ਬਠਿੰਡਾ : ਪੰਜਾਬ ਸਿੱਖਿਆ ਵਿਭਾਗ ਵਿਚ ਆਪਣੀ 28 ਸਾਲ ਚਾਰ ਮਹੀਨੇ 7 ਦਿਨਾਂ ਦੀ ਬੇਦਾਗ਼ ਅਤੇ ਸ਼ਾਨਦਾਰ ਸੇਵਾ ਪੂਰੀ ਕਰਨ ਉਪਰੰਤ ਸੈਂਟਰ ਹੈੱਡ ਟੀਚਰ ਹਰਜਿੰਦਰ ਸਿੰਘ ਸੇਮਾ ਅੱਜ ਸੇਵਾਮੁਕਤ ਹੋ ਰਹੇ ਹਨ, ਜਿਨ੍ਹਾਂ ਨੂੰ ਵਿਭਾਗ ਅਤੇ ਅਧਿਆਪਕ ਸਾਥੀਆਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ | ਹਰਜਿੰਦਰ ਸਿੰਘ ਸੇਮਾ ਦਾ ਜਨਮ 8 ਅਪ੍ਰੈਲ 1968 ਨੂੰ ਪਿੰਡ ਸੇਮਾ (ਬਠਿੰਡਾ) ਵਿਚ ਮਾਤਾ ਅਮਰਜੀਤ ਕੌਰ ਅਤੇ ਪਿਤਾ ਬੀਰ ਸਿੰਘ (ਸੈਂਟਰ ਹੈੱਡ ਟੀਚਰ) ਦੇ ਘਰ ਹੋਇਆ | ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰਨ ਤੋਂ ਬਾਅਦ ਹਾਈ ਸਕੂਲ ਦੀ ਪੜ੍ਹਾਈ ਭੁੱਚੋ ਕਲਾਂ ਤੋਂ ਕੀਤੀ ਅਤੇ ਫਿਰ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਤੋਂ ਉੱਚ-ਸਿੱਖਿਆ ਹਾਸਲ ਕੀਤੀ | ਇਸ ਤੋਂ ਬਾਅਦ ਉਨ੍ਹਾਂ ਨੇ ਡਾਈਟ ਬਠਿੰਡਾ ਤੋਂ ਈ.ਟੀ.ਟੀ. ਦੀ ਤਾਲੀਮ ਪ੍ਰਾਪਤ ਕੀਤੀ ਅਤੇ 23 ਦਸੰਬਰ 1997 ਈ.ਟੀ.ਟੀ. ਅਧਿਆਪਕ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਪੰਜਾਵਾ (ਲੰਬੀ) ਵਿਚ ਨਿਯੁਕਤ ਹੋਏ | ਆਪ ਸਤੰਬਰ 2015 ਵਿਚ ਹੈੱਡ ਟੀਚਰ ਵਜੋਂ ਤਰੱਕੀ ਪ੍ਰਾਪਤ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਪਿੱਥੋ ਵਿਖੇ ਤਾਇਨਾਤ ਹੋਏ ਅਤੇ 9 ਨਵੰਬਰ 2021 ਸੈਂਟਰ ਹੈੱਡ ਟੀਚਰ ਵਜੋਂ ਤਰੱਕੀ ਹਾਸਲ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਢਪਾਲੀ ਵਿਖੇ ਜ਼ਿੰਮੇਵਾਰੀ ਸੰਭਾਲੀ | ਹਰਜਿੰਦਰ ਸਿੰਘ ਸੇਮਾ ਦਾ ਵਿਆਹ 25 ਅਕਤੂਬਰ 1991 ਨੂੰ ਰਜਿੰਦਰ ਕੌਰ ਨਾਲ ਹੋਇਆ ਤੇ ਉਨ੍ਹਾਂ ਦੇ ਘਰ ਦੋ ਪੁੱਤਰਾਂ ਕਮਲਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਜਨਮ ਲਿਆ | ਹਰਜਿੰਦਰ ਸਿੰਘ ਸੇਮਾ ਨੇ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰ ਫ਼ਰੰਟ (ਡੀ.ਟੀ.ਐੱਫ.) ਨਾਲ ਜੁੜ ਕੇ ਅਧਿਆਪਕਾਂ ਦੇ ਹੱਕਾਂ ਲਈ ਸੰਘਰਸ਼ ਕੀਤਾ | ਉਹ ਇੱਕ ਪ੍ਰੇਰਣਾਦਾਇਕ ਅਧਿਆਪਕ ਵਜੋਂ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਸਿੱਖਿਆ ਦੇ ਨਾਲ-ਨਾਲ ਮਨੁੱਖੀ ਮੁੱਲਾਂ ਨੂੰ ਵੀ ਉਤਸ਼ਾਹਿਤ ਕੀਤਾ | ਅੱਜ ਸੇਵਾਮੁਕਤੀ 'ਤੇ ਉਨ੍ਹਾਂ ਨੂੰ ਅਧਿਆਪਕ ਕਲਸਟਰ ਢਿਪਾਲੀ, ਐਸ.ਐਮ.ਸੀ. ਅਤੇ ਵਿਦਿਆਰਥੀਆਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਜਾਵੇਗੀ | - ਸੱਤਪਾਲ ਸਿੰਘ ਸਿਵੀਆਂ