ਪਟਿਆਲਾ, 7 ਜੂਨ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਦੇ ਮੁੱਖ ਦਫ਼ਤਰ ਸਾਹਮਣੇ ਲੰਬੇ ਸਮੇਂ ਤੋਂ ਵੱਖ-ਵੱਖ ਜਥੇਬੰਦੀਆਂ ਨੌਕਰੀ ਲਈ ਮੰਗ ਕਰਦਿਆਂ ਧਰਨੇ, ਮੁਜ਼ਾਹਰੇ ਕਰਦੀਆਂ ਆ ਰਹੀਆਂ ਸਨ | ਜਿਸ 'ਚ ਆਈ.ਟੀ.ਆਈ. ਅਤੇ ਅਪ੍ਰੈਂਟਸ਼ਿੱਪ ਕੀਤੇ ਨੌਜਵਾਨ ਵੱਡੀ ਗਿਣਤੀ 'ਚ ਸ਼ਾਮਲ ਸਨ | ਬਿਜਲੀ ਨਿਗਮ ਦੇ ਸੀ.ਐਮ.ਡੀ. ਡਾ. ਬਸੰਤ ਗਰਗ ਵਲੋਂ ਲੰਘੇ ਦਿਨੀਂ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਸਾਫ਼ ਕੀਤਾ ਸੀ ਕਿ ਤਿੰਨ ਪੜਾਵਾਂ ਵਿਚ ਲਗਭਗ 17 ਹਜ਼ਾਰ ਅਸਾਮੀਆਂ ਬਿਜਲੀ ਨਿਗਮ ਵਲੋਂ ਕੱਢੀਆਂ ਜਾਣਗੀਆਂ ਜਿਸ ਵਿਚ ਵੱਡੀ ਗਿਣਤੀ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ | ਅੱਜ ਬਿਜਲੀ ਨਿਗਮ ਵਲੋਂ ਮੁੱਖ ਇੰਜ. ਐਚ.ਆਰ.ਡੀ. ਦੇ ਵਲੋਂ ਜਾਰੀ ਵਿਗਿਆਪਨ ਸੀ 625/26 ਤਹਿਤ 2 ਸੀ.ਆਰ.ਏ. ਜਾਰੀ ਕਰਦਿਆਂ ਕੁੱਲ 6289 ਅਸਾਮੀਆਂ ਸੰਬੰਧੀ ਭਰਤੀ ਨੋਟਿਸ ਪੱਤਰ ਜਾਰੀ ਕੀਤਾ ਹੈ | ਜਿਸ ਤਹਿਤ ਸੀ.ਆਰ.ਏ. 317/2026 ਲਈ 3289 ਅਸਾਮੀਆਂ ਜਿਸ ਲਈ 15 ਜੂਨ ਤੋਂ 6 ਜੁਲਾਈ 2026 ਤਕ ਅਤੇ ਸੀਆਰਏ 318/2026 ਤਹਿਤ 3000 ਅਸਾਮੀਆਂ ਲਈ 19 ਜੂਨ ਤੋਂ 9 ਜੁਲਾਈ ਤੱਕ ਸਹਾਇਕ ਲਾਈਨਮੈਨ ਦੀ ਆਸਾਮੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ | ਉਕਤ ਪੱਤਰ 'ਚ ਦੱਸਿਆ ਗਿਆ ਹੈ ਕਿ ਉਮੀਦਵਾਰਾਂ ਦੀ ਵਧੇਰੇ ਜਾਣਕਾਰੀ ਲਈ ਪੂਰਾ ਇਸ਼ਤਿਹਾਰ ਬਿਜਲੀ ਨਿਗਮ ਦੀ ਵੈੱਬਸਾਈਟ 'ਤੇ ਅੱਪਲੋਡ ਕਰ ਦਿੱਤਾ ਗਿਆ ਹੈ |