01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਲੁਧਿਆਣਾ ਦੇ 3 ਵੱਡੇ ਨਿੱਜੀ ਸਕੂਲਾਂ ਨੂੰ ਬੰਬ ਧਮਾਕਿਆਂ ਦੀ ਧਮਕੀ <br/>

ਅਜੀਤ ਡੈਸਕ 19-05-2026

ਲੁਧਿਆਣਾ, 18 ਮਈ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਵਿਚ ਸੋਮਵਾਰ ਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 3 ਵੱਡੇ ਨਿੱਜੀ ਸਕੂਲਾਂ ਨੂੰ ਈ-ਮੇਲ ਰਾਹੀਂ ਆਈ. ਈ. ਡੀ. ਧਮਾਕਿਆਂ ਦੀ ਧਮਕੀ ਮਿਲੀ | ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਕਾਂ, ਮਾਪਿਆਂ ਅਤੇ ਵਿਦਿਆਰਥੀਆਂ ਵਿਚ ਹੜਕੰਪ ਮੱਚ ਗਿਆ | ਜਦਕਿ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਅਲਰਟ ਹੋ ਗਈਆਂ | ਧਮਕੀ ਮਿਲਣ ਵਾਲੇ ਸਕੂਲਾਂ ਵਿਚ ਸ਼ਹਿਰ ਦੇ ਤਿੰਨ ਵੱਡੇ ਨਿੱਜੀ ਸਕੂਲ ਸ਼ਾਮਿਲ ਹਨ | ਈ-ਮੇਲ ਭੇਜਣ ਵਾਲਿਆਂ ਨੇ ਆਪਣੇ-ਆਪ ਨੂੰ ਖ਼ਾਲਿਸਤਾਨ ਨੈਸ਼ਨਲ ਆਰਮੀ ਨਾਲ ਸੰਬੰਧਿਤ ਦੱਸਦਿਆਂ ਲਿਖਿਆ ਕਿ ਸਵੇਰੇ 11.11 ਵਜੇ ਸਕੂਲਾਂ ਵਿਚ, ਦੁਪਹਿਰ 1.11 ਵਜੇ ਹਲਵਾਰਾ ਏਅਰਪੋਰਟ ਦੀ ਪਾਰਕਿੰਗ ਅਤੇ 2.11 ਵਜੋਂ ਤੋਂ ਰਾਤ 9.11 ਵਜੇ ਤਕ ਧੂਰੀ ਤੋਂ ਦਿੱਲੀ ਰੇਲਵੇ ਲਾਈਨ ਤੇ ਆਈ.ਈ.ਡੀ. ਧਮਾਕੇ ਕੀਤੇ ਜਾਣਗੇ | ਧਮਕੀ ਮਿਲਦੇ ਹੀ ਸਕੂਲ ਪ੍ਰਬੰਧਕਾਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ | ਸੂਚਨਾ ਮਿਲਦਿਆਂ ਹੀ ਪੁਲਿਸ ਬੰਬ ਨਿਰੋਧਕ ਦਸਤੇ ਅਤੇ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਸਕੂਲਾਂ ਵਿਚ ਪਹੁੰਚ ਗਈਆਂ | ਸਕੂਲਾਂ ਦੇ ਹਰ ਕੋਨੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤੇ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਸਮਗਰੀ ਬਰਾਮਦ ਨਹੀਂ ਹੋਈ | ਧਮਕੀ ਈ-ਮੇਲ ਵਿਚ ਭਾਜਪਾ ਦੇ ਕੇਂਦਰੀ ਆਗੂਆਂ ਨੂੰ ਸਿੱਖ ਤੇ ਕਿਸਾਨ ਵਿਰੋਧੀ ਦੱਸਿਆ ਗਿਆ | ਇਸਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਤੇ ਸਾਬਕਾ ਡੀ.ਜੀ.ਪੀ. ਮੁਸਤਫ਼ਾ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਹਨ | ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਾਈਬਰ ਸੈੱਲ ਦੀ ਮਦਦ ਨਾਲ ਈ-ਮੇਲ ਭੇਜਣ ਵਾਲਿਆਂ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ | ਲੁਧਿਆਣਾ ਦੇ ਜਿਹੜੇ 3 ਸਕੂਲਾਂ ਨੰੂ ਈ-ਮੇਲ ਰਾਹੀਂ ਧਮਕੀ ਦਿੱਤੀ ਗਈ ਹੈ, ਉਨ੍ਹਾਂ ਵਿਚ ਡੀ.ਏ.ਵੀ. ਪਬਲਿਕ ਸਕੂਲ, ਬੀ.ਆਰ.ਐਸ ਨਗਰ, ਬਾਲ ਭਾਰਤੀ ਪਬਲਿਕ ਸਕੂਲ, ਦੁੱਗਰੀ ਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਸ਼ਾਮਿਲ ਹਨ | ਇਨ੍ਹਾਂ ਸਕੂਲਾਂ ਨੂੰ ਈ-ਮੇਲ ਜਰੀਏ ਧਮਕੀ ਦੇਣ ਤੋਂ ਬਾਅਦ ਪੁਲਿਸ ਵਲੋਂ ਇਨ੍ਹਾਂ ਸਕੂਲਾਂ ਦੇ ਬਾਹਰ ਅਤੇ ਆਲ਼ੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ |

ਪਿਛਲੀ ਖ਼ਬਰ ਕਿਸਾਨਾਂ ਦੇ ਸੰਘਰਸ਼ ਦਰਮਿਆਨ ਸਰਕਾਰ ਵਲੋਂ ਗੰਨੇ ਦੀ 142 ਕਰੋੜ ਦੀ ਅਦਾਇਗੀ ਨੂੰ ਪ੍ਰਵਾਨਗੀ ਅਗਲੀ ਖ਼ਬਰ ਪਾਕਿ ਦੇ ਗ੍ਰਹਿ ਮੰਤਰੀ ਵਲੋਂ ਈਰਾਨੀ ਰਾਸ਼ਟਰਪਤੀ ਪੇਜ਼ੇਸ਼ਕੀਅਨ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।