25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਲੜੀਵਾਰ ਬਾਲ ਨਾਵਲ-17 ਪਾਣੀ-ਪਿਤਾ

ਅਜੀਤ ਡੈਸਕ 02-05-2026

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਇਹ ਚਿੱਤਰ ਬਣਾਉਣ ਵਾਲਾ ਵਿਦਿਆਰਥੀ ਸੀ ਸਿਮਰਨ। ਮੈਡਮ ਗੁਰਪ੍ਰੀਤ ਕੌਰ ਨੇ ਸਾਰੀ ਜਮਾਤ ਨੂੰ ਉਹ ਚਿੱਤਰ ਦਿਖਾਇਆ। ਫਿਰ ਉਨ੍ਹਾਂ ਨੇ ਆਪਣੇ ਪਰਸ ਵਿਚੋਂ ਇਕ ਨਵਾਂ-ਨਕੋਰ ਪੈੱਨ ਕੱਢ ਕੇ ਸਿਮਰਨ ਨੂੰ ਇਨਾਮ ਵਿਚ ਦੇ ਦਿੱਤਾ। ਇਹ ਪੈੱਨ ਉਹ ਕੱਲ੍ਹ ਹੀ ਕਿਤਾਬਾਂ ਵਾਲੇ ਬਾਜ਼ਾਰ ਵਿਚੋਂ ਖ਼ਰੀਦ ਕੇ ਲਿਆਏ ਸਨ।
ਸਿਮਰਨ ਦੇ ਚਿਹਰੇ 'ਤੇ ਮੁਸਕਾਨ ਛਾ ਗਈ।
ਘਰ ਆ ਕੇ ਉਸ ਨੇ ਮੰਮੀ-ਪਾਪਾ ਤੇ ਨਾਨੀ ਜੀ ਨਾਲ ਵੀ ਇਹ ਗੱਲ ਸਾਂਝੀ ਕੀਤੀ। ਨਾਨੀ ਜੀ ਕਹਿਣ ਲੱਗੇ, 'ਸ਼ਾਬਾਸ਼ ਬੇਟਾ, ਮਿਹਨਤ ਦਾ ਲੜ ਨਾ ਛੱਡਣਾ। ਸਮਾਜ ਨੂੰ ਇਸੇ ਤਰ੍ਹਾਂ ਦੇ ਸੋਹਣੇ-ਸੋਹਣੇ ਸੰਦੇਸ਼ ਦਿੰਦੇ ਰਹਿਣਾ। ਹੋ ਸਕਦੈ, ਸਵੇਰ ਦਾ ਭੁੱਲਿਆ ਬੰਦਾ ਸ਼ਾਮੀ ਘਰ ਪਰਤ ਹੀ ਆਵੇ।'
ਸਿਮਰਨ ਨਾਨੀ ਜੀ ਦਾ ਇਸ਼ਾਰਾ ਸਮਝ ਚੁੱਕਾ ਸੀ।
ਨਾਨਾ-ਨਾਨੀ ਜੀ ਨੂੰ ਪੰਜ ਛੁੱਟੀਆਂ ਇਕੱਠੀਆਂ ਆ ਰਹੀਆਂ ਸਨ। ਇਨ੍ਹਾਂ ਪੰਜਾਂ ਛੁੱਟੀਆਂ ਵਿਚ ਨਾਨਾ-ਨਾਨੀ ਜੀ ਸਿਮਰਨ ਹੁਰਾਂ ਕੋਲ ਆ ਰਹੇ ਸਨ।
ਇਕ ਦਿਨ ਸਵੇਰੇ-ਸਵੇਰੇ ਨਾਨਾ-ਨਾਨੀ ਜੀ ਖੇਤਾਂ ਵੱਲ ਸੈਰ ਕਰਨ ਲਈ ਨਿਕਲੇ। ਸਿਮਰਨ ਵੀ ਉਨ੍ਹਾਂ ਨਾਲ ਹੀ ਸੀ। ਨਾਨੀ ਜੀ ਨੇ ਵੇਖਿਆ, ਪਿੰਡੋਂ ਬਾਹਰ ਇਕ ਵੱਡਾ ਤਲਾਅ ਸੁੱਕਦਾ ਹੋਇਆ ਇਕ ਛੱਪੜ ਵਿਚ ਬਦਲ ਚੁੱਕਾ ਸੀ।
ਉਸ ਸੁਕਦੇ ਜਾ ਰਹੇ ਤਲਾਅ ਕੋਲੋਂ ਲੰਘਦਿਆਂ ਨਾਨੀ ਜੀ ਨੇ ਸਿਮਰਨ ਨੂੰ ਪੁੱਛਿਆ, 'ਸਿਮਰਨ, ਕੀ ਤੂੰ ਇਹ ਦੱਸ ਸਕਦੈਂ ਕਿ ਇਹ ਤਲਾਅ ਕਿਉਂ ਸੁੱਕ ਰਿਹੈ?'
