ਬਰਗਾੜੀ, 31 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਜਿਨ੍ਹਾਂ ਲੋਕਾਂ ਤੇ ਖਾਸਕਰ ਜ਼ਿਆਦਾਤਰ ਪਛੜੇ ਵਰਗਾਂ ਦੀ ਵੋਟ ਨਾਲ ਸੱਤ੍ਹਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਕਿ ਸੱਤ੍ਹਾਂ ’ਚ ਆਉਣ ਤੋਂ ਪਹਿਲਾਂ ਆਪ ਦੇ ਜਿਹੜੇ ਆਗੂ ਇਹ ਕਹਿੰਦੇ ਸਨ ਕਿ ਤੁਸੀਂ ਬਹੁਤ ਦੇਰ ਅਮੀਰ ਪਾਰਟੀਆਂ ਦੀ ਸੱਤ੍ਹਾ ਦੇਖੀ ਹੈ। ਜੋ ਸੱਤ੍ਹਾ ’ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਸ਼ੂਆਂ ਦੀ ਤਰ੍ਹਾਂ ਕੁੱਟ ਰੱਖਦੇ ਹਨ। ਸਾਡੀ ਪਾਰਟੀ ਦੇ ਜ਼ਿਆਦਾਤਰ ਲੋਕ ਆਮ ਘਰਾਂ ਤੇ ਲੜਕੇ, ਲੜਕੀਆਂ ਹੋਣਗੇ ਜੋ ਸੱਤ੍ਹਾ ’ਚ ਆਉਣ ਤੇ ਉਨ੍ਹਾਂ ਨੂੰ ਮੰਤਰੀਆਂ ਜਾਂ ਵਿਧਾਇਕਾਂ ਤਰ੍ਹਾਂ ਨਹੀਂ ਸਗੋਂ ਆਮ ਵਿਅਕਤੀਆਂ ਵਾਂਗ ਮਿਲਣਗੇ ਪ੍ਰੰਤੂ ਆਮ ਘਰਾਂ ’ਚ ਬਣੇ ਵਿਧਾਇਕਾਂ ਦੀ ਸਰਕਾਰ ਨੇ ਅਤਿਆਚਾਰ ਦੇ ਸਭ ਹੱਦਾਂ ਬੰਨੇ ਪਾਰ ਕਰ ਦਿੱਤੇ। ਜਿਸ ਦੀ ਉਦਾਹਰਣ ਬਰਨਾਲਾ ਵਿਖੇ ਹੱਕ ਮੰਗਦੇ ਸਫ਼ਾਈ ਸੇਵਕਾਂ ਤੋਂ ਮਿਲਦੀ ਹੈ ਕਿ ਕਿਸ ਤਰ੍ਹਾਂ ਹੜਤਾਲੀ ਸਫ਼ਾਈ ਸੇਵਕਾਂ ਦੇ ਸਰਕਾਰੀ ਜ਼ਬਰ ਨਾਲ ਸਿਰ ਭੰਨੇ ਜਿੰਨ੍ਹਾਂ ’ਚ ਜ਼ਿਆਦਾਤਰ ਸਫ਼ਾਈ ਸੇਵਕ ਔਰਤਾਂ ਸਨ। ਇਸ ਅਤਿਆਚਾਰ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਜ਼ਰੂਰ ਭੁਗਤਣਾ ਪਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਸੀ. ਸੈੱਲ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਬੇਅੰਤ ਸਿੰਘ ਬੁਰਜ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਛੜੇ ਵਰਗ ਦੀ ਭਲਾਈ ਲਈ ਸਭ ਤੋਂ ਵੱਧ ਯੋਜਨਾਵਾਂ ਕੇਂਦਰ ’ਚ ਡਾ. ਮਨਮੋਹਣ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਬਣਾਈਆਂ ਗਈਆਂ ਪ੍ਰੰਤੂ ਉਸ ਤੋਂ ਬਾਅਦ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਮੌਜੂਦਾ ਸਰਕਾਰ ਨੇ ਇਨ੍ਹਾਂ ਯੋਜਨਾਵਾਂ ਨੂੰ ਅਛੋਪਲੇ ਢੰਗ ਨਾਲ ਬੰਦ ਕਰਕੇ ਗਰੀਬ ਲੋਕਾਂ ਦੀਆਂ ਸਹੂਲਤਾਂ ਨੂੰ ਖੋਹਿਆ ਜਾ ਰਿਹਾ ਹੈ। ਇਸ ਮੌਕੇ ਬਲਕਰਨ ਸਿੰਘ ਬੁਰਜ, ਗੁਰਚਰਨ ਸਿੰਘ ਸੇਖੋਂ, ਗੁਰਸੇਵਕ ਸਿੰਘ ਗੋਂਦਾਰਾ, ਪਰਮਜੀਤ ਸਿੰਘ ਪੰਚ, ਬੋਹੜ ਸਿੰਘ ਪੰਚ, ਚੈਚਲ ਸਿੰਘ, ਪ੍ਰਧਾਨ ਜਸਕਰਨ ਸਿੰਘ, ਨਵਦੀਪ ਕੌਸ਼ਲ, ਦਰਸ਼ਨ ਸਿੰਘ ਸਾਬਕਾ ਪੰਚ, ਪ੍ਰਧਾਨ ਸੁਖਦੇਵ ਸਿੰਘ ਸੁੱਖਾ, ਲਖਵੀਰ ਸਿੰਘ ਲੱਖਾ ਆਦਿ ਹਾਜ਼ਰ ਸਨ।