ਭਗਤਾ ਭਾਈਕਾ, 29 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਪੰਜਾਬ ਵਿਚ ਗਰਮੀ ਦਾ ਅਸਮਾਨੀ ਚੜ੍ਹ ਗਿਆ ਹੈ, ਦੂਜੇ ਪਾਸੇ ਹੁਣ ਸੂਬਾ ਸਰਕਾਰ ਬਿਜਲੀ ਕੱਟ ਲਗਾ ਕੇ ਲੋਕਾਂ ਦੇ ਸਬਰ ਦਾ ਇਮਤਿਹਾਨ ਲੈ ਰਿਹਾ ਹੈ | ਅੱਤ ਦੀ ਸ਼ੁਰੂਆਤੀ ਗਰਮੀ ਦੌਰਾਨ ਬਿਜਲੀ ਦੇ ਅਣਮਿੱਥੇ ਕੱਟਾਂ ਨੇ ਸੂਬੇ ਦੀ ਆਪ ਸਰਕਾਰ ਨੂੰ ਲੋਕਾਂ ਨੇ ਕੋਸ ਰਹੇ ਹੈ | ਜੇਕਰ ਬਿਜਲੀ ਕੱਟਾਂ ਦੇ ਹਾਲਾਤ ਇੰਝ ਹੀ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਲੋਕ ਸਰਕਾਰ ਦੇ ਖਿਲਾਫ਼ ਸੜਕਾਂ 'ਤੇ ਉਤਰਣ ਲਈ ਮਜ਼ਬੂਰ ਹੋ ਜਾਣਗੇ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਾਬਕਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ 'ਅਜੀਤ' ਨਾਲ ਗੱਲਬਾਤ ਕਰਦੇ ਸਮੇਂ ਕੀਤਾ | ਸਾਬਕਾ ਬਿਜਲੀ ਮੰਤਰੀ ਕਾਂਗੜ ਨੇ ਕਿਹਾ ਕਿ ਸਿਰਫ਼ ਮਸ਼ਹੂਰੀਆਂ ਨਾਲ ਲੋਕਾਂ ਦੇ ਘਰਾਂ ਦੇ ਚਿਰਾਗ ਨਹੀਂ ਜਗਦੇ, ਇਸ ਲਈ ਪੁਖ਼ਤਾ ਇੰਤਜ਼ਾਮਾਂ ਦੀ ਲੋੜ ਹੁੰਦੀ ਹੈ, ਜੋ ਕਿ ਜ਼ਮੀਨੀ ਪੱਧਰ 'ਤੇ ਕਿਧਰੇ ਦਿਖਾਈ ਨਹੀਂ ਦੇ ਰਹੇ | ਉਨ੍ਹਾਂ ਕਿਹਾ ਸੱਤਾ ਵਿਚ ਆਉਣ ਤੋਂ ਪਹਿਲਾਂ ਬਿਜਲੀ ਦੇ ਵੱਡੇ-ਵੱਡੇ ਵਾਅਦੇ ਕਰਨ ਵਾਲੀ 'ਆਪ' ਸਰਕਾਰ ਅੱਜ ਪ੍ਰਬੰਧਕੀ ਪੱਖੋਂ ਬਿਲਕੁਲ ਨਾਕਾਮ ਨਜ਼ਰ ਆ ਰਹੀ ਹੈ | ਪੰਜਾਬ ਵਿਚ ਲੱਗ ਰਹੇ ਲੰਬੇ ਬਿਜਲੀ ਕੱਟਾਂ ਨੂੰ ਲੈ ਕੇ ਸਾਬਕਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਤਿੱਖੀ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਸੂਬੇ ਦੀ ਮੌਜੂਦਾ 'ਆਪ' ਸਰਕਾਰ ਬਿਜਲੀ ਪ੍ਰਬੰਧਾਂ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਜਿਸ ਦਾ ਸਿੱਧਾ ਨੁਕਸਾਨ ਆਮ ਲੋਕਾਂ, ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਝੱਲਣਾ ਪੈ ਰਿਹਾ ਹੈ | ਕਾਂਗੜ ਨੇ ਕਿਹਾ ਕਿ ਗਰਮੀ ਦੇ ਮੌਸਮ ਦੀ ਸ਼ੁਰੂਆਤ 'ਚ ਹੀ ਲੋਕਾਂ ਦਾ ਹਾਲੋ ਬੇ-ਹਾਲ ਹੋਣਾ ਸਰਕਾਰ ਦੀ ਨਾਕਾਮੀ ਦਾ ਸਪੱਸ਼ਟ ਸਬੂਤ ਹੈ | ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਉਦਯੋਗ ਵੀ ਬਿਜਲੀ ਦੀ ਕਮੀ ਕਾਰਨ ਪ੍ਰਭਾਵਿਤ ਹੋ ਰਹੇ ਹਨ, ਜਿਸ ਨਾਲ ਆਰਥਿਕਤਾ 'ਤੇ ਵੀ ਅਸਰ ਪੈ ਰਿਹਾ ਹੈ | ਕਾਂਗੜ ਨੇ ਕਿਹਾ ਕਿ ਜਦੋਂ ਉਹ ਮੰਤਰੀ ਸਨ, ਉਸ ਸਮੇਂ ਬਿਜਲੀ ਪ੍ਰਬੰਧਨ ਨੂੰ ਮਜ਼ਬੂਤ ਬਣਾਉਣ ਲਈ ਲੰਬੀ ਯੋਜਨਾ ਬਣਾਈ ਗਈ ਸੀ, ਪਰ ਮੌਜੂਦਾ ਸਰਕਾਰ ਨੇ ਪਿਛਲੀਆਂ ਯੋਜਨਾਵਾਂ ਨੂੰ ਅੱਗੇ ਨਹੀਂ ਵਧਾਇਆ | ਸ. ਕਾਂਗੜ ਨੇ ਬਿਜਲੀ ਸਪਲਾਈ ਨੂੰ ਸੁਧਾਰਨ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ ਜਾਣ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਮੰਘ ਕੀਤੀ |