ਬੇਲਾ, 10 ਜੂਨ (ਮਨਜੀਤ ਸਿੰਘ ਸੈਣੀ)- ਪਿਛਲੇ ਸਾਲ ਬਰਸਾਤਾਂ ਦੌਰਾਨ ਬੇਟ ਖੇਤਰ ਦੇ ਦਾਊਦਪੁਰ ਅਤੇ ਫਸਿਆਂ ਪਿੰਡਾਂ ਦੇ ਕੋਲ਼ ਸਤਲੁਜ ਦਰਿਆ ਵਿਚ ਦੋ ਥਾਂ ਬੰਨ੍ਹ ਨੂੰ ਢਾਹ ਲੱਗੀ ਸੀ ਤਾਂ ਲੋਕਾਂ ਨੂੰ ਹੜਣ ਤੋਂ ਬਚਾਉਣ ਦੀ ਖਾਤਿਰ ਪੂਰਾ ਪੰਜਾਬ ਹੀ ਮਿੱਟੀ ਦੀਆਂ ਟਰਾਲੀਆਂ, ਰੇਤੇ ਦੇ ਭਰੇ ਥੈਲੇ ਲੈ ਕੇ ਉਕਤ ਥਾਵਾਂ ਤੇ ਪਹੁੰਚਿਆ ਸੀ | ਪ੍ਰਸ਼ਾਸਨ ਨੂੰ ਫੌਜ ਦੀ ਸਹਾਇਤਾ ਵੀ ਲੈਣੀ ਪਈ ਸੀ | ਉਸ ਸਮੇਂ ਹਰ ਰਾਜਸੀ ਪਾਰਟੀ ਦੇ ਲੀਡਰ ਵੀ ਮਿੱਟੀ ਦੇ ਥੈਲੇ ਭਰ ਕੇ ਚੱਕਦੇ ਅਤੇ ਇੱਕ ਦੂਜੇ 'ਤੇ ਮਾਈਨਿੰਗ ਕਰਨ ਦੇ ਦੋਸ਼ ਲਗਾਉਂਦੇ ਨਜ਼ਰ ਆਏ ਸਨ ਅਤੇ ਇਲਾਕੇ ਵਿਚ ਮਾਈਨਿੰਗ ਨੂੰ ਪੱਕੇ ਤੌਰ 'ਤੇ ਬੰਦ ਕਰਨ ਲਈ ਇਲਾਕੇ ਦੇ ਲੋਕਾਂ ਨਾਲ ਖੜੇ ਹੋਣ ਦੇ ਦਾਅਵੇ-ਵਾਅਦੇ ਕੀਤੇ ਸਨ ਜੋ ਕਿ ਹਵਾ ਹਵਾਈ ਹੋ ਗਏ ਹਨ ਕਿਉਂਕਿ ਕਿ ਸੱਤ ਅੱਠ ਮਹੀਨਿਆਂ ਬਾਅਦ ਹੀ ਦਰਿਆ ਵਿਚ ਮਾਈਨਿੰਗ ਚੱਲ ਰਹੀ ਹੈ ਪਰ ਮਾਈਨਿੰਗ ਦਾ ਨਾਮ ਬਦਲ ਕੇ ਡੀਸਿਲਟਿੰਗ ਕਰ ਦਿੱਤਾ ਹੈ | ਹੁਣ ਡੀਸਿਲਟਿੰਗ ਦੇ ਨਾਮ 'ਤੇ ਸਤਲੁਜ ਦਰਿਆ ਤੇ ਨਦੀਆਂ ਵਿਚ ਪੂਰੇ ਧੜੱਲੇ ਨਾਲ ਮਾਈਨਿੰਗ ਚੱਲ ਰਹੀ ਹੈ | ਬੇਲਾ ਰੋਪੜ ਮਾਰਗ 'ਤੇ ਪੈਂਦੇ ਪਿੰਡ ਮਨਸੂਹਾ ਦੀ ਬੁੱਧਕੀ ਨਦੀ ਤੋਂ ਲੈ ਕੇ ਰੋਪੜ ਜ਼ਿਲ੍ਹੇ ਦੇ ਪਿੰਡ ਸਾਰੰਗਪੁਰ ਤੱਕ ਸਤਲੁਜ ਦਰਿਆ 'ਚ ਤਿੰਨ ਚਾਰ ਥਾਵਾਂ 'ਤੇ ਬਿਨਾਂ ਕਿਸੇ ਰੋਕ ਟੋਕ ਦੇ ਡੀ-ਸਿਲਟਿੰਗ ਦੇ ਨਾਮ 'ਤੇ ਧੜੱਲੇ ਨਾਲ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ | ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਵੀ ਲੱਗਾ ਭਾਵੇਂ ਕਿ ਮਾਈਨਿੰਗ ਵਿਭਾਗ ਰੇਤੇ ਦੇ ਟਿੱਪਰਾਂ ਉੱਤੇ ਜੀ.