ਫ਼ਤਹਿਗੜ੍ਹ ਚੂੜੀਆਂ, 3 ਜੂਨ (ਅੱੈਮ.ਐੱਸ. ਫੁੱਲ)-ਪੰਡਿਤ ਮੋਹਨ ਲਾਲ ਗਲੋਬਲ ਸਕੂਲ ਫ਼ਤਹਿਗੜ੍ਹ ਚੂੜੀਆਂ ਵਿਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ ਗਈ, ਜਿਸ ਵਿਚ ਸਕੂਲ ਪਿ੍ੰਸੀਪਲ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਰਹੇ | ਸਮਾਗਮ ਦੀ ਸ਼ੁਰੂਆਤ ਗੁਰੂ ਸਾਹਿਬ ਦੇ ਜੀਵਨ, ਮਹਾਨ ਸ਼ਹਾਦਤ ਤੇ ਉਨ੍ਹਾਂ ਦੇ ਸੱਚ, ਸਹਿਣਸ਼ੀਲਤਾ, ਦਇਆ ਤੇ ਮਨੁੱਖਤਾ ਦੇ ਸੰਦੇਸ਼ ਬਾਰੇ ਜਾਣਕਾਰੀ ਦੇ ਕੇ ਕੀਤੀ ਗਈ | ਛਬੀਲ ਦੀ ਸੇਵਾ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਤੇ ਸਕੂਲ ਪ੍ਰਬੰਧਕਾਂ ਨੇ ਸ਼ਰਧਾ ਤੇ ਸਤਿਕਾਰ ਨਾਲ ਰਾਹਗੀਰਾਂ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਠੰਢਾ-ਮਿੱਠਾ ਜਲ ਪਿਲਾ ਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ, ਜਿਸ ਨੇ ਵਿਦਿਆਰਥੀਆਂ ਵਿਚ ਨਿਮਰਤਾ, ਸਹਿਯੋਗ, ਨਿਸ਼ਕਾਮ ਸੇਵਾ ਤੇ ਸਮਾਜ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ | ਪਿ੍ੰਸੀਪਲ ਵਰਿੰਦਰ ਕੌਰ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਦੇ ਹਨ ਤੇ ਉਨ੍ਹਾਂ ਵਿਚ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰੇਰਣਾ ਪੈਦਾ ਕਰਦੇ ਹਨ | ਅੰਤ 'ਚ ਸਭ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਅਤੇ 'ਸਰਬੱਤ ਦਾ ਭਲਾ' ਦੇ ਸਿਧਾਂਤ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ |