ਨਿਊਯਾਰਕ (ਅਮਰੀਕਾ) ਦੇ ਸ਼ਹਿਰ ਨਿਊ ਜਰਸੀ ਵਿਖੇ ਸਥਿਤ ਮੈਟਲਾਈਫ ਸਟੇਡੀਅਮ ਵਿਚ ਫੀਫਾ ਵਿਸ਼ਵ ਕੱਪ ਦੇ ਫਾਈਨਲ 'ਚ ਦੋ ਜੰਗਜੂ ਟੀਮਾਂ ਅਰਜਨਟੀਨਾ (ਪਿਛਲੀ ਵਾਰ ਦੀ ਚੈਂਪੀਅਨ) ਅਤੇ ਸਪੇਨ (2010 ਦੀ ਚੈਂਪੀਅਨ) ਵਿਚਾਲੇ ਮੁਕਾਬਲਾ ਕਾਫ਼ੀ ਦਿਲਚਸਪ ਰਿਹਾ। ਕੋਈ ਵੀ ਟੀਮ ਨੱਬੇ ਮਿੰਟਾਂ 'ਚ ਗੋਲ ਨਹੀਂ ਕਰ ਸਕੀ। ਹਾਲਾਂਕਿ ਸਪੇਨ ਨੇ ਗੋਲ ਕਰਨ ਦੇ ਦਰਜਨਾਂ ਮੌਕੇ ਬਣਾਏ, ਪਰ ਅਰਜਨਟੀਨਾ ਦੇ ਗੋਲਕੀਪਰ ਐਮੀ ਮਾਰਟੀਨੇਜ਼ ਨੇ ਫਾਈਨਲ 'ਚ ਰਿਕਾਰਡ 11 ਵਾਰ ਸਫਲ ਬਚਾਅ ਕੀਤਾ, ਜਦਕਿ ਲਿਓਨੇਲ ਮੈਸੀ ਤੇ ਸਾਥੀਆਂ ਨੂੰ ਗੋਲ ਦੀ ਕੋਸ਼ਿਸ਼ ਕਰਨ ਦਾ ਮੌਕਾ ਵੀ ਨਹੀਂ ਮਿਲਿਆ, ਜਿਸ ਨਾਲ ਖੇਡ 'ਤੇ 'ਲਾ ਰੋਜਾ' (ਸਪੇਨ ਦੀ ਕੌਮੀ ਫੁੱਟਬਾਲ ਟੀਮ) ਦੀ ਪਕੜ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਹਾਲਾਂਕਿ ਵਾਧੂ ਦਿੱਤੇ ਗਏ ਸਮੇਂ ਦੇ ਦੂਜੇ ਅੱਧ ਵਿਚ 39 ਸਕਿੰਟ ਵੀ ਨਹੀਂ ਹੋਏ ਸਨ, ਮਤਲਬ 106ਵੇਂ ਮਿੰਟ 'ਚ ਪੇਡਰੋ ਪੋਰੋ ਨੇ ਖੱਬੇ ਪਾਸੇ ਤੋਂ ਆਊਟ ਸਵਿੰਗ ਕ੍ਰਾਸ ਬੈਕ ਪੋਸਟ ਵਲੋਂ ਮਾਰਿਆ ਤੇ ਨਿਕੋ ਵਿਲੀਅਮਜ਼ ਫੁੱਟਬਾਲ ਨੂੰ ਆਪਣੇ ਸਿਰ ਨਾਲ ਵਾਪਸ ਖਾਲੀ ਜਗ੍ਹਾ ਭੇਜਣ 'ਚ ਕਾਮਯਾਬ ਰਿਹਾ ਅਤੇ ਫੈਰਾਨ ਟੋਰੇਸ ਹਾਫ-ਵਾਲੀ ਨੂੰ ਨੈੱਟ ਵਿਚ ਪਾ ਦਿੱਤਾ, ਜਦਕਿ ਅਰਜਨਟੀਨਾ ਦਾ ਗੋਲਕੀਪਰ ਗੋਲ ਬਚਾਉਣ ਲਈ ਛਾਲ ਲਗਾਉਂਦਾ ਹੋਇਆ ਦੇਖਦਾ ਹੀ ਰਹਿ ਗਿਆ। ਇਹ ਪੇਡਰੋ ਦਾ ਟੂਰਨਾਮੈਂਟ ਦਾ ਇਕਲੌਤਾ ਗੋਲ ਸੀ ਤੇ ਇਹੀ ਨਿਰਣਾਇਕ ਸਿੱਧ ਹੋਇਆ, ਜੋ ਕਿ ਗੋਲ ਕਰਨ ਲਈ 20ਵੀਂ ਕੋਸ਼ਿਸ਼ ਸੀ। ਟੋਰੇਸ ਦਾ ਇਹ ਜੇਤੂ ਗੋਲ 19 ਜੁਲਾਈ, 2026 ਨੂੰ ਠੀਕ 16 ਸਾਲ 8 ਦਿਨਾਂ ਬਾਅਦ ਆਇਆ, ਜਦ ਆਂਦਰੇਸ ਇੰਸਟਾ ਨੇ ਨੀਦਰਲੈਂਡਜ਼ ਵਿਰੁੱਧ ਵਾਧੂ ਸਮੇਂ 'ਚ ਗੋਲ ਕਰਕੇ 2010 'ਚ ਪਹਿਲੀ ਵਾਰ ਸਪੇਨ ਨੂੰ ਵਿਸ਼ਵ ਚੈਂਪੀਅਨ ਬਣਾਇਆ ਸੀ। ਸਪੇਨ ਦੀ ਦੂਜੀ ਖ਼ਿਤਾਬੀ ਵਿਸ਼ਵ ਕੱਪ ਜਿੱਤ ਵੀ 1-0 ਦੇ ਫ਼ਰਕ ਨਾਲ ਹੀ ਆਈ। ਮੈਚ ਤੋਂ ਬਾਅਦ ਟੋਰੇਸ ਨੇ ਆਪਣੇ ਗੋਲ ਬਾਰੇ ਕਿਹਾ, 'ਸੱਚ ਕਹਾਂ ਤਾਂ ਮੈਂ ਇਸ ਬਾਰੇ ਬਹੁਤਾ ਨਹੀਂ ਸੋਚਿਆ ਸੀ। ਮੈਂ ਗੇਂਦ ਨੂੰ ਆਪਣੇ ਵੱਲ ਆਉਂਦੇ ਹੋਏ ਦੇਖਿਆ ਤੇ ਮੈਂ ਸਾਰੇ ਸਪੈਨਿਸ਼ ਲੋਕਾਂ ਦੀ ਤਾਕਤ ਨਾਲ ਸ਼ਾਟ ਲਾ ਦਿੱਤਾ।'
ਗਰਮੀ ਤੇ ਤੇਜ਼ ਧੁੱਪ ਕਾਰਨ ਮੈਦਾਨ 'ਤੇ ਘਾਹ ਸੁੱਕ ਚੁੱਕਾ ਸੀ, ਜਿਸ ਨਾਲ ਖੇਡ ਦੀ ਰਫ਼ਤਾਰ ਮੱਠੀ ਪੈ ਗਈ ਅਤੇ ਕਲਾਤਮਕ ਡ੍ਰਿਬਲਿੰਗ ਮੁਸ਼ਕਿਲ ਰਹੀ। ਪਰ ਇਸ ਦੇ ਬਾਵਜੂਦ ਸਪੇਨ ਨੇ ਫੁੱਟਬਾਲ ਨੂੰ 65 ਫ਼ੀਸਦੀ ਸਮੇਂ ਤੱਕ ਆਪਣੇ ਕਬਜ਼ੇ 'ਚ ਰੱਖਿਆ, ਜਦਕਿ ਅਰਜਨਟੀਨਾ ਨੂੰ ਆਪਣੇ ਚੰਗੇ ਵਿਰੋਧੀਆਂ ਅੱਗੇ ਫੁੱਟਬਾਲ ਨੂੰ ਆਪਣੇ ਕੋਲ ਰੱਖਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ, ਜੋ ਕਿ ਅਸਫਲ ਵੱਧ ਰਿਹਾ। ਇਹ ਗੱਲ ਉਦੋਂ ਵੀ ਸਹੀ ਸੀ, ਜਦੋਂ ਦੋਵੇਂ ਟੀਮਾਂ ਦੇ 11-11 ਖਿਡਾਰੀ ਮੈਦਾਨ 'ਤੇ ਸਨ ਅਤੇ ਜ਼ਿਆਦਾ ਮੁਸ਼ਕਿਲ ਉਸ ਸਮੇਂ ਹੋਈ ਜਦੋਂ ਅਰਜਨਟੀਨਾ ਦੇ 10 ਖਿਡਾਰੀ ਹੀ ਰਹਿ ਗਏ, ਕਿਉਂਕਿ ਐਂਜ਼ੋ ਫਰਨਾਂਡੇਜ਼ ਨੇ ਦੂਜਾ ਫਾਊਲ ਕਰ ਦਿੱਤਾ ਸੀ ਤੇ ਰੈਫਰੀ ਕੋਲ ਉਸ ਨੂੰ ਬੈਂਚ 'ਤੇ ਬਿਠਾਉਣ ਤੋਂ ਇਲਾਵਾ ਹੋਰ ਕੋਈ ਬਦਲ ਨਾ ਰਿਹਾ। ਸਪੇਨ ਇਕਲੌਤਾ ਅਜਿਹਾ ਦੇਸ਼ ਹੈ, ਜਿਸ ਨੇ ਦੋ ਵਾਰ ਇਹ ਕਮਾਲ ਕੀਤਾ ਕਿ ਯੂਰਪੀ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਫਿਰ ਵਿਸ਼ਵ ਕੱਪ ਵੀ ਜਿੱਤਿਆ। ਉਸ ਨੇ ਇਹ ਕਾਰਨਾਮਾ ਪਹਿਲਾਂ 2008-2010 ਵਿਚ ਕੀਤਾ ਅਤੇ ਹੁਣ 2024-2026 ਵਿਚ ਕੀਤਾ ਹੈ। ਸਪੇਨ ਪੂਰੇ ਟੂਰਨਾਮੈਂਟ ਵਿਚ ਸਿਰਫ਼ ਇਕ ਗੋਲ ਖਾਣ ਵਾਲਾ ਪਹਿਲਾ ਵਿਸ਼ਵ ਕੱਪ ਚੈਂਪੀਅਨ ਹੈ, ਇਸ ਲਈ ਇਸ ਦੇ ਗੋਲਕੀਪਰ ਉਨੈ ਸਾਈਮਨ ਨੂੰ 'ਗੋਲਡਨ ਗਲੱਵ' ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ 'ਗੋਲਡਨ ਬਾਲ' ਸਪੇਨ ਦੇ ਰੌਡਰੀ ਨੂੰ ਮਿਲੀ ਹੈ। ਸਰਬੋਤਮ ਖਿਡਾਰੀ ਦਾ ਖ਼ਿਤਾਬ ਵੀ ਸਪੇਨ ਦੇ ਪਾਵ ਕਬਰਸੀ ਨੂੰ ਮਿਲਿਆ ਅਤੇ 'ਫੇਅਰ ਪਲੇਅ' ਪੁਰਸਕਾਰ ਨੀਦਰਲੈਂਡ ਨੂੰ ਮਿਲਿਆ। ਤਿੰਨ ਪ੍ਰਮੁੱਖ ਮੁਕਾਬਲੇ ਕੋਪਾ ਅਮੇਰੀਕਾਸ (2021 ਤੇ 2024) ਅਤੇ ਵਿਸ਼ਵ ਕੱਪ 2024 ਲਗਾਤਾਰ ਜਿੱਤਣ ਤੋਂ ਬਾਅਦ ਮੈਸੀ ਦੀ ਅਰਜਨਟੀਨਾ ਚੌਥੇ ਖ਼ਿਤਾਬ ਤੋਂ ਖੁੰਝ ਗਈ, ਖਾਸ ਕਰਕੇ ਇਸ ਲਈ ਕਿ 8 ਵਾਰ ਬੈਲੋਨ ਡੀ'ਓਰ ਜਿੱਤਣ ਵਾਲੇ 39 ਸਾਲਾਂ ਦਾ ਮੈਸੀ, ਜਿਸ ਨੇ ਇਸ ਟੂੁਰਨਾਮੈਂਟ 'ਚ 8 ਗੋਲ ਤੇ 4 ਵਿਚ ਸਹਾਇਕ ਬਣਿਆ, ਨੂੰ ਫਾਈਨਲ 'ਚ ਬਹੁਤ ਮੁਸ਼ਕਿਲ ਨਾਲ ਹੀ ਫੁੱਟਬਾਲ ਨੂੰ ਹਿੱਟ ਕਰਨ ਦਾ ਮੌਕਾ ਮਿਲਿਆ, ਕਿਉਂਕਿ ਸਪੇਨ ਦਾ ਦਬਦਬਾ ਹੀ ਕੁਝ ਅਜਿਹਾ ਸੀ। ਪੂਰੇ ਫਾਈਨਲ ਵਿਚ ਮੈਸੀ ਕਦੇ ਵੀ ਅਜਿਹਾ ਨਹੀਂ ਲੱਗਿਆ ਕਿ ਉਹ ਅਰਜਨਟੀਨਾ ਲਈ ਖ਼ਿਤਾਬ ਬਰਕਰਾਰ ਰੱਖਣ 'ਚ ਕਾਮਯਾਬ ਹੋ ਜਾਵੇਗਾ। ਜਿਵੇਂ ਸੈਮੀਫਾਈਨਲ ਵਿਚ ਸਪੇਨ ਨੇ ਐਮਬਾਪੇ ਨੂੰ ਸਫਲ ਨਹੀਂ ਹੋਣ ਦਿੱਤਾ, ਉਵੇਂ ਹੀ ਫਾਈਨਲ ਵਿਚ ਇਸ ਨੇ ਮੈਸੀ ਨੂੰ ਬੇਬਸ ਕਰੀ ਰੱਖਿਆ। ਟੂਰਨਾਮੈਂਟ ਵਿਚ 10 ਗੋਲ ਤੇ ਚਾਰਾਂ ਵਿਚ ਸਹਾਇਕ ਬਣਨ 'ਤੇ ਉਸ ਨੂੰ 'ਗੋਲਡਨ ਬੂਟ' ਨਾਲ ਸਨਮਾਨਿਤ ਕੀਤਾ ਗਿਆ। ਐਮਬਾਪੇ ਨੇ 2022 'ਚ ਇਹ ਪੁਰਸਕਾਰ ਪ੍ਰਾਪਤ ਕੀਤਾ ਸੀ ਤੇ ਹੁਣ ਉਹ ਇਹ ਸਨਮਾਨ ਹਾਸਿਲ ਕਰਨ ਵਾਲਾ ਵਿਸ਼ਵ ਦਾ ਇਕਲੌਤਾ ਖਿਡਾਰੀ ਬਣ ਗਿਆ ਹੈ। ਫਾਈਨਲ ਮਗਰੋਂ ਮੈਸੀ ਦੀਆਂ ਅੱਖਾਂ 'ਚ ਹੰਝੂ ਵੀ ਆਏ, ਸ਼ਾਇਦ ਇਸ ਲਈ ਕਿ ਇਹ ਉਸ ਦਾ ਆਖਰੀ ਮੈਚ ਸੀ।
ਇਸ ਜਿੱਤ ਨੇ ਸਪੇਨ ਦੇ ਕੋਚ ਲੁਈ ਡੇ ਲਾ ਨੂੰ ਇਹ ਸਿਹਰਾ ਦਿੱਤਾ ਕਿ ਉਸ ਨੇ ਸਭ ਤੋਂ ਵੱਡੀ ਉਮਰ ਵਿਚ ਆਪਣੀ ਟੀਮ ਨੂੰ ਵਿਸ਼ਵ ਕੱਪ ਦਾ ਖ਼ਿਤਾਬ ਦਿਵਾਇਆ। ਉਹ 65 ਸਾਲਾਂ ਦੇ ਹਨ। ਜਦੋਂ ਅਰਜਨਟੀਨਾ ਦੇ ਖਿਡਾਰੀ ਰਨਰਅਪ ਦੇ ਤਗਮੇ ਲੈਣ ਮੰਚ 'ਤੇ ਜਾ ਰਹੇ ਸਨ ਤਾਂ ਸਪੇਨ ਦੇ ਖਿਡਾਰੀ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਨਮਾਨ ਕੀਤਾ। ਜਿੱਥੇ 39 ਸਾਲਾਂ ਦਾ ਮੈਸੀ ਆਪਣਾ ਛੇਵਾਂ ਵਿਸ਼ਵ ਕੱਪ ਖੇਡ ਰਿਹਾ ਸੀ, ਉੱਥੇ ਹੀ 19 ਸਾਲ ਦਾ ਲਾਮਿਨ ਯਾਮਲ ਆਪਣੇ ਪਹਿਲੇ ਵਿਸ਼ਵ ਕੱਪ 'ਚ ਖੇਡ ਰਿਹਾ ਸੀ। ਦੋਵਾਂ ਖਿਡਾਰੀਆਂ ਦੀ ਉਮਰ 'ਚ 20 ਸਾਲ ਦਾ ਫ਼ਰਕ ਹੈ, ਜਿਸ ਨੂੰ ਵੱਧ ਦਿਲਚਸਪ ਇਕ 20 ਸਾਲ ਪੁਰਾਣੀ ਤਸਵੀਰ ਨੇ ਵੀ ਬਣਾਇਆ, ਜਿਸ ਵਿਚ 5 ਮਹੀਨੇ ਦੇ ਯਾਮਲ ਮੈਸੀ ਦੀਆਂ ਬਾਹਾਂ 'ਚ ਹੈ।
-(ਲੇਖਕ ਸੀਨੀਅਰ ਪੱਤਰਕਾਰ ਹਨ।)
ਇਮੇਜ ਰਿਫਲੈਕਸ਼ਨ ਸੈਂਟਰ
ਫੁੱਟਬਾਲ ਦੀ ਦੁਨੀਆ 'ਤੇ ਹੁਣ ਸਪੇਨ ਦੀ ਸਲਤਨਤ
ਅਜੀਤ ਡੈਸਕ
21-07-2026