ਪੀ.ਐਸ. ਲਗਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ | ਸਤਲੁਜ ਦਰਿਆ ਵਿਚ ਪਿੰਡ ਦਾਊਦਪੁਰ ਕੋਲ ਦਰਿਆ ਦੇ ਦੂਜੇ ਪਾਸੇ ਰੇਤੇ ਮਿੱਟੀ ਦਾ ਵੱਡਾ ਪਹਾੜ ਬਣਿਆ ਹੋਇਆ ਹੈ ਜਿਸ ਕਾਰਨ ਪਾਣੀ ਦਾ ਵਹਾਅ ਇੱਧਰਲੇ ਪਾਸੇ ਬੰਨ੍ਹ ਨੂੰ ਢਾਹ ਲਗਾਉਦਾ ਹੈ ਉਸ ਥਾਂ 'ਤੇ ਇਲਾਕੇ ਦੇ ਲੋਕ ਆਪ ਮਾਇਨਿੰਗ ਕਰਕੇ ਉਸ ਰੇਤੇ ਨੂੰ ਪੱਧਰ ਕਰਨ ਲਈ ਨੂੰ ਤਰਲੇ ਕਰ ਰਹੇ ਹਨ ਇਲਾਕੇ ਦੇ ਲੋਕਾਂ ਅਨੁਸਾਰ ਡੀਸਿਲਟਿੰਗ ਦਾ ਟੈਂਡਰ ਵੀ ਉਸ ਥਾਂ ਦਾ ਹੀ ਹੋਇਆ ਸੀ ਪਰ ਉਸ ਥਾਂ ਤੋਂ ਹੁਣ ਤੱਕ ਇੱਕ ਤਸਲਾ ਵੀ ਰੇਤੇ ਦਾ ਨਹੀਂ ਚੱਕਿਆ ਗਿਆ ਜਦੋਂਕਿ ਪਿਛਲੇ ਚਾਰ ਪੰਜ ਮਹੀਨਿਆਂ ਤੋਂ ਦਰਿਆ ਵਿਚੋਂ ਦਿਨ ਰਾਤ ਚੱਲਦੇ ਸੈਂਕੜੇ ਟਿੱਪਰਾਂ ਨੇ ਧਰਤੀ ਦੀ ਹਿੱਕ ਪਾੜ ਕੇ ਚਾਲੀ ਤੋਂ ਪੰਜਾਹ ਪੰਜਾਹ ਫੁੱਟ ਡੂੰਘੇ ਟੋਏ ਪੁੱਟ ਦਿੱਤੇ ਜਿਸ ਨਾਲ ਦਰਿਆ ਦੇ ਪਾਣੀ ਦਾ ਵਹਾਅ ਪਰਲੇ ਪਾਸੇ ਜਾਣ ਦੀ ਬਜਾਏ ਇੱਧਰਲੇ ਪਾਸੇ ਹੋਣ ਕਰਕੇ ਬੰਨ੍ਹ ਟੁੱਟਣ ਦਾ ਖਦਸ਼ਾ ਵੱਧ ਗਿਆ ਹੈ | ਦਿਨ ਰਾਤ ਚੱਲਦੇ ਓਵਰਲੋਡ ਰੇਤੇ ਦੇ ਟਿੱਪਰ ਆਵਾਜਾਈ ਦੇ ਨਿਯਮਾਂ ਦੀਆਂ ਵੀ ਧੱਜੀਆਂ ਉਡਾ ਰਹੇ ਹਨ | ਟਿੱਪਰਾਂ ਦੇ ਉਪਰ ਵਾਧੂ ਫੱਟੇ ਲਗਾ ਕੇ ਓਵਰਲੋਡ ਰੇਤਾ ਭਰ ਕੇ ਬਿਨਾਂ ਤਰਪਾਲ ਨਾਲ ਢੱਕੇ ਸ਼ਹਿਰਾਂ ਵਿੱਚੋਂ ਦੀ ਵੀ ਲੰਘਦੇ ਹਨ | ਰੇਤਾ ਸੜਕਾਂ 'ਤੇ ਡਿੱਗਦਾ ਜਾਂਦਾ ਹੈ, ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨਾਲ ਹਾਦਸੇ ਵੀ ਵਾਪਰ ਰਹੇ ਹਨ ਜਿਸ ਕਰਕੇ ਰਾਹਗੀਰਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਟਿੱਪਰ ਚਾਲਕਾਂ ਨੂੰ ਕਿਸੇ ਵੀ ਟਰੈਫਿਕ ਜਾਂ ਆਮ ਪੁਲਿਸ ਦਾ ਕੋਈ ਡਰ ਭੈਅ ਨਹੀ ਹੈ | ਪਿੰਡ ਮਨਸੂਹਾ ਤੇ ਬੇਲਾ ਵਿਖੇ ਉੱਡਦੀ ਮਿੱਟੀ ਕਾਰਨ ਲੋਕਾਂ ਦਾ ਸੜਕ ਤੋਂ ਲੰਘਣਾਂ ਵੀ ਮੁਸ਼ਕਿਲ ਬਣਿਆ ਹੋਇਆ ਹੈ ਮਿੱਟੀ ਨਾਲ ਲੋਕਾਂ ਦਾ ਸਿਰ ਮੂੰਹ ਭਰ ਜਾਂਦਾ ਹੈ | ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਹਫਤੇ ਸੀ.ਆਈ.ਏ. ਸਟਾਫ਼ ਵਲੋਂ ਮਾਇਨਿੰਗ ਵਿਭਾਗ ਦੇ ਜੇ.ਈ. ਦੀ ਸ਼ਿਕਾਇਤ 'ਤੇ ਕਾਰਵਾਈ ਕਰਕੇ ਮਾਈਨਿੰਗ ਕਰ ਰਹੇ ਪੋਕ ਲਾਈਨਾਂ ਤੇ ਟਿੱਪਰ ਕਾਬੂ ਕਰਕੇ ਮਾਈਨਿੰਗ ਕਰਨ ਵਾਲੇ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ ਜਿਸ ਕਰਕੇ ਮਾਈਨਿੰਗ ਚਾਰ ਪੰਜ ਦਿਨ ਬੰਦ ਰਹਿਣ ਤੋਂ ਬਾਅਦ ਫੇਰ ਮਾਈਨਿੰਗ ਦਾ ਧੰਦਾ ਮੁੜ ਤੋਂ ਜ਼ੋਰਾਂ ਨਾਲ ਚੱਲ ਰਿਹਾ ਹੈ | ਲੋਕਾਂ ਨੇ ਕਿਹਾ ਕਿ ਜੇਕਰ ਮਾਈਨਿੰਗ ਗੈਰ-ਕਾਨੂੰਨੀ ਸੀ ਤਾਂ ਹੀ ਮੁਕੱਦਮਾ ਦਰਜ ਕੀਤਾ ਗਿਆ, ਹੁਣ ਦੁਬਾਰਾ ਸ਼ੁਰੂ ਹੋਈ ਮਾਈਨਿੰਗ ਕੀ ਇਕ ਹਫਤੇ ਬਾਅਦ ਕਾਨੂੰਨਨ ਹੋ ਗਈ? ਇਸ ਸੰਬੰਧੀ ਪਹਿਲਾਂ ਤਾਂ ਮਾਈਨਿੰਗ ਅਧਿਕਾਰੀ ਫੋਨ ਹੀ ਨਹੀਂ ਚੱਕਦੇ ਜੇ ਫੋਨ ਚੱਕ ਲੈਣ ਤਾਂ ਉਹ ਇਹ ਸਾਈਟ ਜਲ ਨਿਕਾਸ ਕਮ ਮਾਈਨਿੰਗ ਮੰਡਲ ਨਵਾਂ ਸ਼ਹਿਰ ਅਧੀਨ ਆਉਂਦੀ ਕਹਿ ਕੇ ਆਪਣਾ ਪੱਲਾ ਛੁਡਾ ਲੈਂਦੇ ਹਨ ਪਰ ਓਵਰਲੋਡ ਟਿੱਪਰ ਸੜਕਾਂ ਰੋਪੜ ਜ਼ਿਲ੍ਹੇ ਦੀਆਂ ਤੋੜਦੇ ਹਨ ਤੇ ਪ੍ਰੇਸ਼ਾਨੀਆਂ ਵੀ ਰੋਪੜ ਜ਼ਿਲ੍ਹੇ ਦੇ ਲੋਕ ਭੁਗਤਦੇ ਹਨ |