ਪਿਆਰੇ ਬੱਚਿਓ, ਜ਼ਿੰਦਗੀ ਵਿਚ ਜਿੱਥੇ ਆਮ ਲੋਕਾਂ ਨੂੰ ਰੋਜ਼ਾਨਾ ਹੀ ਅਨੇਕਾਂ ਮੁਸ਼ਕਿਲ ਹਾਲਾਤਾਂ ਵਿਚੋਂ ਲੰਘਣਾ ਪੈਂਦਾ ਹੈ, ਉਸੇ ਤਰ੍ਹਾਂ ਬੱਚਿਆਂ ਨੂੰ ਵੀ ਕਈ ਵਾਰ ਕਠਿਨ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਵਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਜਦੋਂ ਬੱਚਿਆਂ ਵਲੋਂ ਪੜ੍ਹਾਈ ਦੇ ਖੇਤਰ ਵਿਚ ਬਹੁਤ ਸਾਰੀ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਉਮੀਦ ਅਨੁਸਾਰ ਮਨਚਾਹੇ ਸਿੱਟੇ ਹਾਸਿਲ ਨਹੀਂ ਹੁੰਦੇ ਹਨ | ਅਜੋਕੇ ਗਲ਼ ਵੱਢ ਮੁਕਾਬਲੇ ਦੇ ਯੁੱਗ ਵਿਚ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਚੰਗੇ ਨਤੀਜੇ ਨਾ ਮਿਲਣ ਕਰਕੇ ਵੀ ਵਿਦਿਆਰਥੀਆਂ ਵਿਚ ਨਾਉਮੀਦੀ ਦੇ ਹਾਲਾਤ ਬਣ ਜਾਂਦੇ ਹਨ | ਯਾਦ ਰੱਖੋ ਮੁਕਾਬਲਾ ਪ੍ਰੀਖਿਆਵਾਂ ਵਿਚ ਮਿਲਦੀਆਂ ਅਸਫ਼ਲਤਾਵਾਂ ਲਈ ਇਕੱਲੇ ਵਿਦਿਆਰਥੀ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੁੰਦੇ ਹਨ | ਅਸਲ ਵਿਚ ਉਮੀਦਵਾਰਾਂ ਦੀ ਵੱਡੀ ਭਰਮਾਰ ਹੋਣ ਕਰਕੇ ਹਰੇਕ ਖੇਤਰ ਵਿਚ ਮੁਕਾਬਲਾ ਹੀ ਬਹੁਤ ਜ਼ਿਆਦਾ ਹੋ ਗਿਆ ਹੈ | ਇਸ ਸਭ ਦੇ ਬਾਵਜੂਦ ਬੱਚਿਆਂ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ | ਇਕ ਵਾਰ ਦੀ ਮਿਲਦੀ ਅਸਫਲਤਾ ਨੂੰ ਪਿੱਛੇ ਛੱਡ ਕੇ ਨਿਰਾਸ਼ ਹੋਣ ਦੀ ਬਜਾਏ ਭਵਿੱਖ ਦੇ ਇਮਤਿਹਾਨਾਂ ਲਈ ਆਸਵੰਦ ਰਹਿਣਾ ਚਾਹੀਦਾ ਹੈ | ਯਾਦ ਰੱਖੋ, 'ਹਰ ਸਿਆਹ ਕਾਲੀ ਹਨੇਰੀ ਰਾਤ ਮਗਰੋਂ ਚਿੱਟੇ ਦੁੱਧ ਵਰਗਾ ਦਿਨ ਚੜ੍ਹਦਾ ਹੀ ਚੜ੍ਹਦਾ ਹੈ', ਭਾਵ ਕਿ ਇਕ–ਦੋ ਵਾਰੀ ਦੀ ਅਸਫਲਤਾ ਪਿੱਛੋਂ ਸਫਲਤਾ ਮਿਲਦੀ ਹੀ ਹੈ ਜੇਕਰ ਅਸੀਂ ਸਖ਼ਤ ਮਿਹਨਤ ਲਗਾਤਾਰ ਜਾਰੀ ਰੱਖੀਏ | ਲੋੜ ਹੈ ਸਿਰਫ਼ ਸਬਰ ਦਾ ਪੱਲਾ ਫੜ੍ਹ ਕੇ ਅਗਲੀ ਸਫਲਤਾ ਲਈ ਨਿਸ਼ਚਾ ਕਰਨ ਅਤੇ ਪਹਿਲੇ ਨਾਲੋਂ ਵਧ ਮਿਹਨਤ ਕਰਨ ਦੀ | ਅੰਗਰੇਜ਼ੀ ਦੇ ਇਕ ਮਸ਼ਹੂਰ ਕਵੀ ਜੌਨ ਮਿਲਟਨ ਦੀ ਇਕ ਕਹਾਵਤ ਹੈ ਕਿ 'ਸਿਆਹ ਕਾਲੇ ਬੱਦਲਾਂ ਵਿਚ ਕਿਤੇ ਨਾ ਕਿਤੇ ਚਮਕਦਾਰ ਲੋਅ ਦੀ ਕਿਰਨ ਮੌਜੂਦ ਹੁੰਦੀ ਹੈ', ਲੋੜ ਹੁੰਦੀ ਹੈ ਉਸ ਨੂੰ ਪਛਾਣਨ ਦੀ | ਇਸ ਲਈ ਅਸਫਲਤਾ ਤੋਂ ਨਿਰਾਸ਼ ਹੋ ਕੇ ਨਾਂਹ-ਮੁਖੀ ਵਿਚਾਰ ਆਪਣੇ ਅੰਦਰ ਨਹੀਂ ਲਿਆਉਣੇ ਚਾਹੀਦੇ, ਸਗੋਂ ਪਹਿਲੇ ਨਾਲੋਂ ਵੱਧ ਉਤਸ਼ਾਹ ਨਾਲ ਮਿਹਨਤ ਕਰਕੇ ਅੱਗੇ ਵਧਣਾ ਚਾਹੀਦਾ ਹੈ | ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਵਿਦਿਆਰਥੀ ਜੀਵਨ ਦਾ ਸਮਾਂ ਅਸਲ ਵਿਚ ਤਪੱਸਿਆ, ਤਿਆਗ ਅਤੇ ਸਖ਼ਤ ਮਿਹਨਤ ਕਰਨ ਦਾ ਹੀ ਵਕਤ ਹੁੰਦਾ ਹੈ,ਇਸ ਲਈ ਹਰ ਦਿਨ ਨੂੰ ਨਵਾਂ ਦਿਨ ਸਮਝ ਕੇ ਪਿਛਲੇ ਦਿਨ ਨਾਲੋਂ ਵਧ ਮਿਹਨਤ ਕਰਨੀ ਚਾਹੀਦੀ ਹੈ | ਜਦੋਂ ਬੱਚੇ ਆਲੇ–ਦੁਆਲੇ ਦੇ ਐਸ਼ੋ–ਆਰਾਮ ਅਤੇ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਨੂੰ ਛੱਡ ਆਪਣਾ ਧਿਆਨ ਆਪਣੀ ਪੜ੍ਹਾਈ ਵੱਲ ਕੇਂਦਰਤ ਕਰਦੇ ਹਨ, ਇਹੋ ਹੀ ਉਨ੍ਹਾਂ ਦੇ ਤਿਆਗ ਨੂੰ ਦਰਸਾਉਂਦਾ ਹੈ | ਯਾਦ ਰੱਖੋ ਜਦੋਂ ਇਕ ਰਾਹ ਬੰਦ ਹੁੰਦਾ ਹੈ ਤਾਂ ਅਨੇਕਾਂ ਹੋਰ ਨਵੇਂ ਰਾਹ ਖੁੱਲ੍ਹ ਜਾਂਦੇ ਹਨ | ਚੇਤੇ ਰੱਖੋ ਕਦੇ ਵੀ ਜ਼ਿੰਦਗੀ ਤੋਂ ਨਿਰਾਸ਼ ਅਤੇ ਬੇਮੁੱਖ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਢਹਿੰਦੇ ਵਿਚਾਰਾਂ ਨੂੰ ਆਪਣੇ ਮਨ ਦੇ ਨੇੜੇ ਆਉਣ ਦੇਣਾ ਚਾਹੀਦੈ | ਬੱਚਿਆਂ ਵਿਚ ਨਿਰਾਸ਼ਾ ਪੈਦਾ ਕਰਨ ਲਈ ਹੋਰ ਵੀ ਕਈ ਕਾਰਨ ਹੁੰਦੇ ਹਨ ਜਿਵੇਂ ਘਰ ਵਿਚ ਰੁਪਏ-ਪੈਸੇ ਦੀ ਤੰਗੀ, ਮਾਂ-ਪਿਓ ਦੇ ਆਪਸੀ ਰਿਸ਼ਤਿਆਂ ਵਿਚ ਤਣਾਅ, ਮਾਂ-ਪਿਓ ਦਾ ਘੱਟ ਪੜ੍ਹੇ ਲਿਖੇ ਹੋਣਾ, ਪਰਿਵਾਰ ਵਲੋਂ ਨੈਤਿਕ–ਸਹਿਯੋਗ ਦੀ ਘਾਟ, ਸੱਜਣਾਂ-ਮਿੱਤਰਾਂ ਦਾ ਤੋੜ-ਵਿਛੋੜਾ ਜਾਂ ਆਲੇ-ਦੁਆਲੇ ਦੇ ਅਮੀਰ ਲੋਕਾਂ ਨੂੰ ਵੇਖ ਰਾਤੋ-ਰਾਤ ਅਮੀਰ ਬਣਨ ਦੀ ਤਾਂਘ ਆਦਿ | ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਬੱਚਿਆਂ ਨੂੰ ਜਦੋਂ ਕਦੀ ਵੀ ਮਾਨਸਿਕ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੋਵੇ ਤਾਂ ਉਨ੍ਹਾਂ ਨੂੰ ਜ਼ਰੂਰ ਹੀ ਆਪਣੇ ਵਿਚਾਰ ਆਪਣੇ ਮਾਂ-ਪਿਓ ਜਾਂ ਘਰ ਦੇ ਦੂਸਰੇ ਜੀਆਂ ਨਾਲ ਸਾਂਝੇ ਕਰਨੇ ਚਾਹੀਦੇ ਹਨ |
ਆਪਣੀ ਸੋਚ ਨੂੰ ਉਚੇਰੀ ਅਤੇ ਚੰਗੇਰੀ ਰੱਖਦਿਆਂ ਹੋਇਆਂ ਜ਼ਿੰਦਗੀ ਵਿਚ ਆਸ਼ਾਵਾਦੀ ਦਿ੍ਸ਼ਟੀਕੋਣ ਨੂੰ ਧਾਰਨ ਕਰਨਾ ਚਾਹੀਦਾ ਹੈ | ਹੋ ਸਕੇ ਤਾਂ ਘਰ ਦੇ ਜੀਆਂ ਨਾਲ ਧਾਰਮਿਕ ਜਾਂ ਹਾਸੇ–ਠੱਠੇ ਵਾਲੀਆਂ ਗੱਲਾਂਬਾਤਾਂ ਕਰੋ, ਜਿਸ ਨਾਲ ਮਾਨਸਿਕ ਤਣਾਅ ਘਟਦਾ ਹੈ ਅਤੇ ਭਾਵਨਾਤਮਕ ਪੱਖੋਂ ਮਜ਼ਬੂਤੀ ਮਿਲਦੀ ਹੈ | ਯਾਦ ਰੱਖੋ ਕੋਈ ਵੀ ਸਮੱਸਿਆ ਵੱਡੀ ਅਤੇ ਸਥਾਈ ਨਹੀਂ ਹੁੰਦੀ | ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਉਸਾਰੂ ਸੋਚ ਅਤੇ ਦਿ੍ੜ੍ਹ ਇਰਾਦੇ ਨਾਲ ਹੀ ਹਰ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ |
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ,ਬਟਾਲਾ |
ਮੋਬਾਈਲ : 62842-20595