ਜਗਰਾਉਂ, 19 ਮਈ (ਗੁਰਦੀਪ ਸਿੰਘ ਮਲਕ)-ਏਸ਼ੀਆ ਮਹਾਂਦੀਪ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਅਤੇ ਪੰਜਾਬ ਦੀ ਦਾਲ ਹੱਬ ਵਜੋਂ ਜਾਣੀ ਜਾਂਦੀ ਜਗਰਾਉਂ ਦਾਣਾ ਮੰਡੀ ਵਿਚ ਅੱਜ ਸੋਮਵਾਰ ਨੂੰ ਮੂੰਗੀ ਦੀ ਆਮਦ ਸ਼ੁਰੂ ਹੋ ਗਈ, ਜਿਸਨੂੰ ਦੇਖ ਕੇ ਵਪਾਰੀਆਂ, ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਦੇ ਚਿਹਰਿਆਂ 'ਤੇ ਰੌਣਕ ਦੇਖਣ ਨੂੰ ਮਿਲੀ | ਜਗਰਾਉਂ ਮੰਡੀ ਵਿਚ ਮੂੰਗੀ ਦੀ ਫ਼ਸਲ ਦੀਆਂ ਕਈ ਢੇਰੀਆਂ ਵਿਕਣ ਲਈ ਆਈਆਂ ਹਨ | ਅੱਜ ਮੂੰਗੀ ਦੀ ਇਕ ਢੇਰੀ ਆੜ੍ਹਤੀ ਮੇਹਰ ਚੰਦ ਵਾਸਦੇਵ ਦੀ ਦੁਕਾਨ 'ਤੇ ਆਈ | ਆੜ੍ਹਤੀ ਵਲੋਂ ਢੇਰੀ ਦੀ ਸਫ਼ਾਈ ਕਰਵਾਉਣ ਉਪਰੰਤ ਖ਼ਰੀਦਦਾਰਾਂ ਨੂੰ ਬੋਲੀ ਲਈ ਸੱਦਾ ਦਿੱਤਾ ਗਿਆ | ਖ਼ਰੀਦਦਾਰਾਂ ਵਿਚ ਨੰਦ ਲਾਲ ਐਂਡ ਕੰਪਨੀ, ਸ਼੍ਰੀ ਗਣੇਸ਼ ਫੂਡ ਪ੍ਰੋਡਕਟ, ਅੰਨਦਾਤਾ ਦਾਲ ਮਿੱਲ, ਸ਼੍ਰੀ ਭਗਵਤੀ ਐਗਰੋ ਮਿੱਲ, ਬਾਂਸਲ ਐਂਡ ਕੰਪਨੀ, ਪਿਆਰੇ ਲਾਲ ਰਮੇਸ਼ ਚੰਦਰ ਹਾਜ਼ਰ ਸਨ | ਮੂੰਗੀ ਦੀ ਬੋਲੀ 8435 ਰੁਪਏ ਹੋਈ ਜੋ ਨੰਦ ਲਾਲ ਐਂਡ ਕੰਪਨੀ ਨੇ ਖ਼ਰੀਦੀ | ਇਸ ਮੌਕੇ ਆੜ੍ਹਤੀਆ ਐਸੋਸੀਏਸਨ ਦੇ ਪ੍ਰਧਾਨ ਜਗਪਾਲ ਸਿੰਘ ਕਲੇਰ ਨੇ ਕਿਹਾ ਕਿ ਜਗਰਾਉਂ ਸ਼ਹਿਰ ਵਿਚ ਦਾਲ ਮਿੱਲਾਂ ਹੋਣ ਕਾਰਨ ਸਮੁੱਚੇ ਪੰਜਾਬ ਦੇ ਕਿਸਾਨ ਆਪਣੀਆਂ ਦਾਲਾਂ ਖਾਸਕਰ ਮੂੰਗੀ ਦੀ ਫ਼ਸਲ ਨੂੰ ਜਗਰਾਉਂ ਮੰਡੀ ਵਿਚ ਵੇਚਣ ਲਈ ਲੈ ਕੇ ਆਉਂਦੇ ਹਨ ਅਤੇ ਸਮੁੱਚੇ ਪੰਜਾਬ ਦੀਆਂ ਅਨਾਜ ਮੰਡੀਆਂ ਦੇ ਮੁਕਾਬਲੇ ਜਗਰਾਉਂ ਮੰਡੀ ਵਿਚ ਕਿਸਾਨਾਂ ਨੂੰ ਮੂੰਗੀ ਅਤੇ ਦਾਲਾਂ ਦਾ ਭਾਅ ਵੱਧ ਮਿਲਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਫ਼ਸਲਾਂ ਦੀ ਕੀਮਤ ਦਿਵਾਈ ਜਾਵੇਗੀ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜੀਤ ਸਿੰਘ ਕਲੇਰ, ਸੈਕਟਰੀ ਪ੍ਰਹਿਲਾਦ ਸਿੰਗਲਾ, ਪਰਮਜੀਤ ਸਿੰਘ ਪੰਮਾ, ਅਰੁਨ ਕੋਹਲੀ, ਵਿਨੀਤ, ਜਗਸੀਰ ਸਿੰਘ ਕਲੇਰ, ਬੰਟੀ ਧੀਰ, ਬਲਰਾਜ ਸਿੰਘ ਖਹਿਰਾ, ਕਾਕਾ ਵਿਸ਼ਵਨਾਥ, ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦੇਵ ਰਾਜ ਅਤੇ ਮਾਰਕੀਟ ਕਮੇਟੀ ਵਲੋਂ ਮਨਜਿੰਦਰ ਸਿੰਘ ਹਾਜ਼ਰ ਸਨ |