ਅਬੋਹਰ, 30 ਅਪ੍ਰੈਲ (ਵਿਵੇਕ ਹੂੜੀਆ)-ਸਿਵਲ ਸਰਜਨ ਫ਼ਾਜ਼ਿਲਕਾ ਡਾ.ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ ਦੀ ਰਹਿਨੁਮਾਈ ਹੇਠ ਐੱਸ.ਐਮ.ਓ.ਡਾ.ਸੁਰੇਸ਼ ਕੰਬੋਜ ਦੀ ਪ੍ਰਧਾਨਗੀ ਵਿਚ ਸਿਵਲ ਹਸਪਤਾਲ ਅਬੋਹਰ ਵਿਖੇ ਏ.ਐਨ.ਐਮ.ਅਤੇ ਆਸ਼ਾ ਵਰਕਰਾਂ ਨਾਲ ਮਾਸਿਕ ਮੀਟਿੰਗ ਕੀਤੀ ਗਈ | ਇਸ ਮੌਕੇ ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਹਰ ਘਰ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਫ਼ੀਲਡ ਸਟਾਫ਼ ਨੂੰ ਸਮੇਂ-ਸਮੇਂ 'ਤੇ ਨਿਰਦੇਸ਼ ਦੇਣਾ ਅਤੇ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕਰਨਾ ਬੇਹੱਦ ਜ਼ਰੂਰੀ ਹੈ | ਮੀਟਿੰਗ ਦੌਰਾਨ ਜੱਚਾ-ਬੱਚਾ ਸਿਹਤ ਸੇਵਾਵਾਂ 'ਤੇ ਜ਼ੋਰ ਦਿੰਦਿਆਂ ਡਾ.ਕੰਬੋਜ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਵਿਚ ਹਾਈ-ਰਿਸਕ ਕੇਸਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਉਚਿੱਤ ਫਾਲੋ-ਅਪ ਕੀਤਾ ਜਾਵੇ | ਉਨ੍ਹਾਂ ਹਦਾਇਤ ਕੀਤੀ ਕਿ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਲੱਗਣ ਵਾਲੇ ਵਿਸ਼ੇਸ਼ ਏ.ਐਨ.ਸੀ.ਕੈਂਪਾਂ ਦੌਰਾਨ ਮਾਹਿਰ ਡਾਕਟਰਾਂ ਤੋਂ ਜਾਂਚ ਯਕੀਨੀ ਬਣਾਈ ਜਾਵੇ | 'ਅਨੀਮੀਆ ਮੁਕਤ ਪੰਜਾਬ' ਮੁਹਿੰਮ ਤਹਿਤ 10 ਤੋਂ 19 ਸਾਲ ਦੀਆਂ ਲੜਕੀਆਂ ਦਾ ਐੱਚ.ਬੀ.ਟੈੱਸਟ ਕਰਵਾਉਣ ਅਤੇ ਬੱਚਿਆਂ ਦੇ ਟੀਕਾਕਰਨ ਨੂੰ ਮੁਕੰਮਲ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ | ਇਸ ਤੋਂ ਇਲਾਵਾ ਸਟਾਫ਼ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਾਉਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਤਾਂ ਜੋ ਲੋਕ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਣ | ਸਰਵਾਈਕਲ ਕੈਂਸਰ ਤੋਂ ਬਚਾਅ ਲਈ 14 ਤੋਂ 15 ਸਾਲ ਦੀਆਂ ਲੜਕੀਆਂ ਨੂੰ ਐੱਚ.ਪੀ.ਵੀ. ਵੈਕਸੀਨ ਲਗਾਉਣ ਅਤੇ ਆਮ ਲੋਕਾਂ ਦੀ 'ਆਭਾ ਆਈ.ਡੀ.' ਬਣਾਉਣ ਸਬੰਧੀ ਵੀ ਜਾਗਰੂਕਤਾ ਵਧਾਉਣ ਲਈ ਕਿਹਾ ਗਿਆ | ਇਸ ਮੀਟਿੰਗ ਵਿਚ ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ, ਡੀ.ਐਮ.ਈ.ਓ. ਪੂਜਾ, ਕੰਪਿਊਟਰ ਆਪਰੇਟਰ ਰਾਜੇਸ਼ ਕੁਮਾਰ ਅਤੇ ਪੀ.ਪੀ. ਯੂਨਿਟ ਦਾ ਸਟਾਫ਼ ਹਾਜ਼ਰ ਸੀ |