ਸਿਮਰਨ ਬੋਲਿਆ, 'ਇਹ ਤਾਂ ਸਾਡੇ ਰੂਪਿੰਦਰ ਮੈਡਮ ਨੇ ਤੀਜੀ ਚੌਥੀ ਜਮਾਤ ਵਿਚ ਈ ਪੜ੍ਹਾਇਆ ਸੀ ਕਿ ਗਰਮੀ ਦੀ ਰੁੱਤੇ ਪਾਣੀ ਵਾਸ਼ਪ ਬਣ ਕੇ ਉਪਰ ਉਡ ਜਾਂਦਾ ਏ ਤੇ ਬੱਦਲਾਂ ਦਾ ਰੂਪ ਧਾਰਨ ਕਰ ਲੈਂਦਾ ਏ। ਫਿਰ ਉਹੀ ਬੱਦਲ ਮੀਂਹ ਦਾ ਰੂਪ ਧਾਰ ਕੇ ਵਰ੍ਹ ਜਾਂਦੇ ਨੇ। ਫੇਰ ਉਹੀ ਸਾਈਕਲ ਚਲਦਾ ਰਹਿੰਦੈ...।'
'ਠੀਕ ਏ ਪਰ ਇਸ ਵੱਡੇ ਤਲਾਅ ਦੇ ਸੁੱਕਣ ਦਾ ਇਕ ਕਾਰਨ ਇਹ ਵੀ ਏ ਕਿ ਇਸ ਤਲਾਅ ਦੀ ਸਤ੍ਹਾ ਦੀ ਸਫ਼ਾਈ ਕਰਨ ਦਾ ਕਿਸੇ ਕੋਲ ਸਮਾਂ ਨਹੀਂ। ਸਫ਼ਾਈ ਨਾ ਹੋਣ ਕਾਰਨ ਤਲਾਅ ਦੀ ਸਤ੍ਹਾ ਸਖ਼ਤ ਹੋ ਜਾਂਦੀ ਏ ਜਿਸ ਕਾਰਨ ਤਲਾਅ ਵਿਚਲਾ ਪਾਣੀ ਧਰਤੀ ਵਿਚ ਰੀਚਾਰਜ ਨਹੀਂ ਹੁੰਦਾ। ਜੇ ਇਨ੍ਹਾਂ ਦੀ ਸਮੇਂ ਸਮੇਂ ਤੇ ਸਫ਼ਾਈ ਹੁੰਦੀ ਰਹੇ ਤਾਂ ਧਰਤੀ ਵਿਚ ਘੱਟੋ ਘੱਟ 6 ਸੈਂਟੀਮੀਟਰ ਪਾਣੀ ਜਾਣ ਤੋਂ ਰੋਕਿਆ ਜਾ ਸਕਦਾ ਏ।'
ਇਉਂ ਉਹ ਗੱਲਾਂ ਕਰਦੇ-ਕਰਦੇ ਸੈਰ ਕਰਕੇ ਘਰ ਨੂੰ ਮੁੜ ਆਏ।
ਚਾਣਚੱਕ ਸਿਮਰਨ ਨੂੰ ਕੁਝ ਯਾਦ ਆਇਆ। ਉਸ ਨੇ ਨਾਨੀ ਜੀ ਨੂੰ ਕਿਹਾ, 'ਨਾਨੀ ਜੀ, ਮੈਂ ਕੁਝ ਦਿਨ ਪਹਿਲਾਂ ਆਪਣੇ ਸਕੂਲ ਦੀ ਲਾਇਬ੍ਰੇਰੀ ਵਿਚ ਅਖ਼ਬਾਰ ਵਿਚ ਇਕ ਖ਼ਬਰ ਪੜ੍ਹ ਰਿਹਾ ਸੀ। ਉਸ ਖ਼ਬਰ ਵਿਚ ਲਿਖਿਆ ਸੀ ਕਿ ਪੰਜਾਬ ਪ੍ਰਾਂਤ ਆਉਣ ਵਾਲੇ ਕੁਝ ਸਾਲਾਂ ਵਿਚ ਰੇਗਿਸਤਾਨ ਬਣ ਜਾਏਗਾ। ਕੀ ਸੱਚਮੁਚ ਏਦਾਂ ਹੋ ਸਕਦਾ ਏ?'

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
ਮੋਬਾ.: 98144-23703

ਪਿਛਲੀ ਖ਼ਬਰ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ 'ਚ ਲੋਕ ਅਰਪਣ ਹੋਵੇਗੀ ਬਾਲ ਲੇਖਕਾਂ ਦੀ ਕਿਤਾਬ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੰਗਸਰ ਜੈਤੋ ਵਿਖੇ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।