03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਰਹੱਦੀ ਖੇਤਰ ’ਚ ਨਾਜਾਇਜ਼ ਮਾਈਨਿੰਗ ਜ਼ੋਰਾਂ ’ਤੇ * ਹਾਦਸਿਆਂ ’ਚ ਗਈਆਂ ਜਾਨਾਂ, ਬੀ.ਐਸ.ਐਫ. ਦੀ ਐਨ.ਓ.ਸੀ. ਅਤੇ ਰਾਸ਼ਟਰੀ ਸੁਰੱਖਿਆ ’ਤੇ ਵੱਡੇ ਸਵਾਲ * ਕਿਸ ਦੀ ਸਹਿ ’ਤੇ ਹੋ ਰਿਹਾ ਇਹ ਗੋਰਖਧੰਦਾ-ਟੀਨਾ ਚੌਧਰੀ

ਅਜੀਤ ਡੈਸਕ 01-08-2026
ਪਠਾਨਕੋਟ, 31 ਜੁਲਾਈ (ਆਸ਼ੀਸ਼ ਸ਼ਰਮਾ)-ਜਿੱਥੇ ਪੂਰੇ ਪੰਜਾਬ ਵਿਚ ਬਰਸਾਤੀ ਸੀਜ਼ਨ ਹੋਣ ਕਰਕੇ ਮਾਈਨਿੰਗ ਦੇ ਪੂਰੇ ਤਰੀਕੇ ਨਾਲ ਲੋਕ ਰੋਕ ਲਗਾ ਦਿੱਤੀ ਗਈ ਹੈ, ਉੱਥੇ ਜ਼ਿਲ੍ਹਾ ਪਠਾਨਕੋਟ ਦੇ ਕਈ ਇਲਾਕਿਆਂ ਵਿਚ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਨਜਾਇਜ਼ ਮਾਈਨਿੰਗ ਜ਼ੋਰਾਂ ’ਤੇ ਹੈ । ਪਠਾਨਕੋਟ ਦੇ ਹਲਕਾ ਭੋਆ ਅਤੇ ਆਲੇ-ਦੁਆਲੇ ਦੇ ਸਰਹੱਦੀ ਪਿੰਡਾਂ ਵਿਚ ਗੈਰ-ਕਾਨੂੰਨੀ ਮਾਈਨਿੰਗ ਅਤੇ ਚੱਲ ਰਹੇ ਸਟੋਨ ਕਰੈਸ਼ਰਾਂ ਨੇ ਆਮ ਲੋਕਾਂ ਦਾ ਜੀਊਣਾ ਦੁੱਭਰ ਕਰ ਦਿੱਤਾ ਹੈ। ਪ੍ਰਦੇਸ਼ ਕਾਂਗਰਸ ਦੀ ਬੁਲਾਰਾ ਟੀਨਾ ਚੌਧਰੀ ਨੇ ਨਵੇਂ ਸਖ਼ਤ ਤੱਥਾਂ ਨਾਲ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਟੀਨਾ ਚੌਧਰੀ ਨੇ ਦੱਸਿਆ ਕਿ ਦਿਨ-ਰਾਤ ਲਗਾਤਾਰ ਲੰਘਦੇ ਓਵਰਲੋਡ ਟਿੱਪਰਾਂ ਅਤੇ ਟਰੈਕਟਰ-ਟਰਾਲੀਆਂ ਕਾਰਨ ਪਿੰਡਾਂ ਦੀਆਂ ਸੜਕਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ। ਇਨ੍ਹਾਂ ਬੇਕਾਬੂ ਟਿੱਪਰਾਂ ਦੀ ਲਪੇਟ ‘ਚ ਆਉਣ ਨਾਲ ਕਈ ਬੇਗੁਨਾਹ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਪਿੰਡਾਂ ਦੇ ਹਾਲਾਤ ਇਹ ਹਨ ਕਿ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਰਿਹਾ।
ਬੀ.ਐਸ.ਐਫ. ਦੇ ਬ੍ਰਿਗੇਡੀਅਰ ਰੈਂਕ ਦੀ ਐਨ.ਓ.ਸੀ. ਤੋਂ ਬਿਨਾਂ ਕਿਵੇਂ ਚੱਲ ਰਹੇ ਨੇ 23 ਕਰੈਸ਼ਰ
ਸਰਕਾਰੀ ਨਿਯਮਾਂ ਅਤੇ ਕੇਂਦਰ ਵਲੋਂ ਜਾਰੀ ਨੋਟੀਫਿਕੇਸ਼ਨਾਂ ਅਨੁਸਾਰ ਅੰਤਰਰਾਸ਼ਟਰੀ ਸਰਹੱਦ ਦੇ 5 ਕਿੱਲੋਮੀਟਰ ਦੇ ਦਾਇਰੇ ਵਿਚ ਕਿਸੇ ਵੀ ਸਟੋਨ ਕਰੈਸ਼ਰ ਨੂੰ ਬਿਨਾਂ ਸੀਮਾ ਸੁਰੱਖਿਆ ਬਲ ਦੇ ਬ੍ਰਿਗੇਡੀਅਰ/ਉੱਚ ਅਧਿਕਾਰੀ ਰੈਂਕ ਦੀ ਐਨ.ਓ.ਸੀ. ਤੋਂ ਨਹੀਂ ਚਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਦਤਿਆਲ, ਫਿਰੋਜ਼ਾ, ਅਖਵਾੜਾ, ਕੋਲੀਆਂ, ਮੁੱਠੀ ਅਤੇ ਸਮਰਾਲਾ ਵਰਗੇ ਪਿੰਡਾਂ ਵਿਚ ਚੱਲ ਰਹੇ 23 ਸਟੋਨ ਕਰੈਸ਼ਰਾਂ ਕੋਲ ਬੀ.ਐਸ.