ਬਟਾਲਾ, 19 ਮਈ (ਸਤਿੰਦਰ ਸਿੰਘ)-ਨਗਰ ਨਿਗਮ ਦੀਆਂ ਚੋਣਾਂ ਵਿਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਕੀਤੀਆਂ ਜਾ ਰਹੀਆਂ ਚੋਣ ਮੀਟਿੰਗਾਂ 'ਚ ਵਿਰੋਧੀ ਪਾਰਟੀਆਂ ਦੇ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਸਿਲਸਿਲਾ ਜਾਰੀ ਹੈ | ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ 'ਚ ਵਾਰਡ ਨੰਬਰ 50 'ਚੋਂ ਮਸੀਹ ਭਾਈਚਾਰੇ ਵਲੋਂ ਵੱਡੀ ਗਿਣਤੀ 'ਚ ਆਪਣੇ ਪਰਿਵਾਰਾਂ ਨਾਲ ਕਾਂਗਰਸ ਪਾਰਟੀ ਨੂੰ ਛੱਡ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ ਗਈ | ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਨਿੱਘਾ ਸਵਾਗਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ 'ਚ ਕਰਵਾਏ ਨਿਰਪੱਖ ਵਿਕਾਸ ਕਾਰਜਾਂ ਨੂੰ ਵੇਖਦਿਆਂ ਰੋਜ਼ਾਨਾ ਰਵਾਇਤੀ ਪਾਰਟੀਆਂ ਦੇ ਪਰਿਵਾਰ ਪਾਰਟੀ ਨਾਲ ਜੁੜ ਰਹੇ ਹਨ | ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਵਾਸੀਆਂ ਨੇ 4 ਸਾਲ ਪਹਿਲਾਂ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਉਨ੍ਹਾਂ ਨੇ ਬਟਾਲਾ ਵਾਸੀਆਂ ਦੇ ਵਿਸ਼ਵਾਸ 'ਤੇ ਪੂਰਾ ਉੱਤਰਦਿਆਂ 24 ਘੰਟੇ ਲੋਕਾਂ ਦੀ ਸੇਵਾ ਕਰ ਰਹੇ ਹਨ ਤੇ ਬਟਾਲਾ ਸ਼ਹਿਰ ਦੀ ਵਿਕਾਸ ਪੱਖੋਂ ਕਾਇਆ-ਕਲਪ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਬਟਾਲਾ ਦਾ ਵੱਧ ਤੋਂ ਵੱਧ ਵਿਕਾਸ ਕਰਵਾਇਆ ਜਾਵੇ ਤੇ ਕੀਤੇ ਕੰਮ ਸ਼ਹਿਰ ਵਾਸੀਆਂ ਨੂੰ ਨਜ਼ਰ ਆ ਰਹੇ ਹਨ, ਜਿਨ੍ਹਾਂ ਸਦਕਾ ਹੀ ਬਟਾਲਾ ਵਾਸੀ ਮੇਰੇ ਨਾਲ ਜੁੜ ਕੇ ਬਟਾਲੇ ਦਾ ਹੋਰ ਵਿਕਾਸ ਕਰਨ ਲਈ ਅੱਗੇ ਆ ਰਹੇ ਹਨ, ਜੋ ਬਟਾਲੇ ਦੇ ਚਹੁਪੱਖੀ ਵਿਕਾਸ ਲਈ ਵਧੀਆ ਰੁਝਾਨ ਹੈ |