ਮਹਿਮਾ ਸਰਜਾ, 29 ਅਪ੍ਰੈਲ (ਬਲਦੇਵ ਸੰਧੂ): ਪਿੰਡ ਦਾਨ ਸਿੰਘ ਵਾਲਾ ਦੀ ਗ੍ਰਾਮ ਪੰਚਾਇਤ ਵਿਚ ਧੜੇਬੰਦੀ ਹੋਣ ਕਾਰਨ ਪਿੰਡ ਦਾ ਜਲ ਘਰ ਚਿੱਟਾ ਹਾਥੀ ਬਣਿਆ | ਜਿੱਥੇ ਪਿੰਡ ਦੇ ਜਲ ਘਰ ਦੀ ਮੋਟਰ ਖ਼ਰਾਬ ਹੋਣ ਕਾਰਨ ਲੋਕਾਂ ਨੂੰ ਇੱਕ ਹਫ਼ਤੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਤਰਸ ਗਏ ਹਨ | ਜਿਸ ਨੂੰ ਲੈ ਕੇ ਪਿੰਡ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਿਸ ਦੇ ਸਬੰਧ ਵਿਚ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪਿੰਡ ਦਾਨ ਸਿੰਘ ਵਾਲਾ ਦੇ ਪੰਚਾਂ ਵਲੋਂ ਜਲ ਘਰ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਸੰਬੰਧੀ ਗੁਹਾਰ ਲਾਈ ਗਈ ਹੈ | ਜਿਸ ਵਿਚ ਪੰਚ ਸੁਰਿੰਦਰ ਸਿੰਘ, ਪੰਚ ਜਸਵਿੰਦਰ ਸਿੰਘ ਪੰਚ ਗੁਰਮੇਲ ਸਿੰਘ, ਪੰਚ ਰਮਨਦੀਪ ਕੌਰ, ਪੰਚ ਸੁਮਨਦੀਪ ਕੌਰ ਵਲੋਂ ਪਿੰਡ ਦਾਨ ਸਿੰਘ ਵਾਲਾ ਦੇ ਜਲ ਘਰ ਤੋਂ ਪਿੰਡ ਨੂੰ ਪੀਣ ਲਈ ਪਾਣੀ ਦੀ ਸਪਲਾਈ ਨਾ ਦਿੱਤੇ ਜਾਣ ਸੰਬੰਧੀ ਉਨ੍ਹਾਂ ਲਿਖਤੀ ਪੱਤਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪਿੰਡ ਵਿਚ ਸਿਆਸੀ ਖਹਿਬਾਜ਼ੀ ਹੋਣ ਕਰਕੇ ਜਲ ਘਰ ਦੀ ਸਪਲਾਈ ਬੰਦ ਪਈ ਹੈ | ਉਨ੍ਹਾਂ ਕਿਹਾ ਕਿ ਜਲ ਘਰ ਨਾਲ ਸੰਬੰਧਿਤ ਕੋਠੇ ਜੀਵਨ ਸਿੰਘ ਵਾਲਾ ਦੇ ਲੋਕਾਂ ਨੂੰ ਸਾਡੇ ਖ਼ਿਲਾਫ਼ ਭੜਕਾਇਆ ਜਾ ਰਿਹਾ ਹੈ | ਕੋਠੇ ਜੀਵਨ ਸਿੰਘ ਵਾਲਾ ਦੇ ਮੈਂਬਰਾਂ ਨੂੰ ਜ਼ਬਰੀ ਪਾਰਟੀ ਵਿਚ ਸ਼ਾਮਿਲ ਕਰਨ ਲਈ ਉਨ੍ਹਾਂ 'ਤੇ ਦਬਾ ਪਾਇਆ ਜਾ ਰਿਹਾ | ਉਧਰ ਪਿੰਡ ਦੇ ਸਰਪੰਚ ਬੰਤਾ ਸਿੰਘ ਨੇ ਪੱਖ ਰੱਖਦਿਆਂ ਕਿਹਾ ਕਿ ਪੰਚਾਇਤ ਸਕੱਤਰ ਵਲੋਂ ਨਵੀਂ ਮੋਟਰ ਲਿਆਉਣ ਸੰਬੰਧੀ ਮਤਾ ਪਾਇਆ ਗਿਆ ਹੈ | ਇਸ ਦੌਰਾਨ ਮਤੇ 'ਤੇ ਸਰਪੰਚ ਸਮੇਤ ਤਿੰਨ ਮੈਂਬਰਾਂ ਵਲੋਂ ਹੀ ਦਸਤਖ਼ਤ ਕੀਤੇ ਗਏ ਹਨ, ਛੇ ਮੈਂਬਰਾਂ ਵਲੋਂ ਦਸਤਖ਼ਤ ਕਰਨ ਤੋਂ ਨਾ ਕਰ ਦਿੱਤੀ ਹੈ | ਜਿਸ ਕਾਰਨ ਨਵੀਂ ਮੋਟਰ ਖ਼ਰੀਦਣ ਦਾ ਕੰਮ ਰੁਕ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ | ਉਧਰ ਬੀਡੀਪੀਓ ਰੁਪਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਾ ਹੈ | ਜਿਸ ਨੂੰ ਇੱਕ-ਦੋ ਦਿਨਾਂ ਵਿਚ ਹੱਲ ਕਰ ਲਿਆ ਜਾਵੇਗਾ |