ਐੱਸ. ਏ. ਐੱਸ. ਨਗਰ, 27 ਅਗਸਤ (ਪ੍ਰੋ. ਅਵਤਾਰ ਸਿੰਘ)- ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਜ਼ਿਲ੍ਹਾ ਮੁਹਾਲੀ ਵਲੋਂ ਹੁਨਰ ਵਿਕਾਸ ਯੋਜਨਾ ਤਹਿਤ ਕਰਵਾਇਆ ਜਾ ਰਿਹਾ 31 ਦਿਨਾਂ ਦਾ ਸਿਲਾਈ ਅਤੇ ਕਟਿੰਗ ਸਿਖਲਾਈ ਕੋਰਸ ਪੂਰਾ ਹੋ ਗਿਆ। ਇਸ ਸੰਬੰਧ ‘ਚ ਆਰਸੇਟੀ ਮੁਹਾਲੀ ਦੇ ਮੁੱਖ ਦਫ਼ਤਰ ਵਿਖੇ ਕਰਵਾਏ ਸਮਾਰੋਹ ਦੌਰਾਨ ਸਫ਼ਲਤਾਪੂਵਰਕ ਸਿਖਲਾਈ ਪੂਰੀ ਕਰਨ ਵਾਲੀਆਂ 31 ਮਹਿਲਾਵਾਂ/ਲੜਕੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ। ਇਸ ਸਮਾਰੋਹ ‘ਚ ਪੀ. ਐਨ. ਬੀ. ਦੇ ਸਰਕਲ ਮੁਖੀ ਅਤੇ ਉਪ ਮਹਾਂਪ੍ਰਬੰਧਕ ਬਿਸਵੋਜੀਤ ਬਿਸਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪੀ. ਐਨ. ਬੀ. ਸਰਕਲ ਦਫ਼ਤਰ ਮੁਹਾਲੀ ਦੇ ਮੁੱਖ ਪ੍ਰਬੰਧਕ ਗੁਲਸ਼ਨ ਵਰਮਾ, ਆਰਸੇਟੀ ਮੁਹਾਲੀ ਦੇ ਡਾਇਰੈਕਟਰ ਅਮਨਦੀਪ ਸਿੰਘ ਤੇ ਸੀਨੀਅਰ ਪ੍ਰਬੰਧਕ ਸੁਮਿਤਰਾ ਨਾਗਰ ਸਮੇਤ ਸੰਸਥਾ ਦਾ ਸਟਾਫ਼ ਵੀ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਮੁੱਖ ਮਹਿਮਾਨ ਬਿਸਵੋਜੀਤ ਬਿਸਵਾਲ ਨੇ ਕਿਹਾ ਕਿ ਇਸ ਸਿਖਲਾਈ ਦਾ ਉਦੇਸ਼ ਮਹਿਲਾਵਾਂ ਨੂੰ ਹੁਨਰਮੰਦ ਬਣਾ ਕੇ ਸਵੈ-ਨਿਰਭਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਹਿਲਾਵਾਂ ਆਰਥਿਕ ਤੌਰ ‘ਤੇ ਮਜ਼ਬੂਤ ਹੁੰਦੀਆਂ ਹਨ ਤਾਂ ਪਰਿਵਾਰ ਅਤੇ ਸਮਾਜ ਵੀ ਮਜ਼ਬੂਤ ਹੁੰਦੇ ਹਨ। ਇਸੇ ਦੌਰਾਨ ਗੁਲਸ਼ਨ ਵਰਮਾ ਨੇ ਦੱਸਿਾ ਕਿ ਬੈਂਕ ਸਵੈ-ਰੁਜ਼ਗਾਰ ਸ਼ੁਰੂ ਕਰਨ ਦੀ ਇੱਛਾ ਰੱਖਣ ਵਾਲੀਆਂ ਮਹਿਲਾਵਾਂ ਨੂੰ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਯੋਜਨਾ ਵਰਗੀਆਂ ਸਕੀਮਾਂ ਰਾਹੀਂ ਕਰਜ਼ਾ ਸਹਾਇਤਾ ਮੁਹੱਈਆ ਕਰਵਾਉਂਦਾ ਹੈ, ਜਦਕਿ ਆਰਸੇਟੀ ਮੁਹਾਲੀ ਦੇ ਡਾਇਰੈਕਟਰ ਅਮਨਦੀਪ ਸਿੰਘ ਨੇ ਕਿਹਾ ਕਿ ਸਿਲਾਈ-ਕਟਿੰਗ ਦਾ ਹੁਨਰ ਮਹਿਲਾਵਾਂ ਲਈ ਰੁਜ਼ਗਾਰ ਅਤੇ ਸਵੈ-ਨਿਰਭਰਤਾ ਦੇ ਨਵੇਂ ਮੌਕੇ ਪੈਦਾ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਰਸੇਟੀ ਵਲੋਂ ਸਿਖਲਾਈ ਕੋਰਸ ਮੁਫ਼ਤ ਕਰਵਾਏ ਜਾਂਦੇ ਹਨ ਤੇ ਸਿਖਲਾਈ ਦੌਰਾਨ ਰਹਿਣ ਅਤੇ ਖਾਣੇ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ।”