ਅਬੋਹਰ, 30 ਅਪ੍ਰੈਲ (ਵਿਵੇਕ ਹੂੜੀਆ)-ਜੂਡੋ ਕੋਚਿੰਗ ਸੈਂਟਰ ਅਬੋਹਰ ਦੀ ਖਿਡਾਰਨ ਰਿਆ ਸੈਨ ਪੁੱਤਰੀ ਨਰਿੰਦਰ ਸੈਨ ਨੇ ਕੇਂਦਰੀ ਵਿਦਿਆਲਿਆ ਰਿਜਨਲ ਜੂਡੋ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਵਾਰਾ (ਲੁਧਿਆਣਾ) ਵਿਖੇ ਕਰਵਾਈ ਗਈ ਕੇਂਦਰੀ ਵਿਦਿਆਲਿਆ ਪ੍ਰਤੀਯੋਗਤਾ ਵਿਚ ਰਿਆ ਨੇ ਸਬ-ਜੂਨੀਅਰ ਦੇ 48 ਕਿੱਲੋਗਰਾਮ ਭਾਰ ਵਰਗ ਵਿਚ ਇਹ ਪ੍ਰਾਪਤੀ ਹਾਸਲ ਕੀਤੀ ਹੈ | ਰਿਆ ਦੀ ਇਸ ਸ਼ਾਨਦਾਰ ਸਫਲਤਾ 'ਤੇ ਪਿ੍ੰਸੀਪਲ ਭਗਵਾਨ ਮਾਹਿਰ, ਕੋਚ ਰਾਜਿੰਦਰ ਬਿਸ਼ਨੋਈ, ਸਮਾਜ ਸੇਵੀ ਸੁਧੀਰ ਸੋਨੀ ਅਤੇ ਪਿ੍ਯਮ ਮਾਹਿਰ ਨੇ ਖਿਡਾਰਨ ਨੂੰ ਅਸ਼ੀਰਵਾਦ ਦਿੰਦਿਆਂ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਰਿਆ ਨੇ ਆਪਣੀ ਮਿਹਨਤ ਸਦਕਾ ਆਪਣੇ ਮਾਪਿਆਂ, ਸਕੂਲ ਅਤੇ ਕੋਚਿੰਗ ਸੈਂਟਰ ਦਾ ਮਾਣ ਵਧਾਇਆ ਹੈ |