ਟੱਲੇਵਾਲ, 29 ਮਾਰਚ (ਸੋਨੀ ਚੀਮਾ)-ਪੰਜਾਬ ਦੇ ਲੋਕ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਤੋਂ ਬਹੁਤ ਹੀ ਖ਼ੁਸ਼ ਹਨ ਕਿਉਂਕਿ ਜਿਸ ਉਤਸ਼ਾਹ ਅਤੇ ਉਮੀਦਾਂ ਦੇ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰੀ ਉੱਤਰੀ ਹੈ | ਇਹ ਸ਼ਬਦ ਪਰਮਿੰਦਰ ਸਿੰਘ ਭੰਗੂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਨੇ ਪਿੰਡ ਚੀਮਾ ਵਿਖੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਜੋ ਵਾਅਦੇ ਅਤੇ ਜੋ ਗਰੰਟੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਇਕ-ਇਕ ਕਰ ਕੇ ਪੂਰਾ ਕਰ ਲਿਆ ਗਿਆ ਹੈ ਅਤੇ ਉਸ ਤੋਂ ਵੀ ਅਗਾਂਹ ਜਾਂਦੇ ਹੋਏ ਪੰਜਾਬ ਦੇ ਸਰਵਪੱਖੀ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਗਈ ਹੈ | ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਕਾਰਜ ਸਿਰਫ਼ ਚਾਰ ਸਾਲਾਂ ਵਿਚ ਕਰ ਕੇ ਦਿਖਾ ਦਿੱਤੇ ਹਨ, ਜੋ ਪਿਛਲੀਆਂ ਸਰਕਾਰਾਂ 70 ਸਾਲਾਂ ਵਿਚ ਨਹੀਂ ਕਰ ਸਕੀਆਂ | ਇਸ ਮੌਕੇ ਸੁਖਜਿੰਦਰ ਸਿੰਘ ਪੰਚ, ਮਹਿਕ ਚੀਮਾ ਕੁਆਰਡੀਨੇਟਰ, ਸਮਾਜ ਸੇਵੀ ਜਗਦੇਵ ਸਿੰਘ ਥਿੰਦ ਕੈਨੇਡਾ, ਪੰਚ ਗੁਰਮੇਲ ਸਿੰਘ, ਜਸਵੀਰ ਸਿੰਘ ਮਾਹੀ ਸਾਬਕਾ ਪੰਚ, ਮਿੰਟੂ ਸਿੰਘ ਪੰਚ, ਜਸਵੀਰ ਸਿੰਘ ਗੱਗੀ ਪੰਚ, ਬਲਵੰਤ ਸਿੰਘ ਪੰਚ, ਸੁਖਦੇਵ ਸਿੰਘ ਨਿੱਕਾ ਪੰਚ, ਗੁਰਪ੍ਰੀਤ ਸਿੰਘ ਪੰਚ, ਪਰਮਿੰਦਰ ਸਿੰਘ ਚੀਮਾ, ਜਤਿੰਦਰ ਸਿੰਘ ਸਾਬਕਾ ਸਰਪੰਚ ਨਾਈਵਾਲਾ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |