02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਾਦਿਕ ਦੇ ਸੁਵਿਧਾ ਕੇਂਦਰ ’ਚ ਹੋ ਰਹੀ ਲੋਕਾਂ ਦੀ ਖੱਜਲ ਖੁਆਰੀ, ਦੋ ਕਾਊਂਟਰ ਹੋਣ ਦੇ ਬਾਵਜੂਦ ਇਕ ਕਾਊਂਟਰ ’ਤੇ ਕੀਤਾ ਜਾਂਦੈ ਕੰਮ

ਅਜੀਤ ਡੈਸਕ 30-07-2026

ਸਾਦਿਕ, 29 ਜੁਲਾਈ (ਗੁਰਭੇਜ ਸਿੰਘ ਚੌਹਾਨ)- ਸਾਦਿਕ ਦੇ ਸੁਵਿਧਾ ਕੇਂਦਰ ਵਿਚ ਕੰਮ ਕਾਰ ਵਾਲੇ ਲੋਕਾਂ ਦੀ ਰੱਜ ਕੇ ਖੱਜਲ ਖੁਆਰੀ ਕੀਤੀ ਜਾਂਦੀ ਹੈ। ਸੂਤਰਾਂ ਅਨੁਸਾਰ ਲੋਕ ਸਵੇਰ ਤੋਂ ਆ ਕੇ ਸ਼ਾਮ ਤੱਕ ਅੱਤ ਦੀ ਗਰਮੀ ਵਿਚ ਆਪਣੇ ਕੰਮਾਂ ਲਈ ਭੁੱਖੇ ਪਿਆਸੇ ਬੈਠੇ ਰਹਿੰਦੇ ਹਨ। ਕੰਮ ਕਰਵਾਉਣ ਲਈ ਲੋਕਾਂ ਨੂੰ ਟੋਕਨ ਨੰਬਰ ਦਿੱਤੇ ਜਾਂਦੇ ਹਨ ਪਰ ਸਿਰਫ਼ 35 ਟੋਕਨਾਂ ਦਾ ਕੰਮ ਹੀ ਨਿਪਟਾਇਆ ਜਾਂਦਾ ਹੈ ਅਤੇ ਸਾਰਾ ਦਿਨ ਲਾਈਨ ’ਚੋਂ ਲੱਗਣ ਤੋਂ ਬਾਅਦ ਕਈਆਂ ਨੂੰ ਕਾਗਜ਼ ਪੱਤਰਾਂ ’ਚ ਨੁਕਸ ਕੱਢ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ। ਟੋਕਨ ਦੇਣ ਤੋਂ ਬਾਅਦ ਇਹ ਨਹੀਂ ਦੱਸਿਆ ਜਾਂਦਾ ਕਿ ਉਨ੍ਹਾਂ ਦੀ ਵਾਰੀ ਕਦੋਂ ਆਵੇਗੀ ਅਤੇ ਲੋਕ ਖੱਜਲ ਖੁਆਰ ਹੁੰਦੇ ਰਹਿੰਦੇ ਹਨ। ਜ਼ਰੂਰੀ ਸਮਾਂ ਬੱਧ ਕੰਮ ਅਤੇ ਆਮ ਕੰਮ ਇਕ ਹੀ ਤਰੀਕੇ ਨਾਲ ਅਤੇ ਇਕ ਹੀ ਕਾਊਂਟਰ ’ਤੇ ਕੀਤੇ ਜਾਂਦੇ ਹਨ ਜਦੋਂ ਕਿ ਜ਼ਰੂਰੀ ਕੰਮ ਇਕ ਕਾਊਂਟਰ ’ਤੇ ਅਤੇ ਆਮ ਕੰਮ ਇਕ ਕਾਊਂਟਰ ਤੋਂ ਹੋਣੇ ਚਾਹੀਦੇ ਹਨ। ਇਕ ਕਾਊਂਟਰ ਵਾਲੇ ਸ੍ਰੀ ਮਾਨ ਤਾਂ ਵਿਹਲੇ ਬੈਠੇ ਰਹਿੰਦੇ ਹਨ ਅਤੇ ਇਕ ਲੜਕੀ ਇਕ ਕਾਊੂਂਟਰ ’ਤੇ ਕੰਮ ਕਰਦੀ ਹੈ। ਸਮਾਂ ਬੱਧ ਕੰਮਾਂ ਦੀ ਵਾਰੀ ਦੀ ਉਡੀਕ ’ਚ ਆਖਰੀ ਤਰੀਕ ਲੰਘ ਜਾਣ ’ਤੇ ਹੋਰ ਮੁਸ਼ਕਿਲਾਂ ਅਤੇ ਜੁਰਮਾਨੇ ਪੈ ਜਾਂਦੇ ਹਨ। ਇਸ ਸੈਂਟਰ ਵਿਚ ਸੀਨੀਅਰ ਸਿਟੀਜਨ ਲਈ ਵੱਖਰੀ ਲਾਈਨ ਨਹੀਂ। ਸਭ ਨੂੰ ਇਕੋ ਰੱਸੇ ਨੂੜਿਆ ਹੋਇਆ ਹੈ। ਇਕ ਬਜ਼ੁਰਗ ਵਿਅਕਤੀ ਲਈ ਗਰਮੀ ਵਿਚ ਖੜ੍ਹ ਕੇ ਵਾਰੀ ਦੀ ਉਡੀਕ ਕਰਨਾ ਬੜਾ ਔਖਾ ਕੰਮ ਹੈ। ਬੈਠਣ ਲਈ ਥਾਂ ਥੋੜ੍ਹੀ ਹੈ, ਬਾਹਰ ਛਾਂ ਦਾ ਪ੍ਰਬੰਧ ਨਹੀਂ ਅਤੇ ਪੀਣ ਵਾਲੇ ਪਾਣੀ ਦਾ ਵੀ ਕਈ ਪੁਖਤਾ ਪ੍ਰਬੰਧ ਨਹੀਂ। ਕਈ ਕਈ ਘੰਟੇ ਵਾਰੀ ਦੀ ਉਡੀਕ ’ਚ ਖੜ੍ਹੇ ਲੋਕਾਂ ਨੂੰ ਵਾਰੀ ਆਉਣ ’ਤੇ ਕਿਸੇ ਕਾਗਜ਼ ਦਾ ਨੁਕਸ ਕੱਢ ਕੇ ਜਾਂ ਸਿਸਟਮ ’ਚ ਖਰਾਬੀ ਦਾ ਬਹਾਨਾ ਲਗਾ ਕੇ ਮੋੜ ਦਿੱਤਾ ਜਾਂਦਾ ਹੈ। ਜੇਕਰ ਕੋਈ ਦਸਤਾਵੇਜ਼ ਜਮ੍ਹਾਂ ਕਰ ਲਿਆ ਜਾਂਦਾ ਹੈ ਤਾਂ ਉਸਦੀ ਰਸੀਦ ਨਹੀਂ ਦਿੱਤੀ ਜਾਂਦੀ। ਫੋਨ ’ਤੇ ਮੈਸੇਜ ਭੇਜ ਦਿੱਤੇ ਜਾਣ ਦਾ ਕਹਿ ਦਿੱਤਾ ਜਾਂਦਾ ਹੈ। ਜਿਸ ਬਾਰੇ ਘੱਟ ਪੜ੍ਹੇ ਜਾਂ ਅਨਪੜ੍ਹ ਲੋਕ ਕੁਝ ਨਹੀਂ ਜਾਣਦੇ ਅਤੇ ਫਿਰ ਜਦੋਂ ਉਹ ਆਪਣੇ ਕੰਮ ਦੀ ਪੜਤਾਲ ਲਈ ਆਉਂਦੇ ਹਨ ਤਾਂ ਮੈਸੇਜ ਵਿਖਾਉਣ ਦੀ ਮੰਗ ਕੀਤੀ ਜਾਂਦੀ ਹੈ। ਰਸੀਦ ਨਾ ਦੇਣ ਦਾ ਕਾਰਨ ਸੈਂਟਰ ਵਲੋਂ ਆਪਣੇ ਕੋਲ ਰਸੀਦ ਦੇਣ ਲਈ ਪੇਪਰ ਨਾ ਰੱਖਣਾ ਦੱਸਿਆ ਗਿਆ ਹੈ। ਜਿਵੇਂ ਜਿਵੇਂ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ ਲੋਕਾਂ ਦੀ ਖੱਜਲ ਖੁਆਰੀ ਅਤੇ ਲੁੱਟ ਵਧ ਰਹੀ ਹੈ। ਪਹਿਲਾਂ ਹਰ ਕੰਮ ਲਈ ਹਾਰਡ ਫ਼ਾਈਲ ਭਰਕੇ ਦਿੱਤੀ ਜਾਂਦੀ ਸੀ। ਸਾਦਿਕ ਇਲਾਕੇ 28 ਪਿੰਡਾਂ ਦਾ ਇਕ ਹੀ ਸੁਵਿਧਾ ਸੈਂਟਰ ਹੈ ਅਤੇ ਪਹਿਲਾਂ ਹੀ ਕੰਮ ਜ਼ਿਆਦਾ ਹੈ ਪਰ ਕਰਮਚਾਰੀਆਂ ਵਲੋਂ ਅਣਗਹਿਲੀ ਵਰਤਣ ਅਤੇ ਲੋਕਾਂ ਦੀ ਖੱਜਲ ਖੁਆਰੀ ਕਰਨ ਕਾਰਨ ਲੋਕ ਬਹੁਤ ਦੁਖੀ ਹਨ। ਬਹੁਤੇ ਲੋਕ ਜਿੰਨ੍ਹਾਂ ਦਾ ਕੰਮ ਬਾਹਰੋਂ ਹੋ ਸਕਦਾ ਹੈ, ਉਹ ਖੱਜਲ ਖੁਆਰੀ ਝੱਲਕੇ ਪ੍ਰਾਈਵੇਟ ਤੋਂ ਕੰਮ ਕਰਵਾਉਂਦੇ ਹਨ ਜਿਸ ’ਤੇ ਸੁਵਿਧਾ ਸੈਂਟਰ ਦੀ ਫ਼ੀਸ ਨਾਲੋਂ ਕਈ ਗੁਣਾ ਵੱਧ ਪੈਸੇ ਖਰਚ ਹੁੰਦੇ ਹਨ। ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਜਾਂ ਤਾਂ ਇਨ੍ਹਾਂ ਸੈਂਟਰਾਂ ਵਿਚ ਕੰਮ ਪਾਰਦਰਸ਼ੀ ਹੋਵੇ ਨਹੀਂ ਇਨ੍ਹਾਂ ਨੂੰ ਬੰਦ ਕਰਕੇ ਜਿਸ ਤਰਾਂ ਪਹਿਲਾਂ ਸਬੰਧਤ ਮਹਿਕਮਿਆਂ ਤੋਂ ਲੋਕ ਸਿੱਧੇ ਕੰਮ ਕਰਾਉਂਦੇ ਸਨ ਉਸੇ ਤਰਾਂ ਕੀਤਾ ਜਾਵੇ ਅਤੇ ਵਿਚੋਲੇ ਦੇ ਤੌਰ ’ਤੇ ਵਿਚ ਫ਼ਸਾਈ ਸੁਵਿਧਾ ਸੈਂਟਰਾਂ ਦੀ ਠੱਗੀ ਦੀ ਦੁਕਾਨ ਬੰਦ ਕੀਤੀ ਜਾਵੇ। ਲੋਕਾਂ ਲਈ ਸੁਵਿਧਾ ਨਹੀਂ ਇਹ ਦੁਬਿਧਾ ਬਣੀ ਹੋਈ ਹੈ।

ਪਿਛਲੀ ਖ਼ਬਰ ‘ਯਾਰ ਜਿਗਰੀ ਕਸੂਤੀ ਡਿਗਰੀ’ ਫ਼ਿਲਮ ਦੀ ਟੀਮ ਆਦੇਸ਼ ਕਾਲਜ ਪੁੱਜੀ ਅਗਲੀ ਖ਼ਬਰ ਫ਼ਰਜ਼ੀ ਦਸਤਾਵੇਜ਼ਾਂ ’ਤੇ ਮੈਡੀਕਲ ਕਲੇਮ ਲੈਣ ਦੀ ਕੋਸ਼ਿਸ਼ ’ਚ ਏਜੰਟ ਸਮੇਤ ਤਿੰਨ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।