ਅਟਾਰੀ, 15 ਫਰਵਰੀ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸਿੱਖ ਜਰਨੈਲ ਮਹਾਨ ਯੋਧੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੇ 180ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦੀ ਸਮਾਧ ਅਟਾਰੀ ਵਿਖੇ ਸਥਿਤ ਅਖਾੜੇ ਵਿਚ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿਚ ਭਾਰਤ ਦੇ ਨਾਮਵਰ ਪਹਿਲਵਾਨਾਂ ਵਲੋਂ ਕੁਸ਼ਤੀਆਂ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ | ਸ਼ਹੀਦੀ ਦਿਵਸ ਮੌਕੇ ਦਿਵਿਆਂਗ ਪਹਿਲਵਾਨ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਆਪਣੀ ਕਲਾ ਦਾ ਜੌਹਰ ਦਿਖਾਉਂਦੇ ਹੋਏ ਦਰਸ਼ਕਾਂ ਦਾ ਮਨ ਮੋਹਿਆ ਅਤੇ ਨਕਦ ਇਨਾਮ ਪ੍ਰਾਪਤ ਕੀਤੇ | ਕੁਸ਼ਤੀ ਦੰਗਲ ਦੁਪਹਿਰ 1 ਵਜੇ ਸ਼ੁਰੂ ਹੋਇਆ ਅਤੇ ਦੇਰ ਸ਼ਾਮ ਸਮਾਪਤੀ ਵੱਲ ਵਧਿਆ, ਜਿਸ ਵਿਚ ਜੇਤੂ ਪਹਿਲਵਾਨ ਅਤੇ ਕਬੱਡੀ ਖਿਡਾਰੀਆਂ ਦੀਆਂ ਟੀਮਾਂ ਨੂੰ ਇਨਾਮ ਵੰਡਣ ਲਈ ਨਾਮਵਰ ਐਨਥਨੀ ਪਹਿਲਵਾਨ ਪਹੁੰਚੇ ਜਿਨ੍ਹਾਂ ਨੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕਰਦੇ ਹੋਏ ਹੌਸਲਾ ਵਧਾਇਆ | ਇਸ ਮੌਕੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਟਰਸਟ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਅਟਾਰੀ ਅਤੇ ਟਰਸਟ ਦੇ ਨੁਮਾਇੰਦੇ ਵੀ ਮੌਜੂਦ ਸਨ ਜਿਨ੍ਹਾਂ ਨੇ ਆਏ ਮਹਿਮਾਨਾਂ, ਸ਼ਹੀਦੀ ਦਿਹਾੜੇ ਮੌਕੇ ਸੇਵਾ ਨਿਭਾਉਣ ਅਤੇ ਕੁਸ਼ਤੀ ਦੰਗਲ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ |
ਜੇਤੂ ਨਾਮਵਰ ਪਹਿਲਵਾਨਾਂ ਨੂੰ ਐਨਥਨੀ ਅਤੇ ਸ. ਸ਼ਾਮ ਸਿੰਘ ਟਰੱਸਟ ਵਲੋਂ ਕੀਤਾ ਗਿਆ ਸਨਮਾਨਿਤ
ਅਜੀਤ ਡੈਸਕ
16-02-2026