ਐਫ. ਦੀ ਨਜਾਇਜ਼ ਐਨ.ਓ.ਸੀ. ਹੈ ? ਜੇਕਰ ਨਹੀਂ, ਤਾਂ ਇਹ ਕਿਸ ਦੀ ਸਹਿ ‘ਤੇ ਚੱਲ ਰਹੇ ਹਨ ? ਖੇਤਰ ਦੇ ਪਿੰਡ ਸ਼ੇਖਪੁਰੀ, ਮੰਜੀਰੀ ਅਤੇ ਅੰਤਰਰਾਸ਼ਟਰੀ ਸੀਮਾ ਨਾਲ ਲੱਗਦੇ ਪਿੰਡ ਚੱਕ ਕੁਸ਼ੱਲਿਆ ਵਿਚ ਨਜਾਇਜ਼ ਮਾਈਨਿੰਗ ਦੀਆਂ ਗੰਭੀਰ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਮਾਈਨਿੰਗ ਮਾਫੀਆ ਨੇ 30 ਤੋਂ 40 ਫੁੱਟ ਡੂੰਘੀ ਗੈਰ-ਕਾਨੂੰਨੀ ਪੁੱਟਾਈ ਕਰ ਦਿੱਤੀ ਹੈ, ਜੋ ਕਿ ਬਾਰਡਰ ‘ਤੇ ਗਸ਼ਤ ਕਰਨ ਵਾਲੇ ਸੁਰੱਖਿਆ ਜਵਾਨਾਂ ਲਈ ਅਤਿ-ਖ਼ਤਰਨਾਕ ਹੈ। ਅੰਤਰਰਾਸ਼ਟਰੀ ਸਰਹੱਦ ਦੇ ਇੰਨ੍ਹੇ ਨੇੜੇ ਗੈਰ-ਕਾਨੂੰਨੀ ਖੁਦਾਈ ਨਾਲ ਗੁਫਾਵਾਂ/ਸੁਰੰਗਾਂ ਬਣਾ ਕੇ ਦੇਸ਼ ਦੀਆਂ ਗੁਪਤ ਜਾਣਕਾਰੀਆਂ ਅਤੇ ਹਥਿਆਰਾਂ ਦੀ ਤਸਕਰੀ ਦਾ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ। ਟੀਨਾ ਚੌਧਰੀ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਤਿੱਖੇ ਸਵਾਲ ਕਰਦਿਆਂ ਮੰਗ ਕੀਤੀ ਕਿ ਇਸ ਪੂਰੇ ਮਾਈਨਿੰਗ ਘਪਲੇ ਅਤੇ ਓਵਰਲੋਡ ਟਿੱਪਰਾਂ ਦੇ ਨੈਟਵਰਕ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਜਾਵੇ। ਉਨ੍ਹਾਂ ਕਿਹਾ ਸਰਹੱਦੀ ਸੁਰੱਖਿਆ ਨਾਲ ਜੁੜੇ ਇਸ ਗੰਭੀਰ ਮੁੱਦੇ ‘ਤੇ ਕੇਂਦਰ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਕਿਉਂ ਚੁੱਪ ਹਨ ? ਮਾਨਯੋਗ ਹਾਈ ਕੋਰਟ ਵਲੋਂ ਡੀ.ਸੀ. ਅਤੇ ਐਸ.ਐਸ.ਪੀ. ਪਠਾਨਕੋਟ ਦੀ ਜਵਾਬਦੇਹੀ ਤੈਅ ਕੀਤੇ ਜਾਣ ਦੇ ਬਾਵਜੂਦ ਪ੍ਰਸ਼ਾਸਨ ਕਾਰਵਾਈ ਕਰਨ ਤੋਂ ਕਿਉਂ ਭੱਜ ਰਿਹਾ ਹੈ ? ਪ੍ਰਦੇਸ਼ ਕਾਂਗਰਸ ਬੁਲਾਰਾ ਟੀਨਾ ਚੌਧਰੀ ਨੇ ਮੰਗ ਕੀਤੀ ਹੈ ਕਿ ਪਠਾਨਕੋਟ ਦੇ ਸਰਹੱਦੀ ਖੇਤਰਾਂ ਵਿਚ ਚੱਲ ਰਹੇ ਇਨ੍ਹਾਂ ਨਜਾਇਜ਼ ਸਟੋਨ ਕਰੈਸ਼ਰਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ, ਸਿਟ ਦਾ ਗਠਨ ਕਰਕੇ ਦੋਸ਼ੀਆਂ ‘ਤੇ ਮਾਮਲਾ ਦਰਜ ਕੀਤਾ ਜਾਵੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ।
ਪਿਛਲੀ ਖ਼ਬਰ ਰਾਜਪਾਲ ਹਸਪਤਾਲ ਨੇੜੇ ਮੁੱਖ ਸੜਕ ਤੋਂ ਲੋਹੇ ਦਾ ਜੰਗਲਾ ਗਾਇਬ * ਖੱਡਾ ਬਣਨ ਕਾਰਨ ਲੋਕ ਹੋ ਰਹੇ ਹਾਦਸਿਆਂ ਦਾ ਸ਼ਿਕਾਰ ਅਗਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਸਾਬਕਾ ਪ੍ਰਧਾਨਾਂ ਤੇ ਨਵੇਂ ਮੈਂਬਰਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।