ਬੱਚਿਓ, ਪਿਆਸ ਸਾਡੇ ਸਰੀਰ ਵਿਚ ਪਾਣੀ ਦੇ ਸੰਤੁਲਨ ਨੂੰ ਬਣਾਈ ਰੱਖਣ ਵਿਚ ਅਹਿਮ ਯੋਗਦਾਨ ਨਿਭਾਉਂਦੀ ਹੈ। ਪਰ ਸਾਨੂੰ ਪਿਆਸ ਲਗਦੀ ਕਿਉਂ ਹੈ। ਆਓ ਇਸ ਬਾਰੇ ਡੁੰਘਾਈ ਨਾਲ ਜਾਣਦੇ ਹਾਂ। ਬੱਚਿਓ, ਸਾਡੇ ਸਰੀਰ ਦਾ ਲਗਭਗ 60 ਫ਼ੀਸਦੀ ਭਾਗ ਪਾਣੀ ਦਾ ਬਣਿਆ ਹੋਇਆ ਹੈ। ਪਾਣੀ ਸਰੀਰ ਵਿਚ ਪੋਸ਼ਟਿਕ ਤੱਤਾਂ ਦੀ ਢੋਆ ਢੁਆਈ, ਤਾਪਮਾਨ ਨੂੰ ਨਿਯੰਤਰਨ ਕਰਨਾ, ਫੋਕਟ ਪਦਾਰਥਾਂ ਦਾ ਨਿਕਾਸ ਕਰਨਾ, ਜੋੜਾਂ ਦੀ ਲੂਬਰੀਕੇਸ਼ਨ ਆਦਿ ਵਰਗੀਆਂ ਮਹੱਤਵਪੂਰਨ ਕਿਰਿਆਵਾਂ ਨੂੰ ਨਿਭਾਉਂਦਾ ਹੈ। ਸਾਨੂੰ ਪਿਆਸ ਮੁੱਖ ਤੌਰ 'ਤੇ ਉਦੋਂ ਲਗਦੀ ਹੈ ਜਦੋਂ ਸਾਡੇ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਜਿਸ ਨੂੰ ਡੀਹਾਈਡਰੇਸ਼ਨ (ਨਿਰਜਲੀ ਕਰਨ) ਕਿਹਾ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਖੂਨ ਵਿਚ ਪਾਣੀ ਅਤੇ ਨਮਕ ਹਮੇਸ਼ਾ ਮੌਜੂਦ ਰਹਿੰਦੇ ਹਨ। ਆਮ ਸਥਿਤੀ ਵਿਚ ਇਨ੍ਹਾਂ ਦੋਵਾਂ ਦਾ ਖੂਨ ਵਿਚ ਅਨੁਪਾਤ ਬਰਾਬਰ ਹੁੰਦਾ ਹੈ। ਜੇਕਰ ਕਿਸੇ ਕਾਰਨ ਖੂਨ ਵਿਚ ਪਾਣੀ ਦੀ ਮਾਤਰਾ ਘੱਟ ਹੋ ਜਾਵੇ ਜਾਂ ਇਨ੍ਹਾਂ ਦੋਵਾਂ ਦਾ ਅਨੁਪਾਤ ਬਦਲ ਜਾਵੇ ਤਾਂ ਇਸ ਸਥਿਤੀ ਵਿਚ ਸਾਡੇ ਦਿਮਾਗ ਵਿਚਲਾ ਪਿਆਸ ਦਾ ਕੇਂਦਰ (ਥਰਸਟ ਸੈਂਟਰ) ਗਲੇ ਨੂੰ ਸੰਕੇਤ ਭੇਜਦਾ ਹੈ। ਇਸ ਦੇ ਸਿੱਟੇ ਵਜੋਂ ਗਲਾ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ। ਇਸ ਸੁੰਗੜਨ ਦੇ ਕਾਰਨ ਗਲਾ ਸੁੱਕ ਜਾਂਦਾ ਹੈ ਅਤੇ ਪਿਆਸ ਲੱਗ ਜਾਂਦੀ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜਦੋਂ ਸਾਡੇ ਸਰੀਰ ਵਿਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਖੂਨ ਵਿਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਖੂਨ ਦਾ ਆਇਤਨ ਘਟ ਜਾਂਦਾ ਹੈ ਇਹ ਬਦਲਾਅ ਦਿਮਾਗ ਦੇ ਇਕ ਹਿੱਸੇ ਜਿਸ ਨੂੰ ਹਾਇਪੋਥੈਲਮਸ ਕਿਹਾ ਜਾਂਦਾ ਹੈ ਦੁਆਰਾ ਮਹਿਸੂਸ ਕੀਤਾ ਜਾਂਦਾ ਹੈ। ਹਾਈਪੋਥੈਲਮਸ ਵਿਚ ਵਿਸ਼ੇਸ਼ ਸੈੱਲ ਹੁੰਦੇ ਹਨ ਜਿਨਾਂ ਨੂੰ ਆਸਮੂ ਰਿਸੈਪਟਰ ਕਿਹਾ ਜਾਂਦਾ ਹੈ ਇਹ ਸੈੱਲ ਸਾਡੇ ਖੂਨ ਵਿਚ ਲੂਣ ਅਤੇ ਪਾਣੀ ਦੇ ਸੰਤੁਲਨ ਦੀ ਨਿਗਰਾਨੀ ਕਰਦੇ ਹਨ ਜਦੋਂ ਵੀ ਖੂਨ ਵਿਚ ਲੂਣ ਦੀ ਮਾਤਰਾ ਵੱਧ ਜਾਂਦੀ ਹੈ ਜਾਂ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਤਾਂ ਇਹ ਸੈੱਲ ਸਰਗਰਮ ਹੋ ਜਾਂਦੇ ਹਨ ਅਤੇ ਪਿਆਸ ਦੀ ਭਾਵਨਾ ਨੂੰ ਉਤੇਜਿਤ ਕਰਦੇ ਹਨ ਤੇ ਸਾਨੂੰ ਪਾਣੀ ਪੀਣ ਲਈ ਸੰਕੇਤ ਭੇਜਦੇ ਹਨ। ਇਸ ਦੇ ਨਾਲ ਹੀ ਹਾਈਪੋਥੈਲਮਸ ਗ੍ਰੰਥੀ ਵਿਚੋਂ ਐਂਟੀਡਾਇਯੁਰੈਟਿਕ ਹਾਰਮੋਨ ਵੀ ਨਿਕਲਦਾ ਹੈ ਜੋ ਗੁਰਦਿਆਂ ਨੂੰ ਪਾਣੀ ਨੂੰ ਸੁਰੱਖਿਅਤ ਰੱਖਣ ਦਾ ਸੰਕੇਤ ਦਿੰਦਾ ਹੈ ਤਾਂ ਜੋ ਪਿਸ਼ਾਬ ਘੱਟ ਬਣੇ ਅਤੇ ਸਰੀਰ ਵਿਚ ਪਾਣੀ ਦਾ ਨਿਕਾਸ ਘੱਟ ਹੋਵੇ। ਅੰਤ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਪਿਆਸ ਸਾਡੇ ਸਰੀਰ ਦਾ ਇਕ ਮਹੱਤਵਪੂਰਨ ਸੰਕੇਤ ਹੈ ਜੋ ਸਾਨੂੰ ਹਾਈਡਰੇਟਿਡ ਰਹਿਣ ਅਤੇ ਸਿਹਤਮੰਦ ਰਹਿਣ ਲਈ ਪ੍ਰੇਰਿਤ ਕਰਦਾ ਹੈ। ਇਸ ਲਈ ਜਦੋਂ ਵੀ ਪਿਆਸ ਮਹਿਸੂਸ ਹੋਵੇ ਪਾਣੀ ਜ਼ਰੂਰ ਪੀਓ।
(ਲੈਕਚਰਾਰ ਕੈਮਿਸਟਰੀ) , ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੱਗੋਬੂਆ ਜ਼ਿਲ੍ਹਾ ਤਰਨ ਤਾਰਨ।