼ਨ ਵਲੋਂ 'ਯੂਨੀਵਰਸਿਟੀ ਪ੍ਰੀਖਿਆਵਾਂ ਦੇ ਸੁਚੱਜੇ ਸੰਚਾਲਨ ਤੇ ਮੁਲਾਂਕਣ' ਵਿਸ਼ੇ 'ਤੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਵਰਕਸ਼ਾਪ ਦਾ ਮੁੱਖ ਉਦੇਸ਼ ਯੂਨੀਵਰਸਿਟੀ ਦੀ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਨਿਰਪੱਖ ਬਣਾਉਣਾ ਸੀ | ਪ੍ਰੋਗਰਾਮ ਵਿਚ ਰਜਿਸਟਰਾਰ, ਡੀਨ, ਵਿਭਾਗ ਮੁਖੀ ਤੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਡਾ: ਨਵੀਨ ਬੇਰੀ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਜ਼ਿੰਮੇਵਾਰੀਆਂ, ਅਨੁਸ਼ਾਸਨ, ਗੋਪਨੀਯਤਾ ਅਤੇ ਪਾਰਦਰਸ਼ਤਾ ਬਣਾਈ ਰੱਖਣ ਦੇ ਮਹੱਤਵਪੂਰਨ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਦੌਰਾਨ ਡਾ: ਹਰੀਸ਼ ਪੁਨਗੋਤਰਾ ਨੇ ਵੀ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰੀਖਿਆ ਪ੍ਰਣਾਲੀ ਵਿਚ ਸੁਧਾਰ ਅਤੇ ਉੱਚ ਸੈਸ਼ਨਿਕ ਗੁਣਵੱਤਾ ਕਾਇਮ ਰੱਖਣ ਲਈ ਸਾਂਝੇ ਯਤਨਾਂ ਦੀ ਲੋੜ 'ਤੇ ਚਾਨਣਾ ਪਾਇਆ | ਮਾਨਯੋਗ ਕੁਲਪਤੀ ਡਾ: ਐਸ.ਕੇ. ਮਿਸ਼ਰਾ ਨੇ ਫੈਕਲਟੀ ਮੈਂਬਰਾਂ ਨੂੰ ਯੂਨੀਵਰਸਿਟੀ ਦੀ ਉੱਚ ਸੈਸ਼ਨਿਕ ਮਰਿਆਦਾ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ ਤੇ ਪ੍ਰੀਖਿਆ ਕਾਰਜ 'ਚ ਸਮਰਪਣ, ਇਮਾਨਦਾਰੀ ਤੇ ਪਾਰਦਰਸ਼ਤਾ ਦੇ ਮਹੱਤਵ 'ਤੇ ਜ਼ੋਰ ਦਿੱਤਾ | ਪ੍ਰੋਗਰਾਮ ਦਾ ਸਮਾਪਨ ਧੰਨਵਾਦ ਪ੍ਰਸਤਾਵ ਤੇ ਸੰਵਾਦਾਤਮਿਕ ਚਰਚਾ ਨਾਲ ਹੋਇਆ |