ਨੂਰਪੁਰ ਬੇਦੀ, 10 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਥਾਨਾਂ ਵਿਖੇ ਅੱਜ ਨੌਜਵਾਨ ਸਵ. ਹਨੀ ਸ਼ਰਮਾ ਦੀ ਯਾਦ ਨੂੰ ਸਮਰਪਿਤ 7ਵਾਂ ਵਿਸ਼ਾਲ ਖ਼ੂਨਦਾਨ ਕੈਂਪ ਸਮੂਹ ਪਿੰਡ ਵਾਸੀਆਂ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਲਗਵਾਇਆ ਗਿਆ | ਕੈਂਪ 'ਚ ਕਰੀਬ 90 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਕੈਂਪ ਦਾ ਉਦਘਾਟਨ ਸਵਾਮੀ ਅਨਮੋਲਕਾ ਨੰਦ ਨੇ ਕੀਤਾ | ਉਨ੍ਹਾਂ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਆਸ਼ੀਰਵਾਦ ਦਿੱਤਾ | ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਕਿਹਾ ਕਿ ਖ਼ੂਨਦਾਨ ਸਭ ਤੋਂ ਮਹਾਨ ਦਾਨਾਂ 'ਚੋਂ ਇੱਕ ਹੈ ਕਿਉਂਕਿ ਇਸ ਨਾਲ ਕਿਸੇ ਲੋੜਵੰਦ ਵਿਅਕਤੀ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ | ਉਨ੍ਹਾਂ ਖ਼ੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਭੇਟ ਕਰ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ | ਕੈਂਪ ਦੌਰਾਨ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਇੰਚਾਰਜ ਬਖ਼ਤਾਵਰ ਸਿੰਘ ਰਾਣਾ ਦੀ ਅਗਵਾਈ ਹੇਠ ਪਹੁੰਚੀ ਟੀਮ ਨੇ ਖ਼ੂਨਦਾਨੀਆਂ ਤੋਂ ਖ਼ੂਨ ਇਕੱਤਰ ਕੀਤਾ | ਬਾਬਾ ਬੀਰੂ ਨਾਥ ਗੱਦੀਵਾਲ ਵਾਲਿਆਂ ਨੇ ਵੀ ਪਿੰਡ ਵਾਸੀਆਂ ਤੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਦੇਸਰਾਜ ਸੈਣੀ ਆਦਿ ਹਾਜ਼ਰ ਸਨ |