ਲਖਨਊ, 10 ਮਈ (ਏਜੰਸੀ)-ਉੱਤਰ ਪ੍ਰਦੇਸ਼ ਦੇ ਉਚ ਸਿੱਖਿਆ ਮੰਤਰੀ ਯੋਗੇਂਦਰ ਉਪਾਧਿਆਏ ਨੇ 'ਜਾਨ੍ਹੀ ਜਾਨ੍ਹੀ ਜੈੱਸ ਪਾਪਾ' ਅਤੇ 'ਰੇਨ ਰੇਨ ਗੋ ਅਵੇਅ' ਵਰਗੀਆਂ ਮਸ਼ਹੂਰ ਅੰਗਰੇਜ਼ੀ ਨਰਸਰੀ ਕਵਿਤਾਵਾਂ ਨੂੰ ਭਾਰਤੀ ਸੰਸਕ੍ਰਿਤੀ ਤੇ ਕੀਮਤਾਂ ਖਿਲਾਫ਼ ਦੱਸ ਕੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਕਵਿਤਾਵਾਂ ਬੱਚਿਆਂ ਨੂੰ ਝੂਠ ਬੋਲਣਾ ਸਿਖਾਉਂਦੀਆਂ ਹਨ ਤੇ ਸਵਾਰਥ ਨੂੰ ਬੜਾਵਾ ਦਿੰਦੀਆਂ ਹਨ | ਕਾਨਪੁਰ 'ਚ ਸਿੱਖਿਆ ਮਿੱਤਰਾਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਇਕ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਸਿੱਖਿਆ ਦਾ ਮਤਲਬ ਸਿਰਫ਼ ਅਧਿਆਪਕ ਬਣਨਾ ਨਹੀਂ ਹੈ, ਬਲਕਿ ਆਉਣ ਵਾਲੀਆਂ ਪੀੜੀਆਂ ਨੂੰ ਆਕਾਰ ਦੇਣਾ ਤੇ ਉਨ੍ਹਾਂ 'ਚ ਚੰਗੇ ਸੰਸਕਾਰ ਭਰਨਾ ਹੈ | 'ਜਾਨ੍ਹੀ ਜਾਨ੍ਹੀ ਜੈੱਸ ਪਾਪਾ' ਕਵਿਤਾ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਮਾਣ ਨਾਲ ਬੱਚਿਆਂ ਨੂੰ ਇਸ ਨੂੰ ਸੁਣਾਉਣ ਲਈ ਕਹਿੰਦੇ ਹਨ, ਬਿਨਾਂ ਇਹ ਸੋਚੇ ਕਿ ਇਹ ਕੀ ਸੰਦੇਸ਼ ਦਿੰਦੀ ਹੈ | ਮੰਤਰੀ ਨੇ 'ਰੇਨ ਰੇਨ ਗੋ ਅਵੇਅ' ਕਵਿਤਾ 'ਤੇ ਵੀ ਇਤਰਾਜ਼ ਜਤਾਇਆ ਤੇ ਕਿਹਾ ਕਿ ਇਹ ਸਮੂਹਿਕ ਭਲਾਈ ਦੀ ਬਜਾਏ ਨਿੱਜੀ ਸੁਖ ਨੂੰ ਬੜਾਵਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਇਹ ਸਾਡੀ ਸੰਸਕ੍ਰਿਤੀ ਨਹੀਂ ਹੈ | ਭਾਰਤੀ ਸੰਸਕ੍ਰਿਤੀ ਨਿੱਜੀ ਸਹੂਲਤ ਦੀ ਬਜਾਏ ਸਮੂਹਿਕ ਭਲਾਈ ਤੇ ਕੁਦਰਤ ਨਾਲ ਤਾਲਮੇਲ 'ਤੇ ਜ਼ੋਰ ਦਿੰਦੀ ਹੈ | ਸਮਾਜਵਾਦੀ ਪਾਰਟੀ ਨੇ ਇਸ ਬਿਆਨ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਭਾਜਪਾ ਨੇ ਪਿਛਲੇ 9 ਸਾਲਾਂ 'ਚ ਕੁਝ ਨਹੀਂ ਕੀਤਾ ਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਹੀ ਅਜਿਹੇ ਮੁੱਦੇ ਉਠਾ ਰਹੀ ਹੈ |