ਅਜਿਹੇ ਸਮੇਂ ਜਦੋਂ ਖੇਡ ਪ੍ਰੇਮੀ ਫੁੱਟਬਾਲ ਵਿਸ਼ਵ ਕੱਪ 'ਤੇ ਕੇਂਦ੍ਰਿਤ ਹਨ ਅਤੇ ਇਸ ਤੱਥ ਤੋਂ ਨਿਰਾਸ਼ ਹਨ ਕਿ ਟੀ-20 ਵਿਸ਼ਵ ਚੈਂਪੀਅਨ ਭਾਰਤ ਆਇਰਲੈਂਡ ਤੋਂ 0-2 ਅਤੇ ਇੰਗਲੈਂਡ ਤੋਂ 0-4 ਨਾਲ ਸੀਰੀਜ਼ ਹਾਰ ਗਿਆ, ਉਸੇ ਸਮੇਂ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਨੇ ਲਾਰਡਜ਼ ਵਿਖੇ ਸ਼ਕਤੀਸ਼ਾਲੀ ਮੇਜ਼ਬਾਨ ਇੰਗਲੈਂਡ 'ਤੇ 270 ਦੌੜਾਂ ਦੀ ਇਤਿਹਾਸਕ ਤੇ ਪ੍ਰਭਾਵਸ਼ਾਲੀ ਟੈਸਟ ਜਿੱਤ ਦਰਜ ਕਰਕੇ ਸਾਰਿਆਂ ਨੂੰ ਖੁਸ਼ ਕਰ ਦਿੱਤਾ। ਇਹ ਦੋਵੇਂ ਟੀਮਾਂ ਕ੍ਰਿਕਟ ਦੇ ਮੱਕਾ ਲਾਰਡਜ਼ ਵਿਚ ਹੁਣ ਤੱਕ ਦਾ ਪਹਿਲਾ ਮਹਿਲਾ ਟੈਸਟ ਖੇਡ ਰਹੀਆਂ ਸਨ, ਜਿੱਥੇ ਭਾਰਤੀ ਪੁਰਸ਼ਾਂ ਨੂੰ 11 ਵਾਰ ਦੇ ਯਤਨਾਂ ਵਿਚ ਆਪਣਾ ਪਹਿਲਾ ਟੈਸਟ ਜਿੱਤਣ ਲਈ 54 ਸਾਲ ਲੱਗੇ ਸਨ ਕਿਉਂਕਿ ਭਾਰਤ ਨੇ ਲਾਰਡਜ਼ ਵਿਚ ਆਪਣਾ ਪਹਿਲਾ ਟੈਸਟ 1932 'ਚ ਖੇਡਿਆ ਸੀ, ਜਦਕਿ ਇਸ ਮੈਦਾਨ 'ਤੇ ਇਸ ਨੂੰ ਪਹਿਲੀ ਸਫਲਤਾ 1986 'ਚ ਕਪਿਲ ਦੇਵ ਦੀ ਅਗਵਾਈ ਵਿਚ ਮਿਲੀ ਸੀ। ਜ਼ਿਕਰਯੋਗ ਹੈ ਕਿ ਲਾਰਡਜ਼ ਵਿਖੇ ਪਹਿਲਾ ਟੈਸਟ 1884 'ਚ ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ ਹੋਇਆ ਸੀ, ਭਾਵ ਔਰਤਾਂ ਨੂੰ ਆਖਰਕਾਰ 142 ਸਾਲਾਂ ਬਾਅਦ ਲਾਰਡਜ਼ ਵਿਖੇ ਟੈਸਟ ਖੇਡਣ ਦਾ ਮੌਕਾ ਮਿਲਿਆ। ਇਹ ਜਿੱਤ ਇਸ ਲਈ ਵੀ ਖਾਸ ਹੈ ਕਿ ਇਹ ਭਾਰਤ 'ਚ ਮਹਿਲਾ ਟੈਸਟ ਕ੍ਰਿਕਟ ਦੇ 50ਵੇਂ ਸਾਲ ਵਿਚ ਆਈ ਹੈ। ਭਾਰਤੀ ਮਹਿਲਾਵਾਂ ਨੇ 1976 'ਚ ਵੈਸਟਇੰਡੀਜ਼ ਵਿਰੁੱਧ ਆਪਣਾ ਪਹਿਲਾ ਟੈਸਟ ਖੇਡਿਆ ਸੀ। ਭਾਰਤ ਤੇ ਇੰਗਲੈਂਡ ਦੀਆਂ ਮਹਿਲਾਵਾਂ ਵਿਚਕਾਰ ਖੇਡੇ ਗਏ 16 ਟੈਸਟਾਂ 'ਚ ਭਾਰਤ ਦੀ ਇਹ ਚੌਥੀ ਜਿੱਤ ਸੀ, ਜਦਕਿ ਇੰਗਲੈਂਡ ਨੇ ਸਿਰਫ ਇਕ ਟੈਸਟ ਜਿੱਤਿਆ ਹੈ ਤੇ ਬਾਕੀ 11 ਡਰਾਅ ਹੋਏ ਹਨ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਪਹਿਲੀ ਪਾਰੀ 'ਚ 285 ਦੌੜਾਂ ਬਣਾਈਆਂ, ਜਿਸ 'ਚ ਸਮ੍ਰਿਤੀ ਮੰਧਾਨਾ (83), ਹਰਮਨਪ੍ਰੀਤ ਕੌਰ (58), ਦੀਪਤੀ ਸ਼ਰਮਾ (57) ਤੇ ਜੇਮੀਮਾ ਰੌਡਰਿਗਜ਼ (35) ਦਾ ਸ਼ਾਨਦਾਰ ਯੋਗਦਾਨ ਰਿਹਾ। ਇੰਗਲੈਂਡ ਆਪਣੀ ਪਹਿਲੀ ਪਾਰੀ 'ਚ ਸਿਰਫ਼ 170 ਦੌੜਾਂ ਹੀ ਬਣਾ ਸਕਿਆ ਕਿਉਂਕਿ ਕ੍ਰਾਂਤੀ ਗੌੜ ਨੇ ਤੇਜ਼ ਤੇ ਸਵਿੰਗ ਗੇਂਦਬਾਜ਼ੀ ਕਰਦਿਆਂ ਸਿਰਫ਼ 37 ਦੌੜਾਂ ਦੇ ਕੇ 5 ਵਿਕਟਾਂ ਲਈਆਂ ਤੇ ਆਪਣਾ ਨਾਂਅ ਲਾਰਡਜ਼ ਦੇ ਆਨਰਜ਼ ਬੋਰਡ 'ਤੇ ਦਰਜ ਕਰਾਇਆ। ਭਾਰਤ ਦੀ ਦੂਜੀ ਪਾਰੀ 'ਚ ਸਮ੍ਰਿਤੀ ਮੰਧਾਨਾ ਨੇ ਇਕ ਵਾਰ ਫਿਰ ਅਰਧ ਸੈਂਕੜਾ (70) ਬਣਾਇਆ, ਪਰ ਅਸਲ ਕਮਾਲ ਯਸਤਿਕਾ ਭਾਟੀਆ ਦਾ ਪਹਿਲਾ ਸੈਂਕੜਾ (113) ਤੇ ਰਿਚਾ ਘੋਸ਼ ਦੀਆਂ ਅਜੇਤੂ 50 ਦੌੜਾਂ ਸਨ, ਜਿਸ ਨਾਲ ਭਾਰਤ ਨੇ ਆਪਣੀ ਦੂਜੀ ਪਾਰੀ 7 ਵਿਕਟਾਂ 'ਤੇ 341 ਦੌੜਾਂ 'ਤੇ ਐਲਾਨ ਦਿੱਤੀ। ਇੰਗਲੈਂਡ ਦੇ ਸਾਹਮਣੇ ਹੁਣ 457 ਦੌੜਾਂ ਦੇ ਵਿਸ਼ਾਲ ਟੀਚਾ ਸੀ ਅਤੇ ਉਹ ਮੈਚ ਦੇ ਚੌਥੇ ਦਿਨ ਸਿਰਫ਼ 186 ਦੌੜਾਂ 'ਤੇ ਪੂਰੀ ਟੀਮ ਢੇਰ ਹੋ ਗਈ। ਇਸ ਵਾਰ ਭਾਰਤ ਦੀ ਸਨੇਹ ਰਾਣਾ ਨੇ 42 ਦੌੜਾਂ ਦੇ ਕੇ 4 ਵਿਕਟਾਂ ਲਈਆਂ ਅਤੇ ਭਾਰਤ ਨੇ 270 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਯਾਸਤਿਕਾ ਭਾਟੀਆ ਲਾਰਡਜ਼ ਵਿਚ ਟੈਸਟ ਸੈਂਕੜਾ ਲਾਉਣ ਵਾਲੀ ਪਹਿਲੀ ਮਹਿਲਾ ਬੱਲੇਬਾਜ਼ ਹੈ। 1 ਨਵੰਬਰ 2000 ਨੂੰ ਬੜੌਦਾ 'ਚ ਜਨਮੀ ਯਾਸਤਿਕਾ ਹਮੇਸ਼ਾ ਅਥਲੀਟ ਸੀ। ਉਹ ਜ਼ਿਲ੍ਹਾ ਪੱਧਰੀ ਬੈਡਮਿੰਟਨ ਖਿਡਾਰੀ, ਤੈਰਾਕ ਤੇ ਕਰਾਟੇ ਵਿਚ ਬਲੈਕ ਬੈਲਟ ਰਹੀ ਹੈ। ਇਤਿਹਾਸਕ ਸੈਂਕੜੇ ਦੇ ਬਾਵਜੂਦ ਯਾਸਤਿਕਾ 'ਪਲੇਅਰ ਆਫ ਦਿ ਮੈਚ' ਤੋਂ ਵਾਂਝੀ ਰਹੀ ਕਿਉਂਕਿ ਇਹ ਸਿਹਰਾ ਕ੍ਰਾਂਤੀ ਗੌੜ ਨੂੰ ਮਿਲਿਆ, ਜੋ ਸੱਚਮੁੱਚ ਇਸ ਦੀ ਹੱਕਦਾਰ ਸੀ।
ਇਹ ਇਕ ਇਤਫ਼ਾਕ ਹੀ ਹੈ ਕਿ ਭਾਰਤ ਦੀ ਜਿੱਤ 13 ਜੁਲਾਈ ਨੂੰ ਹੋਈ, ਇਹ ਤਰੀਕ ਭਾਰਤੀ ਕ੍ਰਿਕਟ ਲੋਕਧਾਰਾ ਦਾ ਹਿੱਸਾ ਹੈ। ਪੂਰੇ 24 ਸਾਲ ਪਹਿਲਾਂ ਇਸੇ ਤਰੀਕ ਨੂੰ ਲਾਰਡਜ਼ ਵਿਚ ਮੁਹੰਮਦ ਕੈਫ (ਅਜੇਤੂ 87) ਤੇ ਯੁਵਰਾਜ ਸਿੰਘ (69) ਨੇ ਨੈਟਵੈਸਟ ਸੀਰੀਜ਼ ਫਾਈਨਲ ਵਿਚ ਭਾਰਤ ਨੂੰ ਇੰਗਲੈਂਡ ਖ਼ਿਲਾਫ਼ ਇਕ ਯਾਦਗਾਰੀ ਜਿੱਤ ਦਿਵਾਈ ਸੀ ਤੇ ਉਦੋਂ ਉਸ ਸਮੇਂ ਦੇ ਕਪਤਾਨ ਸੌਰਵ ਗਾਂਗੁਲੀ ਨੇ ਆਪਣੀ ਸ਼ਰਟ ਉਤਾਰ ਕੇ ਲਾਰਡਜ਼ ਦੇ ਪੈਵੇਲੀਅਨ ਬਾਲਕੋਨੀ 'ਚ ਜਸ਼ਨ ਮਨਾਇਆ ਸੀ। -ਇਮੇਜ ਰਿਫਲੈਕਸ਼ਨ ਸੈਂਟਰ
ਭਾਰਤੀ ਖਿਡਾਰਨਾਂ ਨੇ ਲਾਰਡਜ਼ ਵਿਚ ਰਚਿਆ ਇਤਿਹਾਸ
ਅਜੀਤ ਡੈਸਕ
21-07-2026