17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਨਿਗਮ ਮੁਲਾਜ਼ਮ ਲਾਮਬੰਦ

ਅਜੀਤ ਡੈਸਕ 08-07-2026
ਲੁਧਿਆਣਾ, 7 ਜੁਲਾਈ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣ ਦੇ ਰੋਸ ਵਜੋਂ ਸੰਘਰਸ਼ ਕਮੇਟੀ ਨਗਰ ਨਿਗਮ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇਸੇ ਲੜੀ ਤਹਿਤ 8 ਜੁਲਾਈ ਦਿਨ ਬੁੱਧਵਾਰ ਨੂੰ ਨਿਗਮ ਦੇ ਜ਼ੋਨ ਏ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਨਵ-ਨਿਯੁਕਤ ਕਮਿਸ਼ਨਰ ਓਜਸਵੀ ਅਲੰਕਾਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ ਅਤੇ ਅਗਲੇ ਸੰਘਰਸ਼ ਦੇ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਜਾਵੇਗਾ। ਇਹ ਫ਼ੈਸਲਾ ਸੰਘਰਸ਼ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ, ਜੋ ਸੀਨੀਅਰ ਆਗੂ ਨਰੇਸ਼ ਧੀਂਗਾਨ ਦੇ ਦਫ਼ਤਰ ਨੇੜੇ ਨਗਰ ਨਿਗਮ ਜ਼ੋਨ ਏ ਵਿਖੇ ਹੋਈ। ਇਸ ਮੌਕੇ ਧੀਂਗਾਨ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਰਵੱਈਆ ਮੁਲਾਜ਼ਮਾਂ ਵਿਰੋਧੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਭਰੋਸੇ ਤਾਂ ਦਿੰਦੀ ਹੈ, ਪਰ ਸਮਾਂ ਆਉਣ ’ਤੇ ਆਪਣੇ ਵਾਅਦਿਆਂ ਤੋਂ ਪਿੱਛੇ ਹੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਧਰਨੇ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਇਕ ਮਹੀਨੇ ਦੇ ਅੰਦਰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ, ਪਰ ਅਜੇ ਤੱਕ ਇਸ ਸਬੰਧੀ ਕੋਈ ਸੂਚਨਾ ਨਹੀਂ ਮਿਲੀ। ਇਸ ਕਾਰਨ ਸਮੁੱਚੇ ਪੰਜਾਬ ਦੇ ਨਗਰ ਪੰਚਾਇਤਾਂ, ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਦੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਧੀਂਗਾਨ ਨੇ ਕਿਹਾ ਕਿ 8 ਜੁਲਾਈ ਨੂੰ ਪੰਜਾਬ ਭਰ ਵਿਚ ਮੁਲਾਜ਼ਮ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਵਾਅਦਾ ਖ਼ਿਲਾਫ਼ੀ ਵਿਰੁੱਧ ਰੋਸ ਪ੍ਰਗਟ ਕਰਨਗੇ ਤੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ। ਇਸ ਮੌਕੇ ਸੰਜੀਵ ਗਿੱਲ, ਨੇਤਾ ਜੀ ਸੌਂਧੀ, ਰਵੀ ਬਾਲੀ, ਵਿਪਨ ਕਲਿਆਣ, ਦੀਪਕ ਹੰਸ, ਰਾਜਵੀਰ ਚੌਟਾਲਾ, ਸੁਸ਼ੀਲ ਰੱਤੀ, ਅਰਜਨ ਭੁੰਬਕ, ਵਰੁਣ ਰਾਜ, ਪ੍ਰੀਤ ਗਿੱਲ, ਰਵੀ ਜੈਸਵਾਲ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਬੂਟਿਆਂ ਦਾ ਕਾਰੋਬਾਰ ਕਰਵਾਉਣ ਦਾ ਝਾਂਸਾ ਦੇ ਕੇ 13 ਲੱਖ ਵੀ ਧੋਖਾਧੜੀ ਕਰਨ ਵਾਲੇ ਨਰਸਰੀ ਮਾਲਕ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਨਾਜਾਇਜ਼ ਕਾਲੋਨੀ ਬਣਾਉਣ ਵਾਲੇ ਪਤੀ-ਪਤਨੀ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।