ਫਿਰੋਜ਼ਪੁਰ, 7 ਜੂਨ (ਗੁਰਿੰਦਰ ਸਿੰਘ)-ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਫਿਰੋਜ਼ਪੁਰ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਨਾਲ ਸਾਂਝੇ ਆਪੇ੍ਰਸ਼ਨ ਦੌਰਾਨ ਮੱਖੂ ਦੇ ਵਪਾਰੀ ਗੁਰਚਰਨ ਸਿੰਘ ਗਾਬਾ ਕਤਲ ਮਾਮਲੇ ਵਿਚ ਸ਼ਾਮਿਲ ਦੋ ਸ਼ੂਟਰਾਂ ਨੂੰ ਜੰਮੂ-ਕਸ਼ਮੀਰ ਤੋਂ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਗਿ੍ਫ਼ਤਾਰ ਕੀਤੇ ਗਏ ਸ਼ੂਟਰਾਂ ਦੀ ਪਛਾਣ ਵਿਸ਼ਨੂੰ ਕੁਮਾਰ ਵਾਸੀ ਰੂਪਬਾਸ, ਭਰਤਪੁਰ (ਰਾਜਸਥਾਨ) ਤੇ ਰਾਹੁਲ ਮਹਾਵਰ ਵਾਸੀ ਅਨੰਤਪੁਰਾ, ਕੋਟਾ (ਰਾਜਸਥਾਨ) ਵਜੋਂ ਹੋਈ ਹੈ | ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਬੇਰੇਟਾ .30 ਬੋਰ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ | ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਦੋਸ਼ੀਆਂ ਦਾ ਅਪਰਾਧਿਕ ਪਿਛੋਕੜ ਰਿਹਾ ਹੈ | ਉਨ੍ਹਾਂ ਖ਼ਿਲਾਫ਼ ਜਬਰਨ ਵਸੂਲੀ, ਲੁੱਟ-ਖੋਹ, ਡਕੈਤੀ, ਚੋਰੀ ਤੇ ਅਸਲਾ ਐਕਟ ਤਹਿਤ ਵੱਖ-ਵੱਖ ਮਾਮਲੇ ਦਰਜ ਹਨ | ਰਾਜਸਥਾਨ ਪੁਲਿਸ ਵਲੋਂ ਵੀ ਇਨ੍ਹਾਂ ਦੀ ਗਿ੍ਫ਼ਤਾਰੀ ਲਈ 10 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ | ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵਲੋਂ ਜਾਰੀ ਪੈੱ੍ਰਸ ਬਿਆਨ ਵਿਚ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ 1 ਜੂਨ ਨੂੰ ਫਿਰੋਜ਼ਪੁਰ ਦੇ ਕਸਬਾ ਮੱਖੂ ਵਿਖੇ ਗਾਬਾ ਜਨਰਲ ਸਟੋਰ ਦੇ ਮਾਲਕ ਗੁਰਚਰਨ ਸਿੰਘ ਗਾਬਾ ਦੀ ਤਿੰਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ | ਬੁਲਾਰੇ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਏ.ਜੀ.ਟੀ.ਐਫ. ਪੰਜਾਬ ਵਲੋਂ ਡੀ.ਐਸ.ਪੀ. ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ 'ਹਿੱਲ ਟਰੈਪ' ਨਾਂਅ ਦਾ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ ਤੇ ਰਾਜਸਥਾਨ ਵਿਚ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ ਮਿਲੀ ਪੁਖਤਾ ਇਤਲਾਹ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਏ.ਜੀ.ਟੀ.ਐਫ. ਪੰਜਾਬ, ਫਿਰੋਜ਼ਪੁਰ ਪੁਲਿਸ ਤੇ ਜੰਮੂ ਅਤੇ ਕਸ਼ਮੀਰ ਪੁਲਿਸ ਵਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਅਤੇ ਜੰਮੂ-ਕਸ਼ਮੀਰ ਵਿਚ ਪੁਲਿਸ ਸਟੇਸ਼ਨ ਕੁੱਦ ਨੇੜੇ ਪਤਨੀਟੌਪ-ਕੁੱਦ ਰੋਡ 'ਤੇ ਲਗਾਏ ਨਾਕੇ 'ਤੇ ਰੋਕਿਆ ਗਿਆ ਤਾਂ ਪੁਲਿਸ ਟੀਮ ਨੂੰ ਦੇਖਦਿਆਂ ਮੁਲਜ਼ਮਾਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਬੜੀ ਮੁਸਤੈਦੀ ਨਾਲ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ | ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਮੱਖੂ ਵਿਖੇ ਪਹਿਲਾਂ ਹੀ ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ | ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੀ ਸਾਜ਼ਿਸ਼, ਇਸ ਦੇ ਮਾਸਟਰਮਾਈਾਡ ਤੇ ਹੋਰ ਸੰਭਾਵਿਤ ਸਾਥੀਆਂ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ |
ਮੱਖੂ ਗੋਲੀਕਾਂਡ ਦੇ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ, ਪਿਸਤੌਲ ਤੇ ਕਾਰਤੂਸ ਬਰਾਮਦ <br/>
ਅਜੀਤ ਡੈਸਕ
08-06-2026