ਮੌੜ ਮੰਡੀ, 29 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)- ਪਿੰਡ ਜੋਧਪੁਰ ਪਾਖਰ ਵਿਚੋਂ ਲੰਘ ਰਹੀ ਸਰਹੰਦ ਨਹਿਰ ਦੇ ਹੈੱਡਾਂ ਦੇ ਨਜ਼ਦੀਕ ਗਲੀ ਸੜੀ ਲਾਸ਼ ਫਸੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਮਿਲੀ ਜਾਣਕਾਰੀ ਅਨੁਸਾਰ ਸਹਾਰਾ ਜਨ ਸੇਵਾ ਨੂੰ ਥਾਣਾ ਮੌੜ ਮੰਡੀ ਦੇ ਮੁਲਾਜ਼ਮਾਂ ਵਲੋਂ ਇਤਲਾਹ ਦਿੱਤੀ ਗਈ ਕਿ ਪਿੰਡ ਜੋਧਪੁਰ ਪਾਖਰ ਨਹਿਰ ਵਿਚ ਹੈੱਡਾਂ ਦੇ ਨਜ਼ਦੀਕ ਇੱਕ ਗਲੀ ਸੜੀ ਲਾਸ਼ ਫਸੀ ਪਈ ਹੈ, ਬਿਨਾਂ ਕਿਸੇ ਦੇਰੀ ਤੋਂ ਸਹਾਰਾ ਦੇ ਵਰਕਰ ਜਗਤਾਰ ਸਿੰਘ ਤਾਰੀ, ਜਸਪਾਲ ਸਿੰਘ ਹੈਪੀ, ਪ੍ਰਦੀਪ ਸ਼ਰਮਾ ਸੰਸਥਾ ਦੀ ਐਂਬੂਲੈਂਸ ਲੈ ਕੇ ਘਟਨਾ ਸਥਾਨ 'ਤੇ ਪਹੁੰਚੇ, ਜਦ ਕਿ ਉੱਥੇ ਥਾਣਾ ਮੌੜ ਮੰਡੀ ਦੇ ਮੁਲਾਜ਼ਮ ਮੌਜੂਦ ਸਨ | ਲਾਸ਼ ਨੂੰ ਪੁਲਿਸ ਦੀ ਮੌਜੂਦਗੀ ਵਿਚ ਨਹਿਰ ਵਿਚੋਂ ਬਾਹਰ ਕੱਢਿਆ ਗਿਆ | ਉਸ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ | ਲਾਸ਼ ਤਕਰੀਬਨ 15/20 ਦਿਨ ਪੁਰਾਣੀ ਜਾਪ ਰਹੀ ਹੈ | ਇਸ ਸਬੰਧ ਵਿਚ ਥਾਣਾ ਮੌੜ ਮੰਡੀ ਦੇ ਏ.ਐੱਸ.ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸਹਾਰਾ ਦੇ ਸਹਿਯੋਗ ਨਾਲ 72 ਘੰਟੇ ਸ਼ਨਾਖਤ ਲਈ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿਚ ਰੱਖਿਆ ਗਿਆ ਹੈ | ਇਸ ਲਾਸ਼ ਸੰਬੰਧੀ ਪੁਲਿਸ ਵਲੋਂ ਪੰਜਾਬ ਵਿਚ ਮੈਸੇਜ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |